1989-91 ਬੈਚ ਦੀ ਸਿਲਵਰ ਜੁਬਲੀ ਦੇ ਮੌਕੇ ਤੇ ਇੱਕ ਅਲੂਮਨੀ ਮੀਟ
ਪਟਿਆਲਾ, 23 ਨਵੰਬਰ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਵਲੋਂ 1989-91 ਬੈਚ ਦੀ ਸਿਲਵਰ ਜੁਬਲੀ ਦੇ ਮੌਕੇ ਤੇ ਇੱਕ ਅਲੂਮਨੀ ਮੀਟ ਆਯੋਜਿਤ ਕੀਤੀ ਗਈ। ਇਸ ਮੀਟ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਐਮ.ਬੀ.ਏ. ਦੇ ਪੁਰਾਣੇ ਵਿਦਿਆਰਥੀ, ਜੋ ਯੂ.ਐਸ.ਏ., ਕੈਨੇਡਾ, ਯੂਰਪ ਅਤੇ ਭਾਰਤ ਵਿੱਚ ਵਸੇ ਹੋਏ ਹਨ, ਸ਼ਾਮਲ ਹੋਏ।
ਇਸ ਮੌਕੇ ਤੇ ਵਿਭਾਗ ਦੇ ਮੁਖੀ ਡਾ. ਜੀ.ਐਸ. ਬੱਤਰਾ ਨੇ ਆਏ ਵਿਦਿਆਰਥੀਆਂ ਦਾ ਸੁਆਗਤ ਕਰਦਿਆਂ ਵਿਭਾਗ ਵਲੋਂ ਪਿਛਲੇ ਚਾਰ ਦਹਾਕਿਆਂ ਵਿੱਚ ਕੀਤੀ ਕਾਰਗੁਜ਼ਾਰੀ ਦਾ ਵਰਨਣ ਕੀਤਾ ।
ਉਨ੍ਹਾਂ ਪੰਜਾਬੀ ਯੂਨੀਵਰਸਿਟੀ ਵਲੋਂ ਉਤਰੀ ਅਮਰੀਕਾ, ਪੈਸੀਫਿਕ, ਯੂਰਪ ਅਤੇ ਪੂਰਬੀ ਏਸ਼ੀਆਈ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਨਾਲ ਕੀਤੇ ਜਾ ਰਹੇ ਸਹਿਯੋਗ ਦਾ ਵੀ ਜ਼ਿਕਰ ਕੀਤਾ। ਅਲੂਮਨੀ ਵਲੋਂ ਵਿਦਿਆਰਥੀਆਂ ਨੂੰ ਸਿਖਲਾਈ ਅਤੇ ਪਲੇਸਮੈਂਟ ਸਹੂਲਤਾਂ ਪ੍ਰਦਾਨ ਕਰਨ ਲਈ ਵਿਭਾਗੀ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ।
ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਬੀ.ਐਸ. ਭਾਟੀਆ ਨੇ ਪੁਰਾਣੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਰਾਜਵਿੰਦਰ ਸਿੰਘ, ਪਲੇਸਮੈਂਟ ਕੋਆਰਡੀਨੇਟਰ ਨੇ ਅਲੂਮਨੀ ਮੀਟ ਦਾ ਮੰਚ ਸੰਚਾਲਨ ਕੀਤਾ। ਇਸ ਮੌਕੇ ਤੇ ਸ਼੍ਰੀ ਮੋਹਨਦੀਪ ਸਿੰਘ ਸੰਧੂ, ਬਿਜ਼ਨੈਸ ਮੁਖੀ, ਦਿ ਕਾਰਪੋਰੇਟ ਰੀਸੋਰਸ ਸੈਂਟਰ, ਚੰਡੀਗੜ੍ਹ ਅਲੂਮਨੀ ਮੀਟ ਦੇ ਬੈਚ ਦੇ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ। ਇਸ ਮੀਟ ਵਿੱਚ ਸ਼੍ਰੀ ਸੁਖਬੀਰ ਸਿੰਘ ਬਰਾੜ, ਜਨਰਲ ਮੈਨੇਜਰ, ਇੰਪੀਰੀਅਲ ਬੈਂਕ ਆਫ ਕਮਰਸ, ਕੈਨੇਡਾ; ਸ਼੍ਰੀਮਤੀ ਸੰਗੀਤਾ ਓਬਰਾਏ, ਸੀ.ਈ.ਓ, ਸਕੈਂਡੇਨੇਵੀਅਨ ਪੈਕੇਜਿਜ਼, ਸਵੀਡਨ; ਸ਼੍ਰੀ ਸੁਧੀਰ ਬੱਸੀ, ਕਾਰਜਕਾਰੀ ਨਿਰਦੇਸ਼ਕ, ਖੇਤਾਨ ਫੈਨਜ਼, ਮੁੰਬਈ; ਸ਼੍ਰੀ ਸੁਧਾਂਸ਼ੂ ਸ਼੍ਰੀਵਾਸਤਵ, ਭਾਰਤ ਸਰਕਾਰ, ਨਵੀਂ ਦਿੱਲੀ; ਸ਼੍ਰੀ ਕੁਲਦੀਪ ਸਿੰਘ, ਪਾਰਟਨਰ, ਕੇ.ਬੀ. ਫਰੀਟ ਸਿਸਟਮ, ਕੈਨੇਡਾ; ਸ਼੍ਰੀ ਜਸਪ੍ਰਤਾਪ ਸਿੰਘ ਵਿਰਕ, ਡਾਇਰੈਕਟਰ, ਡਾਇਮੈਸ਼ਨਜ਼ ਕੰਸਟਰਕਸ਼ਨਜ਼; ਸ਼੍ਰੀ ਗੁਰਪ੍ਰੀਤ ਸਿਘ, ਕੈਲਫੋਰਨੀਆ, ਯੂ.ਐਸ.ਏ.; ਸ਼੍ਰੀ ਸੂਵਿਕਾਸ ਭੰਡਾਰੀ, ਮਾਈਂਡ ਟਿਕਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਨਵਜੋਤ ਕੌਰ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ।

