‘ਮੌਜ਼ੂਦਾ ਦੌਰ ਵਿਚ ਨੌਜਵਾਨਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮਾਧਾਨ’ ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਵਿਦਿਆਰਥੀ ਭਲਾਈ ਲੜਕੀਆਂ ਵਿੰਗ ਵੱਲੋਂ ਕੈਨੇਡਾ ਦੇ ਸਰੀ ਸ਼ਹਿਰ ਵਿਖੇ ਪੰਜਾਬੀ ਭਵਨ ਦੇ ਨਿਰਮਾਤਾ, ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਸਮਰਪਿਤ ਸ਼ਖ਼ਸੀਅਤ ਸ. ਸੁਖਜਿੰਦਰ ਸਿੰਘ ਬਾਠ ਦਾ ‘ਮੌਜ਼ੂਦਾ ਦੌਰ ਵਿਚ ਨੌਜਵਾਨਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮਾਧਾਨ’ ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।
ਸ. ਸੁਖਜਿੰਦਰ ਸਿੰਘ ਬਾਠ ਨੇ ਆਪਣੇ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਨੌਜਵਾਨ ਕਿਸੇ ਵੀ ਕੌਮ ਦਾ ਕੀਮਤੀ ਸਰਮਾਇਆ ਅਤੇ ਭਵਿੱਖ ਹੁੰਦੇ ਹਨ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਸਾਡੇ ਉੱਚ ਸਿੱਖਿਆ ਯਾਫਤਾਂ ਨੌਜਵਾਨਾਂ ਨੇ ਵਿਦੇਸ਼ਾਂ ਵਿਚ ਜਾਣ ਦੇ ਰਾਹ ਨੂੰ ਆਪਣਾ ਸੁਪਨਾ ਬਣਾ ਲਿਆ ਹੈ। ਸ. ਬਾਠ ਨੇ ਕਿਹਾ ਕਿ ਵਿਦੇਸ਼ਾਂ ਦੀ ਅਸਲੀਅਤ ਉਹ ਨਹੀਂ ਹੈ ਜਿਹੋ ਜਿਹੀ ਐੱਨ.ਆਰ.ਆਈ ਪੰਜਾਬ ਵਿਚ ਆਣ ਕੇ ਪੇਸ਼ ਕਰਦੇ ਹਨ। ਵਿਦੇਸ਼ਾਂ ਵਿਚ ਪੰਜਾਬ ਤੋਂ ਗਏ ਨੌਜਵਾਨਾਂ ਦਾ ਵੱਡਾ ਹਿੱਸਾ ਬੇਰੁਜ਼ਗਾਰੀ, ਨਸ਼ਿਆਂ, ਭੁੱਖ ਤੇ ਗਰੀਬੀ ਦਾ ਸ਼ਿਕਾਰ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਵੀ ਤਰੱਕੀ ਦੇ ਬਹੁਤ ਮੌਕੇ ਮੌਜ਼ੂਦ ਹਨ ਅਤੇ ਸਾਡੇ ਨੌਜਵਾਨਾਂ ਨੂੰ ਆਪਣੇ ਦੇਸ਼ ਵਿੱਚ ਮਿਹਨਤ ਕਰਕੇ ਕਾਮਯਾਬੀ ਹਾਸਲ ਕਰਨੀ ਚਾਹੀਦੀ ਹੈ।
