ਅਕਾਲੀ ਦਲ ਦੀ ਸਰਕਾਰ ਨੇ 34 ਸਾਲ ਪਹਿਲਾਂ ਕਪੂਰੀ ਦੀ ਧਰਤੀ ਤੋਂ ਸ਼ੁਰੂ ਹੋਏ ਵਿਵਾਦ ਨੂੰ ਕਪੂਰੀ ਦੀ ਧਰਤੀ ‘ਤੇ ਹੀ ਕੀਤਾ ਸਮਾਪਤ : ਮਜੀਠੀਆ
ਕਿਸਾਨਾਂ ਨੂੰ ਮਜੀਠੀਆ ਨੇ ਜ਼ਮੀਨਾਂ ਦੀਆਂ ਫਰਦਾਂ ਸੌਂਪੀਆਂ
ਕਪੂਰੀ (ਪਟਿਆਲਾ), 23 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਸਰਕਾਰ ਵੱਲੋਂ ਪੰਜਾਬ ਦੇ 202 ਪਿੰਡਾਂ ਦੇ 14308 ਕਿਸਾਨਾਂ ਨੂੰ ਐਸ.ਵਾਈ.ਐਲ. ਨਹਿਰ ਵਾਲੀ 4161 ਏਕੜ ਜਮੀਨ ਮੁਫ਼ਤ ਵਾਪਸ ਕਰਨ ਦੇ ਲਏ ਇਤਿਹਾਸਕ ਫੈਸਲੇ ਨੂੰ ਪੰਜਾਬ ਦੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਪੂਰੀ ਵਿਖੇ ਅਮਲੀ ਜਾਮਾ ਪਹਿਨਾਉਂਦਿਆਂ ਤਕਰੀਬਨ 34 ਸਾਲ ਪਹਿਲਾਂ ਕਪੂਰੀ ਦੀ ਧਰਤੀ ਤੋਂ ਸ਼ੁਰੂ ਹੋਏ ਇਸ ਵਿਵਾਦ ਨੂੰ ਕਪੂਰੀ ਦੀ ਧਰਤੀ ‘ਤੇ ਹੀ ਸਮਾਪਤ ਕਰ ਦਿੱਤਾ।
ਪੰਜਾਬ ਤੇ ਹਰਿਆਣਾ ਦੀ ਸਰਹੱਦ ‘ਤੇ ਵਸੇ ਇਸ ਪਿੰਡ ਕਪੂਰੀ ਵਿਖੇ ਅੱਜ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਤਕਰੀਬਨ 10 ਪਿੰਡਾਂ ਦੇ ਕਿਸਾਨਾਂ ਨੂੰ ਉਹਨਾਂ ਦੀਆਂ ਨਹਿਰ ਦੀ ਉਸਾਰੀ ਲਈ 34 ਸਾਲ ਪਹਿਲਾਂ ਐਕਵਾਇਰ ਕੀਤੀਆਂ ਗਈਆਂ ਜ਼ਮੀਨਾਂ ਬਿਲਕੁੱਲ ਮੁਫ਼ਤ ਵਾਪਸ ਕਰ ਦਿੱਤੀਆਂ। ਸ: ਮਜੀਠੀਆ ਨੇ ਪਿੰਡ ਕਪੂਰੀ ਵਿਖੇ ਇੱਕ ਪ੍ਰਭਾਵਸ਼ਾਲੀ ਇਕੱਠ ਦੌਰਾਨ ਕਪੂਰੀ, ਫਰੀਦਪੁਰ ਜੱਟਾਂ, ਕਮਾਲਪੁਰ, ਸਰਾਲਾ ਕਲਾਂ, ਕਬੂਲਪੁਰ, ਲਾਛੜੂ ਖੁਰਦ, ਸਨੌਲੀਆਂ ਤੇ ਲਾਛੜੂ ਕਲਾਂ ਦੇ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦੀ ਮਾਲਕੀ ਦੀਆਂ ਫਰਦਾਂ ਸਪੁਰਦ ਕੀਤੀਆਂ।
ਇਸ ਮੌਕੇ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਸਾਡੀ ਭਾਵੇਂ ਜਾਨ ਵੀ ਚਲੀ ਜਾਵੇ ਪਰ ਪੰਜਾਬ ਦੇ ਪਾਣੀਆਂ ‘ਤੇ ਡਾਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਐਸ.ਵਾਈ.ਐਲ. ਦੀ ਉਸਾਰੀ ਕਿਸੇ ਵੀ ਕੀਮਤ ‘ਤੇ ਨਹੀਂ ਹੋਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਜੇ ਐਸ.ਵਾਈ.