ਪੰਜਾਬ

ਪਹਿਲੀ ਦਸੰਬਰ ਨੂੰ ਭਗਵਾਨ ਵਾਲਮੀਕਿ ਤੀਰਥ ਸਥਲ ਵਿਖੇ ਮੰਦਰ-ਕਮ-ਪਨੋਰਮਾ ਕੰਪਲੈਕਸ ਸਮਰਪਿਤ ਕੀਤਾ ਜਾਵੇਗਾ

ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਵੱਡੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਆਖਿਆ
ਮੁੱਖ ਮੰਤਰੀ ਵੱਲੋਂ ਮਹਾ ਸਮਾਰੋਹ ਦੇ ਪ੍ਰਬੰਧਾਂ ਦਾ ਜਾਇਜ਼ਾ
ਚੰਡੀਗੜ੍ਹ, 22 ਨਵੰਬਰ: (ਮਧੂਸਾਰ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸੀਨੀਅਰ ਆਗੂਆਂ, ਆਪਣੇ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਪਹਿਲੀ ਦਸੰਬਰ ਨੂੰ ਭਗਵਾਨ ਵਾਲਮੀਕਿ ਤੀਰਥ ਸਥਲ, ਅੰਮ੍ਰਿਤਸਰ ਵਿਖੇ ਇਕ ਸੂਬਾ ਪੱਧਰੀ ਸਮਾਰੋਹ ਦੌਰਾਨ ਅਤਿਆਧੁਨਿਕ ਮੰਦਰ-ਕਮ-ਪਨੋਰਮਾ ਕੰਪਲੈਕਸ ਸਮਰਪਿਤ ਕਰਨ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਆਗੂਆਂ ਅਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਇਤਿਹਾਸਕ ਸਮਾਰੋਹ ਮੌਕੇ ਸਾਰੇ ਵਰਗਾਂ ਦੇ ਲੋਕਾਂ ਦੀ ਭਾਰੀ ਸ਼ਮੂਲੀਅਤ ਕਰਵਾਉਣ ਨੂੰ ਆਖਿਆ। ਮੁੱਖ ਮੰਤਰੀ ਨੇ ਆਪਣੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਨੂੰ ਇਸ ਸਮਾਰੋਹ ਦੇ ਸਬੰਧ ਵਿਚ ਸਾਰੇ ਤਰ੍ਹਾਂ ਦੇ ਪ੍ਰਬੰਧਾਂ ਦੀ ਨਿਗਰਾਨੀ ਰੱਖਣ ਲਈ ਤਾਇਨਾਤ ਕੀਤਾ। ਸ. ਬਾਦਲ ਨੇ ਲੋਕਾਂ ਨੂੰ ਇਹ ਸਮਾਰੋਹ ਜਾਤ, ਨਸਲ, ਧਰਮ, ਰੰਗ ਤੋਂ ਉਪਰ ਉਠ ਕੇ ਸਮੂਹਕ ਤੌਰ ‘ਤੇ ਭਾਰੀ ਉਤਸ਼ਾਹ ਨਾਲ ਮਨਾਉਣ ਅਤੇ ਧਰਮ ਨਿਰਪੱਖਤਾ ਤੇ ਧਾਰਮਿਕ ਸਹਿਣਸ਼ੀਲਤਾ ਦੇ ਵਿਸ਼ਵਾਸਾਂ ਦਾ ਪ੍ਰਗਟਾਵਾ ਕਰਨ ਦਾ ਸੱਦਾ ਦਿੱਤਾ। ਸ. ਬਾਦਲ ਨੇ ਭਗਵਾਨ ਵਾਲਮੀਕਿ ਤੀਰਥ ਸਥਲ ਬੋਰਡ ਦੇ ਮੈਂਬਰਾਂ ਨੂੰ ਆਖਿਆ ਕਿ ਉਹ ਸਾਰੇ ਧਰਮਾਂ ਦੇ ਮੁਖੀਆਂ ਅਤੇ ਦੇਸ਼ ਦੀਆਂ ਉੱਘੀਆਂ ਅਧਿਆਤਮਕ ਸਖਸ਼ੀਅਤਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ।
ਮੁੱਖ ਮੰਤਰੀ ਨੇ ਰਮਾਇਣ ਦੇ ਰਚੇਤਾ ਅਤੇ ਸੰਸਕ੍ਰਿਤ ਦੇ ਮਹਾਨ ਸਕਾਲਰ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਦੀ ਸਥਾਪਨਾ ਕਰਨ ਦੇ ਮੌਕੇ ਉੱਤੇ ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਸਮਾਰੋਹ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਸ. ਬਾਦਲ ਨੇ ਲੋਕਾਂ ਦੇ ਸਮਾਰੋਹ ਵਿਚ ਆਉਣ-ਜਾਣ ਦੇ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਠਨਾਈ ਨਾ ਆਉਣ ਦੇਣ ਨੂੰ ਯਕੀਨੀ ਬਣਾਉਣ ਨੂੰ ਵੀ ਅਧਿਕਾਰੀਆਂ ਨੂੰ ਆਖਿਆ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਉਹ ਆਵਾਜਾਈ ਦੇ ਨਿਰਵਿਘਨ ਚਲਦੇ ਰਹਿਣ ਅਤੇ ਕਿਸੇ ਵੀ ਤਰ੍ਹਾਂ ਦਾ ਜਾਮ ਨਾ ਲੱਗਣ ਦੇਣ ਨੂੰ ਯਕੀਨੀ ਬਣਾਏ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੂੰ ਗੱਡੀਆਂ ਦੀ ਪਾਰਕਿੰਗ ਦਾ ਪੂਰਾ ਪ੍ਰਬੰਧ ਕਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਸ਼ਰਧਾਲੂਆਂ ਨੂੰ ਲੈ ਕੇ ਆਉਣ ਵਾਲੀਆਂ ਬੱਸਾਂ ਢੁੱਕਵੇਂ ਸਥਾਨਾਂ ‘ਤੇ ਖੜੀਆਂ ਹੋ ਸਕਣ।
ਮੁੱਖ ਮੰਤਰੀ ਨੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਇਸ ਇਤਿਹਾਸਕ ਮੌਕੇ ਅੰਮ੍ਰਿਤਸਰ ਪਹੁੰਚਣ ਲਈ ਆਖਿਆ ਤਾਂ ਜੋ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਨੂੰ ਸ੍ਰੀ ਵਾਲਮੀਕਿ ਤੀਰਥ ਸਥਲ ਵਿਖੇ ਪੂਰੇ ਧਾਰਮਿਕ ਰੀਤੀ ਰਿਵਾਜਾਂ ਨਾਲ ਸਥਾਪਤ ਕੀਤਾ ਜਾ ਸਕੇ। ਸ. ਬਾਦਲ ਨੇ ਸਾਰੇ ਧਰਮਾਂ ਦੇ ਲੋਕਾਂ ਅਤੇ ਭਾਈਚਾਰਿਆਂ ਨੂੰ ਇਸ ਮੌਕੇ ਜਾਤ, ਨਸਲ ਅਤੇ ਰੰਗ ਤੋਂ ਉਪਰ ਉਠ ਕੇ ਭਗਵਾਨ ਵਾਲਮੀਕਿ ਜੀ ਨੂੰ ਸ਼ਰਧਾ ਸੁਮਨ ਭੇਟ ਕਰਨ ਲਈ ਆਖਿਆ।
ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਤੀਰਥ ਸਥਲ ਵਿਖੇ ਉਸਾਰੇ ਗਏ ਮੰਦਿਰ-ਕਮ-ਪਨੋਰਮਾ ਕੰਪਲੈਕਸ ਅਤੇ ਅਜਾਇਬ ਘਰ ਭਗਵਾਨ ਵਾਲਮੀਕਿ ਜੀ ਨੂੰ ਸੂਬਾ ਸਰਕਾਰ ਵੱਲੋਂ ਇੱਕ ਨਿਮਾਣੀ ਸ਼ਰਧਾਂਜਲੀ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਨੇੜੇ ਇਸ ਪਵਿੱਤਰ ਸਥਾਨ ‘ਤੇ ਭਗਵਾਨ ਵਾਲਮੀਕਿ ਜੀ ਨੇ ਸਾਨੂੰ ਸਾਰਿਆਂ ਨੂੰ ਏਕਤਾ ਤੇ ਸਰਵ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਸੀ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 200 ਕਰੋੜ ਰੁਪਏ ਖਰਚ ਕਰਕੇ ਉਸਾਰੀ ਗਈ ਇਹ ਯਾਦਗਾਰ ਭਗਵਾਨ ਵਾਲਮੀਕਿ ਜੀ ਦੇ ਜੀਵਨ, ਸਿੱਖਿਆਵਾਂ ਅਤੇ ਉਹਨਾਂ ਦੀ ਸੋਚ ਨੂੰ ਦੁਨੀਆਂ ਭਰ ਵਿੱਚ ਜੀਵਤ ਰੱਖੇਗੀ ਅਤੇ ਇਸ ਦੇ ਨਾਲ-ਨਾਲ ਇਸ ਮਹਾਨ ਗੁਰੂ ਦੀ ਅਮੀਰ ਵਿਰਾਸਤ ਨੂੰ ਜਿਊਂਦਾ ਰੱਖਣ ਵਿੱਚ ਸਹਾਈ ਹੋਵੇਗੀ। ਉਹਨਾਂ ਕਿਹਾ ਕਿ ਇਸ ਯਾਦਗਾਰ ਦਾ ਡਿਜਾਇਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਟਾਂ ਦੁਆਰਾ ਬਣਾਇਆ ਗਿਆ ਹੈ ਜਿਹਨਾਂ ਨੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਵੇਲੇ ਇਸ ਜਗ੍ਹਾ ਦੀ ਧਾਰਮਿਕ ਮਹੱਤਤਾ ਦਾ ਪੂਰਾ ਖਿਆਲ ਰੱਖਿਆ ਹੈ।
ਸਮਾਜ ਨੂੰ ਜੋੜਨ ਵਿੱਚ ਭਗਵਾਨ ਵਾਲਮੀਕਿ ਜੀ ਦੇ ਮਹਾਨ ਯੋਗਦਾਨ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਸੰਸਕ੍ਰਿਤ ਭਾਸ਼ਾ ਦੇ ਪਿਤਾਮਾ ਸਨ ਅਤੇ ਆਦਿ ਕਵੀ ਸਨ ਜਿਹਨਾਂ ਨੇ ਆਪਣੀ ਮਹਾਨ ਰਚਨਾ ਰਮਾਇਣ ਨਾਲ ਬਦੀ ‘ਤੇ ਨੇਕੀ ਦੀ ਜਿੱਤ ਦਾ ਸੁਨੇਹਾ ਦਿੱਤਾ। ਉਹਨਾਂ ਕਿਹਾ ਕਿ ਇਸ ਮਹਾਨ ਗਰੰਥ ਨੇ ਸਦੀ ਤੋਂ ਸਾਨੂੰ ਜਿਊਣ ਦਾ ਤਰੀਕਾ ਦੱਸਿਆ ਹੈ ਅਤੇ ਚੰਗਾ ਤੇ ਨੈਤਿਕਤਾ ਭਰਪੂਰ ਜੀਵਨ ਜਿਊਣ ਦਾ ਰਾਹ ਦਰਸਾਇਆ ਹੈ ਜੋ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਵੀ ਤਰਕ ਸੰਗਤ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਰਾਹ ‘ਤੇ ਚਲਦੇ ਹੋਏ ਇੱਕ ਨਿੱਗਰ ਤੇ ਭੇਦਭਾਵ ਰਹਿਤ ਸਮਾਜ ਦੀ ਰਚਨਾ ਕਰਨ।
ਇਸ ਮੌਕੇ ਹਾਜ਼ਰ ਹੋਰਨਾਂ ਵਿਚ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਸ. ਗੁਲਜ਼ਾਰ ਸਿੰਘ ਰਾਣੀਕੇ ਅਤੇ ਜਥੇਦਾਰ ਅਜੀਤ ਸਿੰਘ ਕੋਹਾੜ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ, ਵਿਧਾਇਕ ਬੀਬੀ ਜਗੀਰ ਕੌਰ, ਸ. ਦਰਸ਼ਨ ਸਿੰਘ ਸ਼ਿਵਾਲਿਕ, ਸ. ਮਨਜੀਤ ਸਿੰਘ ਮੀਆਂਵਿੰਡ, ਸ. ਗੁਰਬਚਨ ਸਿੰਘ ਬੱਬੇਹਾਲੀ, ਸ. ਦੇਸ਼ ਰਾਜ ਧੁੱਗਾ, ਸ੍ਰੀ ਪਵਨ ਕੁਮਾਰ ਟੀਨੂ, ਅਕਾਲੀ ਆਗੂ ਸ. ਸਰਬਜੀਤ ਸਿੰਘ ਮੱਕੜ, ਸ. ਬਲਦੇਵ ਸਿੰਘ ਖਹਿਰਾ, ਸ. ਪਰਮਜੀਤ ਸਿੰਘ ਪੰਮਾ, ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ, ਜਥੇਦਾਰ ਸੁੱਚਾ ਸਿੰਘ ਲੰਗਾਹ, ਚੇਅਰਮੈਨ ਦਲਿਤ ਭਲਾਈ ਬੋਰਡ ਸ੍ਰੀ ਵਿਜੇ ਦਾਨਵ, ਸ੍ਰੀ ਲਕਸ਼ਮਣ ਦਰਾਵੜ ਸ਼ਾਮਲ ਸਨ।
ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਸਕੱਤਰ ਸੈਰ-ਸਪਾਟਾ ਸ੍ਰੀ ਹੁਸਨ ਲਾਲ ਅਤੇ ਡਾਇਰੈਕਟਰ ਸਭਿਆਚਾਰਕ ਮਾਮਲੇ ਸ੍ਰੀ ਐਨ.ਪੀ.ਐਸ. ਰੰਧਾਵਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *