ਪੰਜਾਬਪਟਿਆਲਾ

ਆਮ ਲੋਕਾਂ ‘ਚ ਖੜੇ ਨਜ਼ਰ ਆਏ ਹਰਪਾਲ ਜੁਨੇਜਾ

ਸਮਾਗਮ ਜਾਂ ਰੈਲੀ ਨੂੰ ਸਫਲ ਬਣਾਉਣਾ ਮੇਰਾ ਮੁੱਖ ਮੰਤਵ : ਹਰਪਾਲ ਜੁਨੇਜਾ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਅਕਸਰ ਹੀ ਵੇਖਣ ‘ਚ ਆਉਂਦਾ ਹੈ ਸਿਆਸਤਦਾਨ ਅਖ਼ਬਾਰ ਅਤੇ ਖ਼ਬਰਾਂ ਦੀਆਂ ਸੁਰਖੀਆਂ ‘ਚ ਬਣੇ ਰਹਿਣ ਲਈ ਮੰਤਰੀ ਦੇ ਆਲੇ-ਦੁਆਲੇ ਫੋਟੋਆਂ ਖਿਚਵਾਉਣ ਨੂੰ ਤਰਜੀਹ ਦਿੰਦੇ ਅਤੇ ਅਨੁਸ਼ਾਸਨ ਭੰਗ ਕਰਦੇ ਨਜ਼ਰ ਆਉਂਦੇ ਹਨ, ਪ੍ਰੰਤੂ ਪਿੰਡ ਕਪੂਰੀ ਦੇ ਸਰਕਾਰੀ ਸਕੂਲ ‘ਚ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੇ ਕਾਗਜ਼ ਵਾਪਸ ਕਰਨ ਲਈ ਸਰਕਾਰੀ ਪੱਧਰ ‘ਤੇ ਸਮਾਗਮ ਰੱਖਿਆ ਗਿਆ, ਜਿਸ ਵਿਚ ਮਾਲ ਵਿਭਾਗ ਦੇ ਮੰਤਰੀ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆਂ ਨੇ ਸ਼ਿਰਕਤ ਕੀਤੀ ਸੀ।
ਸਮਾਗਮ ਨੂੰ ਪ੍ਰਭਾਵਸ਼ਾਲੀ ਬਣਾਉਣ ਅਤੇ ਲੋਕਾਂ ‘ਚ ਅਕਾਲੀ ਦਲ ਦੀ ਸਰਕਾਰ ਦਾ ਪ੍ਰਭਾਵ ਬਰਕਰਾਰ ਰੱਖਣ ਲਈ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਹਿਮ ਭੂਮਿਕਾ ਰਹੀ, ਜੋ ਸਮਾਗਮ ਵਾਲੀ ਜਗ੍ਹਾ ‘ਤੇ ਫਲੈਕਸਾਂ ਤੇ ਝੰਡੀਆਂ ਲਗਵਾ ਰਹੇ ਸਨ, ਇਥੋਂ ਤੱਕ ਕਿ ਉਨ੍ਹਾਂ ਨੇ ਖ਼ੁਦ ਸਟੇਜ ਲਗਵਾਉਣ ਅਤੇ ਲੋਕਾਂ ਦੇ ਬੈਠਣ ਲਈ ਕੁਰਸੀਆਂ ਦਾ ਇੰਤਜ਼ਾਮ ਕਰਵਾਇਆ। ਸਮਾਗਮ ਵਾਲੀ ਥਾਂ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਅਤੇ ਬਿਕਰਮ ਸਿੰਘ ਮਜੀਠੀਆ ਦੀਆਂ ਫੋਟੋਆਂ ਵਾਲੀਆਂ ਫਲੈਕਸਾਂ ਅਤੇ ਜਗ੍ਹਾ-ਜਗ੍ਹਾ ‘ਤੇ ਲਗਾਈਆਂ ਕੇਸਰੀ ਝੰਡੀਆਂ ਨੂੰ ਵੇਖ ਕੇ ਇੰਝ ਜਾਪ ਰਿਹਾ ਸੀ ਜਿਵੇਂ ਅਕਾਲੀ ਦਲ ਨੇ ਕੋਈ ਰੈਲੀ ਪ੍ਰੋਗਰਾਮ ਰੱਖਿਆ ਹੋਵੇ।
ਹਰਪਾਲ ਜੁਨੇਜਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਯੂਥ ਵਰਕਰਾਂ ਤੇ ਸਮਰਥਕਾਂ ਨੇ ਅਨੁਸ਼ਾਸਨ ਬਣਾਈ ਰੱਖਿਆ ਅਤੇ ਸਮਾਗਮ ਦੀ ਸਫਲਤਾ ‘ਚ ਹੋਰ ਚਾਰ ਚੰਨ ਲਾਏ। ਇਸ ਦੌਰਾਨ ਹਰਪਾਲ ਜੁਨੇਜਾ ਦੀ ਅਕਾਲੀ ਦਲ ਨੂੰ ਸਮਰਪਿਤ ਭਾਵਨਾ ਵਾਲੀ ਝਲਕ ਵੇਖਣ ਨੂੰ ਮਿਲੀ, ਜੋ ਸਮਾਗਮ ਦੇ ਆਰੰਭ ਤੋਂ ਅਖੀਰ ਤੱਕ ਸਟੇਜ ਤੋਂ ਹੇਠਾਂ ਹੀ ਆਮ ਲੋਕਾਂ ‘ਚ ਖੜੇ ਰਹੇ ਅਤੇ ਲੋਕਾਂ ‘ਚ ਇਹ ਚਰਚਾ ਬਣੀ ਕਿ ਅਕਾਲੀ ਦਲ ਦਾ ਅਸਲ ਸਿਪਾਹੀ ਤਾਂ ਉਹ ਖੜਾ, ਪ੍ਰੰਤੂ ਫੋਟੋਆਂ ਖਿਚਵਾਉਣ ਦੇ ਸ਼ੌਕੀਨ ਸਟੇਜ ‘ਤੇ ਚੜ ਕੇ ਫੋਟੋ ਖਿਚਵਾਉਣ ਦਾ ਕੋਈ ਮੌਕਾ ਨਹੀਂ ਸੀ ਛੱਡ ਰਹੇ।
ਇਸ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਪਾਰਟੀ ਵੱਲੋਂ ਜਦੋਂ ਉਨ੍ਹਾਂ ਦੀ ਡਿਊਟੀ ਲਗਾਈ ਜਾਂਦੀ ਹੈ ਤਾਂ ਉਸ ‘ਤੇ ਪਹਿਰਾ ਦੇਣਾ ਮੇਰਾ ਮੁੱਖ ਮੰਤਵ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਮਾਗਮ ਭਾਵੇਂ ਸਰਕਾਰੀ ਪੱਧਰ ‘ਤੇ ਸੀ, ਪ੍ਰੰਤੂ ਸਮਾਗਮ ਜਾਂ ਰੈਲੀ ਨੂੰ ਸਫਲ ਬਣਾਉਣਾ ਪਾਰਟੀ ਸੱਚਾ ਸਿਪਾਹੀ ਹੋਣ ਦੇ ਨਾਤੇ ਇਹ ਅਹਿਮ ਹੋ ਜਾਂਦਾ ਹੈ ਕਿ ਲਗਾਈ ਡਿਊਟੀ ਨੂੰ ਤਨਦੇਹੀ,ਇਮਾਨਦਾਰੀ ਨਾਲ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਰਾਜ ਨਹੀਂ ਸੇਵਾ ਤਹਿਤ ਕੰਮ ਕਰ ਰਹੀ ਹੈ ਅਤੇ ਮੇਰਾ ਨਿਸ਼ਾਨਾ ਵੀ ਲੋਕ ਸੇਵਾ ਕਰਨਾ, ਜਿਸ ‘ਤੇ ਹਮੇਸ਼ਾ ਪਹਿਰਾ ਦਿੱਤਾ ਜਾਂਦਾ ਰਹੇਗਾ।

Leave a Reply

Your email address will not be published. Required fields are marked *