ਐਲ. ਉਸਾਰੀ ਹੋ ਜਾਂਦੀ ਤਾਂ ਪੰਜਾਬ ਦੀ ਜਰਖੇਜ਼ ਧਰਤੀ ਨੇ ਮਾਰੂਥਲ ਦਾ ਰੂਪ ਧਾਰ ਲੈਣਾ ਸੀ ਕਿਉਂਕਿ ਪੰਜਾਬ ਦੇ ਜ਼ਿਆਦਾਤਰ ਹਿੱਸੇ ਦਾ ਪਾਣੀ ਪਹਿਲਾਂ ਹੀ ਬਹੁਤ ਹੇਠਾਂ ਚਲਿਆ ਗਿਆ ਹੈ। ਸ: ਮਜੀਠੀਆ ਨੇ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਇੱਥੋਂ ਦੀ ਆਰਥਿਕਤਾ ਦਾ ਮੁੱਖ ਧੁਰਾ ਖੇਤੀਬਾੜੀ ਹੈ ਜੋ ਕਿ ਪੂਰਨ ਤੌਰ ‘ਤੇ ਪਾਣੀ ‘ਤੇ ਨਿਰਭਰ ਕਰਦੀ ਹੈ ਪਰ ਜੇ ਪਾਣੀ ਹੀ ਨਾ ਰਿਹਾ ਤਾਂ ਪੰਜਾਬ ਦੀ ਖੇਤੀਬਾੜੀ ਤੇ ਕ੍ਰਿਸਾਨੀ ਤਬਾਹੀ ਦੇ ਕੰਢੇ ‘ਤੇ ਖੜ੍ਹੀ ਹੋ ਜਾਵੇਗੀ। ਸ: ਮਜੀਠੀਆ ਨੇ ਕਿਹਾ ਕਿ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕਿਸਾਨਾਂ ਨੂੰ ਦੱਸਣ ਕਿ ਸਰਕਾਰ ਵੱਲੋਂ ਬਿਲਕੁੱਲ ਮੁਫ਼ਤ ਵਾਪਸ ਕੀਤੀ ਐਸ.ਵਾਈ.ਐਲ. ਵਾਲੀ ਜ਼ਮੀਨ ਪੱਧਰ ਕਰਨ ਲਈ ਡੀਜ਼ਲ ਵਾਸਤੇ 10 ਹਜ਼ਾਰ ਰੁਪਏ ਪ੍ਰਤੀ ਏਕੜ ਮੁਹੱਈਆ ਕਰਵਾਇਆ ਜਾਵੇਗਾ।
ਮਾਲ ਮੰਤਰੀ ਸ: ਮਜੀਠੀਆ ਨੇ ਕਿਹਾ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਣਖੀਲੇ ਪੰਜਾਬੀਆਂ ਨੂੰ ਘਸਿਆਰੇ ਬਣਾਉਣ ਲਈ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਨ ਦੀ ਵਿਊਂਤ ਬਣਾਈ ਸੀ ਤਾਂ ਕਿ ਪੰਜਾਬ ਨੂੰ ਮਾਰੂਥਲ ਬਣਾ ਕੇ ਆਰਥਿਕ ਤੌਰ ‘ਤੇ ਤਬਾਹ ਕੀਤਾ ਜਾ ਸਕੇ ਅਤੇ ਇਸੇ ਸਾਜਿਸ਼ ਤਹਿਤ 1976 ਵਿੱਚ ਕਾਂਗਰਸ ਨੇ ਰਿਪੇਰੀਅਨ ਸਿਧਾਤਾਂ ਨੂੰ ਛਿੱਕੇ ਟੰਗ ਕੇ ਪੰਜਾਬ ਤੇ ਹਰਿਆਣਾ ਵਿੱਚ ਪਾਣੀ ਵੰਡਣ ਦਾ ਫੁਰਮਾਨ ਜਾਰੀ ਕੀਤਾ ਅਤੇ 8 ਅਪਰੈਲ 1982 ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਿੱਘੇ ਸੱਦੇ ‘ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਪੂਰੀ ਵਿਖੇ ਕੈਪਟਨ ਸਾਹਿਬ ਵੱਲੋਂ ਭੇਂਟ ਕੀਤੀ ਚਾਂਦੀ ਦੀ ਕਹੀ ਨਾਲ ਟੱਕ ਲਾ ਕੇ ਐਸ.ਵਾਈ.ਐਲ. ਨਹਿਰ ਦੀ ਉਸਾਰੀ ਸ਼ੁਰੂ ਕਰਵਾਈ। ਸ: ਮਜੀਠੀਆ ਨੇ ਕਿਹਾ ਕਿ ਹੁਣ ਇਹੀ ਕੈਪਟਨ ਸਾਹਿਬ ਅਸਤੀਫੇ ਦੇ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਆਮ ਆਦਮੀ ਪਾਰਟੀ ‘ਤੇ ਤਾਬੜਤੋੜ ਹਮਲੇ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਐਸ.