ਪੰਜਾਬ

ਧਾਰਮਿਕ ਸਥਾਨਾਂ ‘ਤੇ ਹਮਲੇ ਅਤੇ 1984 ਦੇ ਸਿੱਖ ਕਤਲੇਆਮ ਲਈ ਕਾਂਗਰਸ ਨੂੰ ਪੰਜਾਬ ਦੇ ਲੋਕ ਕਦੇ ਮੁਆਫ ਨਹੀਂ ਕਰਨਗੇ-ਸੁਖਬੀਰ ਸਿੰਘ ਬਾਦਲ

ਦੇਵੀਗੜ੍ਹ ਵਿਖੇ ਵਿਸ਼ਾਲ ਰੈਲੀ ਦਾ ਆਯੋਜਨ
ਦੇਵੀਗੜ ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਸਿੱਖਾਂ ਦੇ ਧਾਰਮਿਕ ਸਥਾਨਾਂ ‘ਤੇ ਹਮਲੇ ਅਤੇ 1984 ਦੇ ਸਿੱਖ ਕਤਲੇਆਮ ਲਈ ਸਿੱਧੇ ਤੌਰ ‘ਤੇ ਜਿੰਮੇਵਾਰ ਕਾਂਗਰਸ ਨੂੰ ਪੰਜਾਬ ਦੇ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ। ਇਹ ਪ੍ਰਗਟਾਵਾ ਅੱਜ ਇੱਥੇ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਘੱਗਰ ਦਰਿਆ ਵਿੱਚ ਚੈਕ ਡੈਮ ਬਣਾ ਕੇ ਉਸ ਦੇ ਪਾਣੀ ਨੂੰ ਸਿੰਚਾਈ ਲਈ ਵਰਤਣ, ਪਟਿਆਲਾ ਗੂਹਲਾ ਚੀਕਾ ਸੜਕ ਨੂੰ 16 ਕਰੋੜ ਰੁਪਏ ਦੀ ਲਾਗਤ ਨਾਲ ਮਜਬੂਤ ਕਰਨ ਅਤੇ ਕੌਲੀ ਤੇ ਰਾਜਪੁਰਾ ਡਿਸਟ੍ਰੀਬਿਊਟਰੀ ਸਿਸਟਮ ਦੀਆਂ ਸਿੰਚਾਈ ਨਹਿਰਾਂ ਦੀ ਤਕਰੀਬਨ 806 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕਰਨ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਅਨਾਜ ਮੰਡੀ ਦੇਵੀਗੜ੍ਹ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਪ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ‘ਤੇ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੇ ਪੰਜਾਬ ਦੇ ਹਿੱਤਾਂ ਦਾ ਹਮੇਸ਼ਾਂ ਘਾਣ ਕੀਤਾ ਹੈ ਪਰ ਪੰਜਾਬ ਦੇ ਸੂਝਵਾਨ ਪੰਜਾਬੀ ਹੁਣ ਉਹਨਾਂ ਨੂੰ ਸਬਕ ਸਿਖਾਉਣਗੇ। ਉਪ ਮੁੱਖ ਮੰਤਰੀ ਨੇ ਕਿਹਾ ਕਿ ਦੇਵੀਗੜ੍ਹ ਵਿਖੇ ਹੋਈ ਅੱਜ ਵਿਸ਼ਾਲ ਰੈਲੀ ਨੇ 2017 ਦੀਆਂ ਚੋਣਾਂ ਦੀ ਜਿੱਤ ਦਾ ਮੁੱਢ ਬੰਨ ਦਿੱਤਾ ਹੈ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਕੋਲ ਕੋਈ ਮੁੱਦਾ ਨਹੀਂ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਵਿਕਾਸ ਦੇ ਮੁੱਦੇ ‘ਤੇ ਚੋਣਾਂ ਲੜੇਗਾ। ਉਹਨਾਂ ਕਿਹਾ ਕਿ 30 ਹਜ਼ਾਰ ਕਰੋੜ ਰੁਪਏ ਖਰਚ ਕੇ ਪੰਜਾਬ ਦੇ ਹਰੇਕ ਸ਼ਹਿਰ ਨੂੰ ਦੂਸਰੇ ਸ਼ਹਿਰ ਨਾਲ ਚਾਰ ਮਾਰਗੀ ਸੜਕ ਨਾਲ ਜੋੜਿਆ ਜਾ ਰਿਹਾ ਹੈ ਜਦ ਕਿ ਆਉਣ ਵਾਲੇ ਸਮੇਂ ਵਿੱਚ 35 ਹਜ਼ਾਰ ਕਰੋੜ ਰੁਪਏ ਖਰਚ ਕੇ ਪੰਜਾਬ ਦੇ ਸਾਰੇ 12 ਹਜ਼ਾਰ ਪਿੰਡਾਂ ਵਿੱਚ ਸੀਵਰੇਜ, ਪੱਕੀਆਂ ਗਲੀਆਂ, ਪੀਣ ਲਈ ਸਾਫ਼ ਪਾਣੀ ਅਤੇ ਸੋਲਰ ਲਾਈਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਛੋਟੇ ਕਿਸਾਨਾਂ ਨੂੰ 50 ਹਜ਼ਾਰ ਰੁਪਏ ਤੱਕ ਦਾ ਸਹਿਕਾਰੀ ਕਰਜ਼ਾ ਬਿਨਾਂ ਵਿਆਜ ‘ਤੇ ਦੇਣ ਦਾ ਵੀ ਫੈਸਲਾ ਕੀਤਾ ਹੈ ਅਤੇ 15 ਲੱਖ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਐਸ.ਸੀ. ਤੇ ਬੀ.ਸੀ. ਭਾਈਚਾਰੇ ਨੂੰ ਬਿਜਲੀ ਦੇ ਪਹਿਲੇ 200 ਯੂਨਿਟ ਵੀ ਮੁਆਫ ਕਰਨ ਦਾ ਇਤਿਹਾਸਕ ਫੈਸਲਾ ਕੀਤਾ ਹੈ ਅਤੇ ਹੁਣ ਜਿਹਨਾਂ ਲੋਕਾਂ ਕੋਲ ਰਸੋਈ ਗੈਸ ਕੁਨੈਕਸ਼ਨ ਨਹੀਂ ਹਨ ਉਹਨਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਸਮੇਤ ਚੁੱਲ੍ਹਾ ਮੁਹੱਈਆਂ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਸੂਬੇ ਵਿੱਚ 200 ਸਕਿੱਲ ਸੈਂਟਰ ਖੋਲ੍ਹੇ ਗਏ ਹਨ ਅਤੇ ਛੇਤੀ ਹੀ ਅਜਿਹੇ 1000 ਹੋਰ ਸੈਂਟਰ ਖੋਲ੍ਹੇ ਜਾਣਗੇ। ਕਾਂਗਰਸ ਤੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਸ: ਬਾਦਲ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੱਈ ਦੱਸ ਕੇ ਬਦਨਾਮ ਕਰਨ ਦੀ ਕੋਝੀ ਸਾਜਿਸ਼ ਰਚੀ ਸੀ ਪਰ ਪੁਲਿਸ ਭਰਤੀ ਦੌਰਾਨ 4 ਲੱਖ ਨੋਜਵਾਨਾਂ ਦੇ ਕੀਤੇ ਗਏ ਡੋਪ ਟੈਸਟ ਦੇ ਸਾਹਮਣੇ ਆਏ ਨਤੀਜਿਆਂ ਨੇ ਕਾਂਗਰਸ ਤੇ ਆਪ ਦੇ ਕੂੜ ਪ੍ਰਚਾਰ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਇਸ ਮੌਕੇ ਉਪ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਆਉਣ ਵਾਲੇ 5 ਸਾਲਾਂ ਵਿੱਚ ਪੰਜਾਬ ਦੇ ਸਾਰੇ ਕਿਸਾਨਾਂ ਦੇ ਖਾਲ੍ਹੇ ਪੱਕੇ ਕੀਤੇ ਜਾਣਗੇ। ਉਹਨਾਂ ਸਨੌਰ ਵਿਧਾਨ ਸਭਾ ਹਲਕੇ ਦੇ ਦੂਧਨਸਾਧਾਂ ਨੂੰ ਸਬ ਡਵੀਜ਼ਨ ਅਤੇ ਸਨੌਰ ਨੂੰ ਸਬ ਤਹਿਸੀਲ ਬਣਾਉਣ ਦਾ ਵੀ ਐਲਾਨ ਕੀਤਾ ਅਤੇ ਸਨੌਰ ਹਲਕੇ ਦੇ ਵਿਕਾਸ ਲਈ 2 ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਪੱਤਰਕਾਰਾਂ ਵੱਲੋਂ ਆਪ ਆਗੂ ਭਗਵੰਤ ਮਾਨ ਵੱਲੋਂ ਉਹਨਾਂ ਦੇ ਮੁਕਾਬਲੇ ਚੋਣ ਲੜਨ ਦੇ ਕੀਤੇ ਐਲਾਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸ: ਬਾਦਲ ਨੇ ਕਿਹਾ ਕਿ ਭਗਵੰਤ ਮਾਨ ਤਾਂ ਕੀ ਆਪ ਆਗੂ ਅਰਵਿੰਦ ਕੇਜਰੀਵਾਲ ਵੀ ਉਹਨਾਂ ਦੇ ਮੁਕਾਬਲੇ ਚੋਣ ਲੜ ਕੇ ਵੇਖ ਲਵੇ। ਪੱਤਰਕਾਰਾਂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਸਵਿਸ ਬੈਂਕ ਖਾਤਿਆਂ ਦੀ ਹੋ ਰਹੀ ਚਰਚਾ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਵੇਲੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵੱਲੋਂ ਕਰਾਈ ਪੜਤਾਲ ਦੌਰਾਨ ਵੀ ਇਹ ਖੁਲਾਸੇ ਸਾਹਮਣੇ ਆਏ ਸਨ। ਐਸ.ਵਾਈ.ਐਲ. ਦੇ ਭਵਿੱਖ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਕਿਸਾਨਾਂ ਨੂੰ ਜਮੀਨ ਵਾਪਸ ਕਰਕੇ ਇਸ ਮੁੱਦੇ ਦਾ ਭੋਗ ਹੀ ਪਾ ਦਿੱਤਾ ਹੈ।
ਇਸ ਮੌਕੇ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਰਤ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹੁਣ ਮੌਕਾ ਆ ਗਿਆ ਹੈ ਕਿ ਪੰਜਾਬ ਦੇ ਲੋਕ ਪੰਜਾਬ ਵਿਰੋਧੀਆਂ ਅਤੇ ਅਕ੍ਰਿਤਘਣ ਵਿਅਕਤੀਆਂ ਨੂੰ ਸਬਕ ਸਿਖਾਉਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪੰਜਾਬ ਨੂੰ ਬੁਲੰਦੀਆਂ ਤੇ ਲਿਜਾਣ ਦੇ ਕੀਤੇ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਇਆ ਹੈ। ਉਹਨਾਂ ਕਿਹਾ ਕਿ ਸਨੌਰ ਹਲਕਾ ਲੰਮੇ ਸਮੇਂ ਤੋਂ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਪਰ ਇੱਥੋਂ ਦੇ ਮਿਹਨਤਕਸ਼ ਕਿਸਾਨਾਂ ਨੇ ਕਦੇ ਵੀ ਈਨ ਨਹੀਂ ਮੰਨੀ। ਉਹਨਾਂ ਕਿਹਾ ਕਿ ਹੁਣ ਸਨੌਰ ਹਲਕੇ ਦੇ ਸਰਵਪੱਖੀ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਸ: ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦਿੱਤੇ ਬਹੁਤ ਹੀ ਪ੍ਰਭਾਵਸ਼ਾਲੀ ਭਾਸ਼ਣ ਦੌਰਾਨ ਉਪ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਪੰਜਾਬ ਦੇ ਪਾਣੀਆਂ ਦੀ ਲੜਾਈ ਵਿੱਚ ਇਹ ਹਲਕਾ ਡਟ ਕੇ ਸਰਕਾਰ ਨਾਲ ਖੜ੍ਹੇਗਾ। ਉਹਨਾਂ ਪੰਜਾਬ ਦੇ ਹਰੇਕ ਖੇਤਰ ਵਿੱਚ ਕੀਤੇ ਗਏ ਸਰਵਪੱਖੀ ਵਿਕਾਸ ਅਤੇ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ‘ਤੇ ਉਪ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਸਨੌਰ ਹਲਕੇ ਲਈ ਵਿਸ਼ੇਸ਼ ਗਰਾਂਟਾਂ ਦੇਣ ਦੀ ਅਪੀਲ ਵੀ ਕੀਤੀ ਅਤੇ ਹਲਕੇ ਦੀਆਂ ਪ੍ਰਮੁੱਖ ਮੰਗਾਂ ਬਾਰੇ ਉਪ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ। ਇਸ ਮੌਕੇ ਹਲਕਾ ਘਨੌਰ ਦੇ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਬੀ.ਜੇ.ਪੀ. ਦਿਹਾਤੀ ਦੇ ਪ੍ਰਧਾਨ ਸ਼੍ਰੀ ਰਜਿੰਦਰ ਨਾਗਪਾਲ, ਐਸ.ਜੀ.ਪੀ.ਸੀ. ਮੈਂਬਰ ਸ: ਜਰਨੈਲ ਸਿੰਘ ਕਰਤਾਰਪੁਰ, ਸ: ਜਸਮੇਰ ਸਿੰਘ ਲਾਛੜੂ, ਜਥੇਦਾਰ ਲਾਭ ਸਿੰਘ ਦੇਵੀਨਗਰ, ਸ਼੍ਰੀ ਭਗਵਾਨ ਦਾਸ ਜੁਨੇਜਾ, ਸ਼੍ਰੀ ਛੱਜੂ ਰਾਮ ਸੋਫਤ, ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸ: ਰਣਧੀਰ ਸਿੰਘ ਰੱਖੜਾ, ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸ਼ੀ੍ਰ ਰਣਜੀਤ ਸਿੰਘ ਰਾਣਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਉਪ ਮੁੱਖ ਮੰਤਰੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਸ: ਨਰਦੇਵ ਸਿੰਘ ਆਕੜੀ, ਲਾਰਜ ਸਕੇਲ ਇੰਡਸਟਰੀ ਦੇ ਚੇਅਰਮੈਨ ਸ: ਹਰੀ ਸਿੰਘ ਪ੍ਰੀਤ ਟਰੈਕਟਰ, ਸਾਬਕਾ ਮੰਤਰੀ ਸ: ਸੁਰਜੀਤ ਸਿੰਘ ਕੋਹਲੀ, ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਐਡਵੋਕੇਟ ਸਤਬੀਰ ਸਿੰਘ ਖੱਟੜਾ, ਐਡੀਸ਼ਨਲ ਐਡਵੋਕੇਟ ਜਨਰਲ ਸ: ਸਿਮਰਨਜੀਤ ਸਿੰਘ ਚੰਦੂਮਾਜਰਾ, ਸ: ਹਰਵਿੰਦਰ ਸਿੰਘ ਹਰਪਾਲਪੁਰ, ਓ.ਐਸ.ਡੀ.ਸ: ਹਰਦੇਵ ਸਿੰਘ ਹਰਪਾਲਪੁਰ, ਕੰਬੋਜ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਸ: ਗੁਰਦੀਪ ਸਿੰਘ ਸ਼ੇਖੂਪੁਰ, ਐਮ.ਸੀ. ਸ: ਸੁਖਬੀਰ ਸਿੰਘ ਅਬਲੋਵਾਲ, ਸ਼੍ਰੀ ਮਨਵਿੰਦਰ ਸਿੰਘ ਪ੍ਰੈਸ ਸੈਕਟਰੀ, ਸ਼੍ਰੀ ਜੈਦੀਪ ਸਿੰਘ ਸਾਦੀਪੁਰ, ਸ: ਬੂਟਾ ਸਿੰਘ ਸਾਦੀਪੁਰ, ਸ: ਜਸਵਿੰਦਰਪਾਲ ਸਿੰਘ ਚੱਢਾ, ਡਾ: ਯਸ਼ਪਾਲ, ਸ਼੍ਰੀ ਕ੍ਰਿਸ਼ਨ ਸਿੰਘ ਸਨੌਰ, ਸ਼੍ਰੀ ਰਾਮ ਸਿੰਘ ਜੋਗੀਪਰ, ਸ: ਜਸਵੰਤ ਸਿੰਘ ਅਕੌਤ, ਸ਼੍ਰੀ ਦਰਸ਼ਨ ਸਿੰਘ ਨੈਣਕਲਾਂ, ਐਸ.ਐਸ.ਪੀ. ਪਟਿਆਲਾ ਸ਼੍ਰੀ ਗੁਰਮੀਤ ਸਿੰਘ, ਐਸ.ਡੀ.ਐਮ. ਪਟਿਆਲਾ ਸ਼੍ਰੀਮਤੀ ਪੂਜਾ ਸਿਆਲ ਅਤੇ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਨੁਮਾਇੰਦੇ ਅਤੇ ਪਾਰਟੀ ਵਰਕਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *