ਪੰਜਾਬੀ ਯੂਨੀਵਰਸਿਟੀ ਵਿਖੇ ਸੱਤ ਰੋਜ਼ਾ ਵਰਕਸ਼ਾਪ ਆਰੰਭ
ਪਟਿਆਲਾ, 21 ਨਵੰਬਰ (ਮਧੂਸਾਰ ਬਿਊਰੋ )
ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਅਤੇ ਭਾਈ ਗੁਰਦਾਸ ਚੇਅਰ ਦੁਆਰਾ “ਸ਼ੋਧ-ਪ੍ਰਵਿਧੀ ਅਤੇ ਸਾਹਿਤ ਦੀਆਂ ਵਿਭਿੰਨ ਆਲੋਚਨਾ ਪ੍ਰਣਾਲੀਆਂ“ ਵਿਸ਼ੇ ਤੇ ਸੱਤ ਰੋਜ਼ਾ ਵਰਕਸ਼ਾਪ ਆਰੰਭ ਹੋਈ ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦੇਵਿੰਦਰ ਸਿੰਘ ਵਲੋਂ ਅੱਜ ਇਥੇ ਗੁਰੂ ਗ੍ਰੰਥ ਸਾਹਿਬ ਭਵਨ ਦੇ ਸੈਮੀਨਾਰ ਹਾਲ ਵਿਖੇ ਕੀਤੀ ਗਈ।
ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਡਾ. ਦੇਵਿੰਦਰ ਸਿੰਘ ਨੇ ਕਿਹਾ ਕਿ ਕੰਪਿਊਟਰ ਕਿਤਾਬਾਂ ਦੀ ਜਗ੍ਹਾ ਨਹੀਂ ਲੈ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਜੋ ਜਾਣਕਾਰੀ ਵਿਸਤ੍ਰਿਤ ਰੂਪ ਵਿੱਚ ਕਿਤਾਬਾਂ ਵਿੱਚ ਉਪਲਬੱਧ ਹੈ, ਉਹ ਕੰਪਿਊਟਰ ਉਤੇ ਉਪਲਬਧ ਨਹੀਂ ਹੋ ਸਕਦੀ। ਡਾ. ਦੇਵਿੰਦਰ ਸਿੰਘ ਨੇ ਹੋਰ ਕਿਹਾ ਕਿ ਮਿਆਰੀ ਕਿਤਾਬਾਂ ਵਿੱਚਲੇ ਤੱਥ ਅਤੇ ਅੰਕੜੇ ਲੰਬੀ ਖੋਜ ਤੋਂ ਬਾਅਦ ਹੀ ਪ੍ਰਾਪਤ ਹੁੰਦੇ ਹਨ ਅਤੇ ਭਾਸ਼ਾ ਵਿੱਚ ਰਚਨਾਤਮਿਕਤਾ ਤੋਂ ਬਿਨਾਂ ਖੋਜ ਸੰਭਵ ਨਹੀਂ ਹੈ।
ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਡਾ. ਲਾਲ ਚੰਦ ਗੁਪਤ ਮੰਗਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸ਼ੋਧ ਪ੍ਰਵਿੱਧੀ ਦਾ ਢਾਂਚਾ ਵਾਸਤੂ ਕਲਾ ਦੀ ਤਰ੍ਹਾਂ ਹੈ। ਉਨ੍ਹਾਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਇਮਾਨਦਾਰੀ ਨਾਲ ਖੋਜ ਕਾਰਜ ਸੰਪੂਰਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਇਸ ਮੌਕੇ ਤੇ ਡਾ. ਰਵੀ ਕੁਮਾਰ ਅਨੂ ਨੇ ਸ਼ੋਧ ਪ੍ਰਵਿਧੀ ਦੇ ਸਿਧਾਂਤਾਂ ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਸ਼ੋਧ ਜਨੂੰਨ ਨਾਲ ਹੁੰਦੀ ਹੈ ਅਤੇ ਇਸ ਜਨੂੰਨ ਨਾਲ ਖੋਜਾਰਥੀਆਂ ਨੂੰ ਖੋਜ ਕਾਰਜ ਕਰਨਾ ਚਾਹੀਦਾ ਹੈ।
ਡਾ. ਸੁਖਵਿੰਦਰ ਕੌਰ ਬਾਠ, ਵਿਭਾਗ ਮੁਖੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਵੱਖ ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕ ਅਤੇ ਵਿਦਿਆਰਥੀ ਸੱਤ ਰੋਜ਼ਾ ਵਰਕਸ਼ਾਪ ਵਿੱਚ ਭਾਗ ਲੈ ਰਹੇ ਹਨ।