ਸ. ਬਾਠ ਨੇ ਇਹ ਵੀ ਕਿਹਾ ਕਿ ਅੱਜ ਕੱਲ੍ਹ ਪੀੜ੍ਹੀ-ਪਾੜ੍ਹਾ ਬਹੁਤ ਵੱਧ ਰਿਹਾ ਹੈ, ਜਿਸ ਨੂੰ ਨਵੀਂ ਪੀੜ੍ਹੀ ਹੀ ਘਟਾ ਸਕਦੀ ਹੈ ਕਿਉਂਕਿ ਪੁਰਾਣੀ ਪੀੜ੍ਹੀ ਲਈ ਕਿਸੇ ਨਵੀ ਗੱਲ ਨੂੰ ਸਮਝਣਾ ਅਤੇ ਉਸ ਅਨੁਸਾਰ ਬਦਲਣਾ ਬਹੁਤ ਮੁਸ਼ਕਲ ਹੁੰਦਾ ਹੈ। ਉਨ੍ਹਾਂ ਪੀੜ੍ਹੀ-ਪਾੜ੍ਹੇ ਨੂੰ ਘਟਾਉਣ ਲਈ ਵੱਧ ਜ਼ੋਰ ਸੰਵਾਦ ਰਚਾਉਣ ‘ਤੇ ਦਿੱਤਾ।
ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸ. ਸੁਖਜਿੰਦਰ ਸਿੰਘ ਬਾਠ ਅਤੇ ਚੜ੍ਹਦੀਕਲਾ ਅਦਾਰੇ ਦੇ ਸ. ਜਸਵਿੰਦਰ ਸਿੰਘ ਦਰਦੀ ਦਾ ਸਵਾਗਤ ਕਰਦਿਆਂ ਹੋਇਆਂ ਸ. ਬਾਠ ਨੇ ਪੰਜਾਬੀ ਭਾਸ਼ਾ ‘ਤੇ ਸੱਭਿਆਚਾਰ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਬਾਠ ਸਾਹਿਬ ਦੁਆਰਾ ਕਨੇਡਾ ਵਿਖੇ ਬਣਾਇਆ ਗਿਆ ‘ਪੰਜਾਬੀ ਭਵਨ’ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਬੋਲੀ ਦੇ ਪਸਾਰ ਦੀ ਮੂੰਹ-ਬੋਲਦੀ ਤਸਵੀਰ ਹੈ ਜੋ ਪੰਜਾਬੀਆਂ ਨੂੰ ਆਪਣੇ ਸੱਭਿਆਚਾਰ ਅਤੇ ਬੋਲੀ ਨਾਲ ਜੁੜਨ ਲਈ ਪ੍ਰੇਰਿਤ ਕਰਦੀ ਹੈ।
ਪੰਜਾਬੀ ਵਿਭਾਗ ਦੇ ਮੁਖੀ ਅਤੇ ਵਿਦਿਆਰਥੀ ਭਲਾਈ ਲੜਕੀਆਂ ਵਿੰਗ ਦੇ ਡੀਨ, ਡਾ. ਗੁਰਦੀਸ਼ ਕੌਰ ਨੇ ਸ. ਸੁਖਜਿੰਦਰ ਸਿੰਘ ਬਾਠ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਉਂਦੇ ਹੋਏ ਉਹਨਾਂ ਦੀਆਂ ਸਾਹਿਤਕ ਰਚਨਾਵਾਂ ਅਤੇ ਜੀਵਨ ਸੰਬੰਧੀ ਜਾਣਕਾਰੀ ਦਿੱਤੀ। ਉਹਨਾਂ ਇਹ ਵੀ ਕਿਹਾ ਕਿ ਸ. ਬਾਠ ਦੀ ਸ਼ਖ਼ਸੀਅਤ ਵਾਂਗ ਉਹਨਾਂ ਦੀਆਂ ਕਾਵਿਕ ਰਚਨਾਵਾਂ ਵੀ ਪੰਜਾਬੀ ਸੱਭਿਆਚਾਰ ਦੀਆਂ ਜੜ੍ਹਾਂ ਨਾਲ ਜੁੜੀਆਂ ਹੋਈਆਂ ਹਨ। ਉਹਨਾਂ ਨੇ ਸ. ਬਾਠ ਦੇ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਹੋਇਆਂ ਕਿਹਾ ਕਿ ਇਹਨਾਂ ਨੇ ਪੰਜਾਬੀ ਭਵਨ ਦੀ ਸਥਾਪਤੀ ਰਾਹੀਂ ਨਵੀਆਂ ਪੈੜਾਂ ਸਥਾਪਿਤ ਕੀਤੀਆਂ ਹਨ।