ਵਾਈ.ਐਲ. ਦੇ ਮੁੱਦੇ ‘ਤੇ ਦੋਹਰੀ ਨੀਤੀ ਅਪਣਾਉਂਦਿਆਂ ਬਿਲਕੁੱਲ ਚੁੱਪ ਵੱਟ ਰੱਖੀ ਹੈ ਉਹਨਾਂ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਰਿਆਣਾ ਦਾ ਪੱਖ ਪੂਰਿਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਜੇ ਪੰਜਾਬ ਦੇ ਕਿਸਾਨਾਂ ਦੇ ਹਿਤੈਸ਼ੀ ਹਨ ਤਾਂ ਤੁਰੰਤ ਐਸ.ਵਾਈ.ਐਲ. ਦੇ ਮਾਮਲੇ ‘ਤੇ ਆਪਣੀ ਪਾਰਟੀ ਦਾ ਪੱਖ ਸਾਹਮਣੇ ਰੱਖਣ। ਸ: ਮਜੀਠੀਆ ਨੇ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਮਾਲ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਿੰਡਾਂ ਵਿੱਚ ਕੈਂਪ ਲਗਾ ਕੇ ਬਾਕੀ ਕਿਸਾਨਾਂ ਨੂੰ ਵੀ ਉਹਨਾਂ ਦੀ ਵਾਪਸ ਕੀਤੀ ਗਈ ਜ਼ਮੀਨ ਦੀਆਂ ਫਰਦਾਂ ਤੁਰੰਤ ਮੁਹੱਈਆਂ ਕਰਵਾਉਣ। ਇਸ ਮੌਕੇ ਜਿੱਥੇ ਇਲਾਕੇ ਦੇ ਕਿਸਾਨਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਇਤਿਹਾਸਕ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸ: ਮਜੀਠੀਆ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਸ: ਮਜੀਠੀਆ ਵੱਲੋਂ ਇਸ ਕਾਰਜ ਲਈ ਮਾਲ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਸ਼ਾਨਦਾਰ ਸੇਵਾਵਾਂ ਕਾਰਨ ਵਿੱਤ ਕਮਿਸ਼ਨਰ ਮਾਲ ਸ਼੍ਰੀ ਕੇ.ਬੀ. ਐਸ. ਸਿੱਧੂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਲਕਾ ਘਨੌਰ ਦੇ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਕਿਸਾਨਾਂ ਨੂੰ ਜਮੀਨਾਂ ਵਾਪਸ ਕਰਨ ਦੇ ਲਏ ਇਤਿਹਾਸਕ ਫੈਸਲੇ ‘ਤੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਇਤਿਹਾਸਕ ਫੈਸਲੇ ਲਈ ਪੰਜਾਬ ਦੇ ਕਿਸਾਨ ਸਦਾ ਰਿਣੀ ਰਹਿਣਗੇ। ਇਸ ਮੌਕੇ ਸਾਬਕਾ ਮੰਤਰੀ ਸ: ਅਜਾਇਬ ਸਿੰਘ ਮੁਖਮੈਲਪੁਰ, ਮੁੱਖ ਮੰਤਰੀ ਦੇ ਸਲਾਹਕਾਰ ਸ: ਪਰਮਿੰਦਰ ਸਿੰਘ ਸੇਖੋਂ, ਉਪ ਮੁੱਖ ਮੰਤਰੀ ਦੇ ਸਲਾਹਕਾਰ ਸ਼੍ਰੀ ਮਨਜਿੰਦਰ ਸਿੰਘ ਸਿਰਸਾ, ਉਪ ਮੁੱਖ ਮੰਤਰੀ ਦੇ ਓ.