ਬਾਦਲ ਵੱਲੋਂ ਨਿਮਾਣਾ ਨੂੰ ਪੰਜਾਬ ਐਗਰੋ ਫੂਡਗਰੇਨਜ਼ ਕਾਰਪੋਰੇਸ਼ਨ ਦਾ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ ਕਰਨ ਦੀ ਪ੍ਰਵਾਨਗੀ
ਚੰਡੀਗੜ੍ਹ, 22 ਨਵੰਬਰ: (ਮਧੂਸਾਰ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸ੍ਰੀ ਪਾਖਰ ਸਿੰਘ ਨਿਮਾਣਾ ਨੂੰ ਪੰਜਾਬ ਐਗਰੋ ਫੂਡਗਰੇਨਜ਼ ਕਾਰਪੋਰੇਸ਼ਨ ਦਾ ਸੀਨੀਅਰ ਵਾਈਸ-ਚੇਅਰਮੈਨ ਨਿਯੁਕਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਸ੍ਰੀ ਸਤਪਾਲ ਸਿੰਗਲਾ ਨੂੰ ਪੰਜਾਬ ਰਾਜ ਸਨਅਤੀ ਵਿਕਾਸ ਨਿਗਮ ਦਾ ਸੀਨੀਅਰ ਵਾਈਸ-ਚੇਅਰਮੈਨ ਨਿਯੁਕਤ ਕਰ ਦਿੱਤਾ ਹੈ।
ਬੁਲਾਰੇ ਅਨੁਸਾਰ ਸ. ਬਾਦਲ ਨੇ ਸ੍ਰੀ ਇਕਬਾਲ ਸਿੰਘ ਨੂੰ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਵਾਈਸ-ਚੇਅਰਮੈਨ ਅਤੇ ਸ੍ਰੀ ਫੌਜਿੰਦਰ ਸਿੰਘ ਨੂੰ ਪੰਜਾਬ ਜੈਨਕੋ ਲਿਮਿਟਿਡ ਦੇ ਸੀਨੀਅਰ ਵਾਈਸ-ਚੇਅਰਮੈਨ ਨਿਯੁਕਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ੍ਰੀ ਸਰਬਜੀਤ ਸਿੰਘ ਮੱਕੜ ਦਾ ਜ਼ਿਲ੍ਹਾ ਯੋਜਨਾ ਬੋਰਡ, ਕਪੂਰਥਲਾ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਪ੍ਰਵਾਨ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਸ੍ਰੀ ਅਮਰਬੀਰ ਸਿੰਘ ਲਾਲੀ ਨੂੰ ਜ਼ਿਲ੍ਹਾ ਯੋਜਨਾ ਕਮੇਟੀ, ਕਪੂਰਥਲਾ ਦਾ ਚੇਅਰਮੈਨ ਨਿਯੁਕਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸੇ ਤਰ੍ਹਾਂ ਸ. ਬਾਦਲ ਨੇ ਸ੍ਰੀ ਵਿਜੇ ਕੁਮਾਰ ਪੋਪਲੀ ਅਤੇ ਸ੍ਰੀ ਜਸਮੇਲ ਸਿੰਘ ਨੂੰ ਪੰਜਾਬ ਖਾਦੀ ਅਤੇ ਦਿਹਾਤੀ ਉਦਯੋਗ ਬੋਰਡ ਦੇ ਡਾਇਰੈਕਟਰ ਨਿਯੁਕਤ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਨੇ ਸ੍ਰੀ ਬਰਜਿੰਦਰ ਸਿੰਘ ਬਰਾੜ ਦਾ ਪੰਜਾਬ ਰਾਜ ਸਿਹਤ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸ੍ਰੀ ਇਕਬਾਲ ਸਿੰਘ ਝੂੰਦਾ ਦਾ ਜ਼ਿਲ੍ਹਾ ਯੋਜਨਾ ਕਮੇਟੀ, ਸੰਗਰੂਰ ਦੇ ਚੇਅਰਮੈਨ ਦੇ ਅਹੁਦੇ ਤੋਂ ਦਿੱਤੇ ਅਸਤੀਫੇ ਪ੍ਰਵਾਨ ਕਰ ਲਏ ਹਨ। ਇਨ੍ਹਾਂ ਅਹੁਦਿਆਂ ‘ਤੇ ਨਵੀਂਆਂ ਨਿਯੁਕਤੀਆਂ ਸਬੰਧੀ ਅਮਲ ਛੇਤੀ ਹੀ ਕਰ ਦਿੱਤਾ ਜਾਵੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਨ੍ਹਾਂ ਨਿਯੁਕਤੀਆਂ ਬਾਰੇ ਫਾਈਲਾਂ ਉੱਤੇ ਅੱਜ ਦੁਪਹਿਰ ਮੁੱਖ ਮੰਤਰੀ ਨੇ ਸਹੀ ਪਾ ਦਿੱਤੀ ਹੈ ਅਤੇ ਇਨ੍ਹਾਂ ਸਬੰਧੀ ਰਸਮੀ ਹੁਕਮ ਛੇਤੀ ਹੀ ਸਬੰਧਤ ਪ੍ਰਸ਼ਾਸਕੀ ਵਿਭਾਗਾਂ ਵੱਲੋਂ ਜਾਰੀ ਕਰ ਦਿੱਤੇ ਜਾਣਗੇ।

