ਪੰਜਾਬੀ ‘ਵਰਸਿਟੀ ਸਿੰਡੀਕੇਟ ਦੀ ਬੈਠਕ : ਇੰਟਲੈਕਚੁਅਲ ਪ੍ਰਾਪਰਟੀ ਰਾਈਟ ਅਤੇ ਟੈਕਨੌਲਜੀ ਟਰਾਂਸਫਰ ਪਾਲਿਸੀ ਨੂੰ ਪ੍ਰਵਾਨਗੀ
ਪਟਿਆਲਾ 17 ਅਗਸਤ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਅਗਵਾਈ ਵਿਚ ਆਨਲਾਈਨ ਵਿਧੀ ਰਾਹੀਂ ਸਿੰਡੀਕੇਟ ਮੀਟਿੰਗ। ਮੀਟਿੰਗ ਦੌਰਾਨ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਵਾਈਸ ਚਾਂਸਲਰ ਡਾ. ਘੁੰਮਣ ਨੇ ਦੱਸਿਆ ਕਿ ਪਿਛਲੇ ਕੁੱਝ ਅਰਸੇ ਦੌਰਾਨ ਪੰਜਾਬੀ ਯੂਨੀਵਰਸਿਟੀ ਨੇ ਅਕਾਦਮਿਕ ਖੇਤਰ ਵਿਚ ਬਹੁਤ ਸਾਰੀਆਂ ਮਾਣਯੋਗ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਜੂਨ 2020 ਦੌਰਾਨ ਰਾਸ਼ਟਰ ਪੱਧਰ ਦੀ ਦਰਜਾਬੰਦੀ ਵਿਚ ਨਿਰਫ਼ (ਨੈਸ਼ਨਲ ਇੰਸਟੀਚਿਊਟ ਆਫ਼ ਰੈਂਕਿੰਗ ਫਰੇਮਵਰਕ) ਦੀ ਰੈਂਕਿੰਗ ਵਿਚ ਪੰਜਾਬੀ ਯੂਨੀਵਰਸਿਟੀ ਨੇ 64ਵਾਂ ਸਥਾਨ ਹਾਸਿਲ ਕੀਤਾ ਹੈ ਜੋ ਕਿ ਆਪਣੇ ਆਪ ਵਿਚ ਇਕ ਇਤਿਹਾਸਕ ਪ੍ਰਾਪਤੀ ਹੈ।
ਇਸੇ ਤਰ੍ਹਾਂ ਐਜ਼ੂਕੇਸ਼ਨ ਵਰਲਡ ਨਾਮੀ ਸੰਸਥਾ ਵੱਲੋਂ ਕਰਵਾਈ ਜਾਂਦੀ ਰਾਸ਼ਟਰ ਪੱਧਰੀ ਰੈਂਕਿੰਗ ਵਿਚ 2020 ਦੌਰਾਨ ਹੀ ਪੰਜਾਬੀ ਯੂਨੀਵਰਸਿਟੀ ਨੂੰ ਦੇਸ਼ ਭਰ ਦੀਆਂ ਜਨਤਕ ਖੇਤਰ ਦੀਆਂ ਯੂਨੀਵਰਸਿਟੀਆਂ ਵਿਚੋਂ ਅਠਾਰਵਾਂ ਅਤੇ ਪੰਜਾਬ ਸੂਬੇ ਵਿਚੋਂ ਪਹਿਲਾ ਦਰਜਾ ਹਾਸਿਲ ਹੋਇਆ ਹੈ। ਇਕ ਵੱਡੀ ਇਤਿਹਾਸਕ ਮੱਲ ਮਾਰਦਿਆਂ ਹਲਦੀ ਨੂੰ ਦੁੱਧ ਵਿਚ ਪੂਰੀ ਤਰ੍ਹਾਂ ਘੁਲਣਸ਼ੀਲ ਬਣਾਉਣ ਹਿਤ ਤਿਆਰ ਕੀਤੀ ਆਪਣੀ ਤਕਨੌਲਜੀ ਨੂੰ ‘ਟੈਕਨੌਲਜੀ ਟਰਾਂਸਫਰ’ ਦੀ ਪ੍ਰਕਿਰਿਆ ਤਹਿਤ ਸੰਬੰਧਤ ਇੰਡਸਟਰੀ ਲਈ ਮੁਹਈਆ ਕਰਵਾਇਆ ਗਿਆ। ਇਸੇ ਟੀਮ ਵੱਲੋਂ ਕੀਤੀ ਇਕ ਅਹਿਮ ਖੋਜ, ਜਿਸ ਰਾਹੀਂ ਦੁੱਧ ਵਿਚਲੇ ਰਸਾਇਣਕ ਪਦਾਰਥਾਂ ਦਾ ਪਤਾ ਲਗਾਉਣ ਵਾਲੀ ਤਕਨੀਕ ‘ਬਾਇਓ-ਸੈਂਸਰ ਯੰਤਰ’ ਦੀ ਖੋਜੀ ਗਈ ਹੈ, ਨੂੰ ਵੀ ਪੇਟੈਂਟ ਹਾਸਿਲ ਹੋਣਾ, ਪੰਜਾਬੀ ਯੂਨੀਵਰਸਿਟੀ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੌਲਜੀ ਵਿਭਾਗ ਤੋਂ ਇਕ ‘ਵਜਰਾ’ ਨਾਮੀ ਅਹਿਮ ਪ੍ਰਾਜੈਕਟ ਹਾਸਿਲ ਹੋਣਾ, ਪਿਛਲੇ ਸੈਸ਼ਨ ਦੌਰਾਨ ਇੰਜਨੀਅਰਿੰਗ ਵਿੰਗ ਦੇ ਵੱਡੀ ਤਾਅਦਾਦ ਵਿਚ ਇੱਛੁਕ ਅਤੇ ਯੋਗ ਵਿਦਿਆਰਥੀਆਂ ਦੀ ਕੋਰਸ ਦੌਰਾਨ ਹੀ ਪਲੇਸਮੈਂਟ ਹੋਣਾ, ਕੋਵਿਡ-19 ਦੇ ਸਮੇਂ ਵਿਚ ਅਧਿਆਪਨ ਅਤੇ ਖੋਜ ਸਮੇਤ ਆਪਣੀਆਂ ਸਾਰੀਆਂ ਅਹਿਮ ਪ੍ਰਬੰਧਕੀ ਗਤੀਵਿਧੀਆਂ, ਜਿਨ੍ਹਾਂ ਵਿਚ ਵੈਬੀਨਾਰ, ਵਾਈਵਾ, ਇੰਟਰਨਸ਼ਿਪ ਆਦਿ ਤੋਂ ਲੈ ਕੇ ਸਿੰਡੀਕੇਟ ਮੀਟਿੰਗ, ਵਿੱਤ ਕਮੇਟੀ ਮੀਟਿੰਗ, ਸਥਾਪਨਾ ਦਿਵਸ ਸਮਾਰੋਹ ਆਦਿ ਦਾ ਆਯੋਜਨ ਤਕ ਸ਼ਾਮਿਲ ਹੈ, ਨੂੰ ਆਨਲਾਈਨ ਵਿਧੀ ਰਾਹੀਂ ਬੇਰੋਕ ਜਾਰੀ ਰੱਖਣਾ ਆਦਿ ਅਹਿਮ ਪ੍ਰਾਪਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਇੰਜਨੀਅਰਿੰਗ ਖੇਤਰ ਦੇ ਕੋਰਸਾਂ ਵਿਚ ਦਾਖਲਿਆਂ ਲਈ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਵਧੇਰੇ ਗਿਣਤੀ ਵਿਚ ਦਾਖਲਾ ਫਾਰਮ ਪ੍ਰਾਪਤ ਹੋਏ ਹਨ। ਇਸ ਤੋਂ ਇਲਾਵਾ ਆਗਾਮੀ ਸੈਸ਼ਨ ਦੌਰਾਨ ਦਾਖਲਾ ਲੈਣ ਦੇ ਚਾਹਵਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ ਦੁੱਗਣੀ ਹੈ।
ਮੀਟਿੰਗ ਦੌਰਾਨ ਹੋਏ ਵਖ-ਵਖ ਫੈਸਲਿਆਂ ਵਿਚ ਯੂਨੀਵਰਸਿਟੀ ਵੱਲੋਂ ਸਥਾਪਿਤ ਕੀਤੇ ਗਏ ‘ਸੈਂਟਰ ਫਾਰ ਈ-ਲਰਨਿੰਗ ਐਂਡ ਟੀਚਿੰਗ ਐਕਸੀਲੈਂਸ’ ਸੰਬੰਧੀ ਫੈਸਲੇ ਦੀ ਸਮੂਹ ਮੈਂਬਰਾਂ ਵੱਲੋਂ ਪੁਸ਼ਟੀ ਕੀਤੀ ਗਈ। ਇਸੇ ਤਰ੍ਹਾਂ ਇਕ ਹੋਰ ਅਹਿਮ ਫੈਸਲੇ ਵਿਚ ਇੰਟਲੈਕਚੁਅਲ ਪ੍ਰਾਪਰਟੀ ਰਾਈਟ ਅਤੇ ਟੈਕਨੌਲਜੀ ਟਰਾਂਸਫਰ ਪੌਲਿਸੀ ਨੂੰ ਯੂਨੀਵਰਸਿਟੀ ਵੱਲੋਂ ਅਪਨਾਉਣ ਸੰਬੰਧੀ ਫੈਸਲੇ ਦੀ ਪੁਸ਼ਟੀ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਜਾਰੀ ‘ਪ੍ਰੀ-ਆਡਿਟ ਆਫ਼ ਅਕਾਊਂਟ, ਪੰਜਾਬੀ ਯੂਨੀਵਰਸਿਟੀ’ ਵਾਲੇ ਆਦੇਸ਼ਾਂ ਨੂੰ ਵੀ ਯੂਨੀਵਰਸਿਟੀ ਵੱਲੋਂ ਅਪਨਾਉਣ ਬਾਰੇ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਕੈਸ ਅਧੀਨ ਤਰੱਕੀਆਂ ਨਾਲ ਸੰਬੰਧਤ ਵਖ-ਵਖ ਕੇਸਾਂ ਸੰਬੰਧੀ ਅਤੇ ਵਾਧੂ ਚਾਰਜ਼ ਵਾਲੇ ਅਹੁਦਿਆਂ ਸੰਬੰਧੀ ਅਤੇ ਨਿਯਮਾਂ ਅਨੁਸਾਰ ਰੁਟੀਨ ਕੇਸਾਂ ਵਿਚ ਸਿੰਡੀਕੇਟ ਦੀ ਪ੍ਰਵਾਨਗੀ ਦੀ ਆਸ ਵਿਚ ਲਏ ਵਖ-ਵਖ ਫੈਸਲਿਆਂ ਸੰਬੰਧੀ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪੁਸ਼ਟੀ ਕੀਤੀ ਗਈ। ਪਿਛਲੀ ਸਿੰਡੀਕੇਟ ਦੌਰਾਨ ਹੋਏ ਫੈਸਲਿਆਂ ਦੀ ਵੀ ਪੁਸ਼ਟੀ ਕਰਨ ਤੋਂ ਇਲਾਵਾ ਹੋਰ ਵੀ ਕਈ ਅਹਿਮ ਫੈਸਲੇ ਲਏ ਗਏ।
ਇਸ ਦੌਰਾਨ ਸਕੱਤਰ ਉਚੇਰੀ ਸਿੱਖਿਆ ਵਿਭਾਗ ਪੰਜਾਬ ਸ੍ਰੀ ਰਾਹੁਲ ਭੰਡਾਰੀ, ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ,ਡਾਇਰੈਕਟਰ ਸਿੱਖਿਆ ਵਿਭਾਗ (ਕਾਲਜਾਂ) ਡਾ. ਇੰਦੂ ਮਲਹੋਤਰਾ, ਪੰਜਾਬ ਸਰਕਾਰ ਵੱਲੋਂ ਨਾਮਜ਼ਦ ਸ੍ਰੀ. ਹਰਿੰਦਰਪਾਲ ਸਿੰਘ ਹੈਰੀਮਾਨ, ਸ੍ਰੀ. ਕੇ.ਡੀ. ਸਿੰਘ, ਸ੍ਰੀ ਨਰ ਬਹਾਦਰ ਵਰਮਾ, ਡਾਇਰੈਕਟਰ ਭਾਸ਼ਾ ਵਿਭਾਗ ਸ੍ਰੀਮਤੀ ਕਰਮਜੀਤ ਕੌਰ ਅਤੇ ਵਖ-ਵਖ ਸ਼ਰੇਣੀਆਂ ਵਿਚ ਨਾਮਜ਼ਦ ਬਾਕੀ ਮੈਂਬਰ ਡਾ. ਜਯੋਤਸਨਾ, ਡਾ. ਬੀ. ਐੱਸ. ਸੰਧੂ, ਡਾ. ਸਤਿਨਾਮ ਸਿੰਘ ਸੰਧੂ, ਡਾ. ਸਰਬਜਿੰਦਰ ਸਿੰਘ, ਡਾ. ਜਗਰੂਪ ਕੌਰ, ਡਾ. ਸੁਖਵੀਰ ਸਿੰਘ, ਡਾ. ਚਿਰੰਜੀਵ ਕੌਰ, ਡਾ. ਸਿਮਰਤ ਕੌਰ ਅਤੇ ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਨੇ ਹਿੱਸਾ ਲਿਆ।

