ਪੁਲੀਸ ਭਰਤੀ ਦੌਰਾਨ ਨਾਮਾਤਰ ਡੋਪ ਟੈਸਟ ਕੇਸਾਂ ਨੇ ਪੰਜਾਬ ਨੂੰ ਨਸ਼ੇ ਦੇ ਮੁੱਦੇ ‘ਤੇ ਬਦਨਾਮ ਕਰਨ ਵਾਲਿਆਂ ਦੇ ਕਰਾਰੀ ਚਪੇੜ ਮਾਰੀ-ਸੁਖਬੀਰ ਸਿੰਘ ਬਾਦਲ
ਨਵੇਂ ਭਰਤੀ 5581 ਸਿਪਾਹੀਆਂ ਨੂੰ ਨਿਯੁੱਕਤੀ ਪੱਤਰ ਸੌਂਪੇ
ਐਸ.ਏ.ਐਸ. ਨਗਰ (ਮੋਹਾਲੀ), 20 ਨਵੰਬਰ (ਮਧੂਸਾਰ ਬਿਊਰੋ)
ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਮੋਹਾਲੀ ਵਿਖੇ ਨਵੇਂ ਭਰਤੀ ਪੰਜਾਬ ਪੁਲੀਸ ਜੁਆਨਾਂ ਨੂੰ ਨਿਯੁੱਕਤੀ ਪੱਤਰ ਸੌਂਪਦਿਆਂ ਆਖਿਆ ਕਿ ਪੁਲੀਸ ਦੀ ਭਰਤੀ ਦੌਰਾਨ ਸਾਹਮਣੇ ਆਏ ਨਾਮਾਤਰ ਡੋਪ ਟੈਸਟ ਕੇਸਾਂ ਨੇ ਪੰਜਾਨ ਦੀ ਨੌਜੁਆਨੀ ਨੂੰ ਨਸ਼ੇ ਦੇ ਮੁੱਦੇ ‘ਤੇ ਬਦਨਾਮ ਕਰਨ ਵਾਲੀਆਂ ਕਾਂਗਰਸ ਅਤੇ ਆਪ ਦੀ ਨੁਮਾਇੰਦਗੀ ਵਾਲੇ ਪੰਜਾਬ ਵਿਰੋਧੀ ਤੱਤਾਂ ਨੂੰ ਕਰਾਰੀ ਚਪੇੜ ਮਾਰੀ ਹੈ।
ਨਵੇਂ ਭਰਤੀ ਹੋਏ 5581 (ਪੁਰਸ਼ ਅਤੇ ਮਹਿਲਾ) ਸਿਪਾਹੀਆਂ ਨੂੰ ਨਿਯੁੱਕਤੀ ਪੱਤਰ ਦੇਣ ਦੇ ਮੌਕੇ ਨੂੰ ਸੂਬੇ ਦੇ ਇਤਿਹਾਸ ਵਿੱਚ ਸੁਨਹਿਰੀ ਦਿਨ ਆਖਦਿਆਂ ਉਨ੍ਹਾਂ ਕਿਹਾ ਕਿ ਇਹ ਭਰਤੀ ਨਿਰੋਲ ਮੈਰਿਟ ‘ਤੇ ਅਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤੀ ਗਈ ਹੈ। ਉਨ੍ਹਾਂ ਆਖਿਆ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਭਰਤੀ ਪ੍ਰਕਿਰਿਆ ਵਿੱਚ ਅਪਣਾਈ ਪਾਰਦਰਸ਼ਤਾ ਨੇ ਸੂਬੇ ਵਿੱਚ ਅਜਿਹਾ ਮਾਹੌਲ ਸਿਰਜ ਦਿੱਤਾ ਹੈ ਕਿ ਹੁਣ ਗਰੀਬ ਤੋਂ ਗਰੀਬ ਘਰ ਦਾ ਯੋਗਤਾ ਪ੍ਰਾਪਤ ਨੌਜੁਆਨ ਵੀ ਸਰਕਾਰੀ ਨੌਕਰੀ ਹਾਸਲ ਕਰਨ ਦੇ ਸੁਫ਼ਨੇ ਨੂੰ ਸੱਚ ਕਰ ਸਕਦਾ ਹੈ।
ਪੰਜਾਬ ਵਿੱਚ ਨੌਕਰੀਆਂ ਵਿੱਚ ਪਾਰਦਰਸ਼ੀ ਪ੍ਰਕਿਰਿਆ ਨੂੰ ਲੋਕਾਂ ਵੱਲੋਂ ਵੱਡੇ ਪੱਧਰ ‘ਤੇ ਸਰਾਹੇ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਪਿਛਲੇ 6 ਮਹੀਨਿਆਂ ਵਿੱਚ 1 ਲੱਖ ਲੋਕਾਂ ਨੂੰ ਨੌਕਰੀ ਦਿੱਤੀ ਗਈ ਹੈ ਜਦਕਿ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਆਪਣੇ ਮੌਜੂਦਾ ਕਾਰਜਕਾਲ ਦੌਰਾਨ ਇਕੱਲੇ ਪੁਲੀਸ ਮਹਿਕਮੇ ਵਿੱਚ ਹੀ 25000 ਭਰਤੀਆਂ ਕੀਤੀਆਂ ਗਈਆਂ ਹਨ ਜੋ ਕਿ ਸਮੁੱਚੀ ਪੁਲੀਸ ਫ਼ੋਰਸ ਦਾ 40 ਫ਼ੀਸਦੀ ਹਿੱਸਾ ਬਣਦਾ ਹੈ। ਉਨ੍ਹਾਂ ਦੱਸਿਆ ਕਿ ਲਗਪਗ 550 ਸਬ ਇੰਸਪੈਕਟਰਾਂ ਦੀ ਚੱਲ ਰਹੀ ਭਰਤੀ ਪ੍ਰਕਿਰਿਆ ਵਿੱਚ ਮਹਿਲਾਵਾਂ ਨੂੰ ਜ਼ਿਕਰਯੋਗ ਸਥਾਨ ਦਿੱਤਾ ਗਿਆ ਹੈ ਅਤੇ ਇਨ੍ਹਾਂ ਵਿੱਚ 200 ਮਹਿਲਾਵਾਂ ਨੌਕਰੀ ‘ਤੇ ਆਉਣਗੀਆਂ।
ਪੰਜਾਬ ਪੁਲੀਸ ਨੂੰ ਦੇਸ਼ ਦੀ ਸਰਵੋਤਮ ਪੁਲੀਸ ਫ਼ੋਰਸ ਕਰਾਰ ਦਿੰਦਿਆਂ ਉੱਪ ਮੁੱਖ ਮੰਤਰੀ ਨੇ ਆਖਿਆ ਕਿ ਜਿਸ ਢੰਗ ਨਾਲ ਪੰਜਾਬ ਪੁਲੀਸ ਨੇ ਆਪਣੇ ਦਮ ‘ਤੇ ਦੀਨਾ ਨਗਰ ਦੇ ਅਤਿਵਾਦੀ ਹਮਲੇ ਦਾ ਟਾਕਰਾ ਕੀਤਾ ਅਤੇ ਉਨ੍ਹਾਂ ਨੂੰ ਢੇਰ ਕੀਤਾ, ਉਸ ਤੋਂ ਪੁਲੀਸ ਦੀ ਬਹਾਦਰੀ ਅਤੇ ਚਣੌਤੀਆਂ ਨਾਲ ਸਿੱਝਣ ਦੀ ਸਮਰੱਥਾ ‘ਤੇ ਕੋਈ ਸ਼ੱਕ ਨਹੀਂ ਰਹਿ ਜਾਂਦਾ। ਉਨ੍ਹਾਂ ਪੰਜਾਬ ਪੁਲੀਸ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਦੂਸਰੀਆਂ ਨਾਗਰਿਕ ਸੇਵਾਵਾਂ ਵਿੱਚ ਲਿਆਂਦੀ ਗਈ ਸਰਲਤਾ ਅਤੇ ਕ੍ਰਾਂਤੀਕਾਰੀ ਤਬਦੀਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੇਵਾ ਕੇਂਦਰ, ਸਾਂਝ ਕੇਂਦਰ ਅਤੇ ਪੁਲੀਸ ਤਰੱਕੀਆਂ ਵਿੱਚ ਤੇਜ਼ੀ ਬਹੁਤ ਹੀ ਅਸਧਾਰਨ ਕਦਮ ਹਨ।
ਨਵ ਨਿਯੁੱਕਤ ਸਿਪਾਹੀਆਂ ਨੂੰ ਪੰਜਾਬੀ ਨੌਜੁਆਨੀ ਦੀ ਸ਼ਕਤੀ ਦਾ ਪ੍ਰਤੀਕ ਦੱਸਦਿਆਂ ਉਨ੍ਹਾਂ ਇਨ੍ਹਾਂ ਨੌਜੁਆਨਾਂ ਨੂੰ ਆਖਿਆ ਕਿ ਉਹ ਆਪਣੀਆਂ ਸੇਵਾਵਾਂ ਬਹੁਤ ਹੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਅ ਕੇ ਦੇਸ਼ ਅਤੇ ਪੰਜਾਬ ਪ੍ਰਤੀ ਆਪਣੀ ਆਸਥਾ ਦਾ ਸਬੂਤ ਦੇਣ।
ਡੀ.ਜੀ.ਪੀ. ਪੰਜਾਬ ਸ੍ਰੀ ਸੁਰੇਸ਼ ਅਰੋੜਾ ਨੇ ਇਸ ਮੌਕੇ ਸਿਹਤ ਵਿਭਾਗ ਦਾ ਡੋਪ ਟੈਸਟ ਕਰਨ ਵਿੱਚ ਦਿੱਤੇ ਸਹਿਯੋਗ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਹੋਰਨਾਂ ਤੋਂ ਇਲਾਵਾ ਉੱਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਮਨਵੇਸ਼ ਸਿੰਘ ਸਿੱਧੂ, ਓ.ਐਸ.ਡੀ. ਚਰਨਜੀਤ ਸਿੰਘ ਬਰਾੜ, ਏ.ਡੀ.ਜੀ.ਪੀ. (ਪ੍ਰਸ਼ਾਸ਼ਨ) ਦਿਨਕਰ ਗੁਪਤਾ, ਆਈ.ਜੀ. (ਹੈੱਡਕੁਆਰਟਰ) ਆਰ.ਐਨ. ਢੋਕੇ, ਸੀਨੀਅਰ ਅਕਾਲੀ ਨੇਤਾ ਹਰਸੁਖਇੰਦਰ ਸਿੰਘ ਬੱਬੀ ਬਾਦਲ, ਡਿਪਟੀ ਕਮਿਸ਼ਨਰ ਦਲਜੀਤ ਸਿੰਘ ਮਾਂਗਟ, ਐਸ.ਐਸ.ਪੀ. ਗੁਰਪ੍ਰੀਤ ਸਿੰਘ ਭੁੱਲਰ ਅਤੇ ਹੋਰ ਸੀਨੀਅਰ ਪੁਲੀਸ ਅਫ਼ਸਰ ਮੌਜੂਦ ਸਨ।