ਐਸ.ਡੀ. ਸ: ਪਰਮਿੰਦਰ ਸਿੰਘ ਬਰਾੜ, ਡਵੀਜ਼ਨਲ ਕਮਿਸ਼ਨਰ ਸ਼੍ਰੀ ਅਜੀਤ ਸਿੰਘ ਪੰਨੂੰ,ਸ੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸ: ਰਣਧੀਰ ਸਿੰਘ ਰੱਖੜਾ, ਯੂਥ ਅਕਾਲੀ ਦਾ ਮਾਲਵਾ ਜੋਨ 2 ਦੇ ਪ੍ਰਧਾਨ ਸ਼੍ਰੀ ਹਰਪਾਲ ਜੁਨੇਜਾ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਸੁਖਵੀਰ ਸਿੰਘ ਸਨੌਰ, ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸ਼੍ਰੀ ਕੁਲਵਿੰਦਰ ਸਿੰਘ ਵਿੱਕੀ ਰਿਵਾਜ, ਦਿਹਾਤੀ ਦੇ ਪ੍ਰਧਾਨ ਸ਼੍ਰੀ ਮਨਜੋਤ ਸਿੰਘ ਚਾਹਲ, ਜੈਨਕੋ ਲਿਮਟਿਡ ਦੇ ਉਪ ਚੇਅਰਮੈਨ ਸ: ਫੌਜਇੰਦਰ ਸਿੰਘ ਮੁਖਮੈਲਪੁਰ, ਯੂਥ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸ਼੍ਰੀ ਰਣਜੀਤ ਸਿੰਘ ਰਾਣਾ, ਸ਼੍ਰੀ ਹੈਰੀ ਮੁਖਮੈਲਪੁਰ, ਐਸ.ਜੀ.ਪੀ.ਸੀ. ਮੈਂਬਰ ਸ਼੍ਰੀ ਜਸਮੇਰ ਸਿੰਘ ਲਾਛੜੂ, ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਸ: ਨਰਦੇਵ ਸਿੰਘ ਆਕੜੀ, ਸ਼੍ਰੀ ਹਰਪ੍ਰੀਤ ਸਿੰਘ ਘੁੰਮਣ, ਚੇਅਰਮੈਨ ਸ਼੍ਰੀ ਅਵਤਾਰ ਸਿੰਘ ਕਪੂਰੀ, ਸ਼੍ਰੀ ਅਮਰਿੰਦਰ ਸਿੰਘ ਭੱਟਮਾਜਰਾ, ਐਮ.ਸੀ. ਸ਼੍ਰੀ ਗੋਬਿੰਦ ਵੈਦ, ਸ਼੍ਰੀ ਹਰਬਖਸ਼ ਸਿੰਘ ਚਾਹਲ, ਸ਼੍ਰੀ ਜੌਨੀ ਕੋਹਲੀ, ਸ਼੍ਰੀ ਅਰਵਿੰਦਰਪਾਲ ਸਿੰਘ ਰਾਜੂ, ਐਸ.ਡੀ.ਐਮ. ਰਾਜਪੁਰਾ ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਸ਼੍ਰੀ ਹਰਪ੍ਰੀਤ ਸਿੰਘ ਅਬਦੁਲਪੁਰ, ਸ਼੍ਰੀ ਜਸਪ੍ਰੀਤ ਸਿੰਘ ਝੰਬਾਲੀ ਪ੍ਰਧਾਨ ਆਈ.ਟੀ. ਵਿੰਗ , ਸ਼੍ਰੀ ਸਤਬੀਰ ਸਿੰਘ ਸਨੌਰ, ਸ੍ਰੀ ਸਤਿੰਦਰ ਸਿੰਘ ਗਰੋਵਰ, ਸ਼੍ਰੀ ਜਸਵਿੰਦਰ ਸਿੰਘ ਕੁੱਥਾਖੇੜੀ, ਸ਼੍ਰੀ ਭੁਪਿੰਦਰ ਸਿੰਘ ਲਾਛੜੂ, ਸ਼ੀ੍ਰ ਹਰਪਾਲ ਸਿੰਘ ਸਰਾਓ, ਸ਼੍ਰੀ ਜਸਵਿੰਦਰ ਸਿੰਘ ਕੰਬੋਜ, ਸ਼੍ਰੀ ਨਰੇਸ਼ ਕਪੂਰੀ, ਸ: ਜਰਨੈਲ ਸਿੰਘ ਸੌਂਟਾ ਅਤੇ ਵੱਡੀ ਗਿਣਤੀ ਵਿੱਚ ਹਲਕਾ ਘਨੌਰ ਦੇ ਕਿਸਾਨ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

