ਐਸ.ਵਾਈ.ਐਲ ਦੇ ਮੁੱਦੇ ਅਤੇ ਭ੍ਰਿਸ਼ਟਾਚਾਰ ਉਜਾਗਰ ਹੋਣ ਤੋਂ ਬਾਅਦ ਪੰਜਾਬੀਆਂ ਦੇ ਗੁੱਸੇ ਤੋਂ ਡਰਦਾ ਕੇਜਰੀਵਾਲ ਦਿੱਲੀ ਭੱਜਿਆ: ਢੀਂਡਸਾ
(ਪੰਜਾਬੀਆਂ ਦੀ ‘ਆਓ ਭਗਤ’ ਨੇ ਕੇਜਰੀਵਾਲ ਦਾ ਉਤਸ਼ਾਹ ਮੱਠਾ ਪਾਇਆ)
ਚੰਡੀਗੜ੍ਹ, 24 ਨਵੰਬਰ (੍ਰਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਦਾ ਮੁੱਦਾ ਉਜਾਗਰ ਹੋਣ ਤੋਂ ਬਾਅਦ ਪੰਜਾਬੀਆਂ ਦੇ ਗੁੱਸੇ ਤੋਂ ਡਰਦਿਆਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੌਰਾ ਤਿਆਗ ਦਿੱਤਾ ਅਤੇ ਦਿੱਲੀ ਭੱਜ ਗਿਆ ਹੈ।
ਜਾਰੀ ਇਕ ਬਿਆਨ ਵਿਚ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਹਿਲਾਂ ਤੋਂ ਹੀ ਪੂਰੀ ਵਿਸਥਾਰ ਨਾਲ ਬਣੇ ਹੋਏ ਦਸ ਦਿਨਾਂ ਪੰਜਾਬ ਦੌਰੇ ਨੂੰ ਇਕਦਮ ਮੁਲਤਵੀ ਸਿਰਫ ਇਸ ਲਈ ਕੀਤਾ ਗਿਆ ਹੈ ਕਿਉਂ ਕਿ ਆਮ ਆਦਮੀ ਪਾਰਟੀ ਵਿਚ ਭ੍ਰਿਸ਼ਟਚਾਰ ਹੋਣ ਦੇ ਦੋਸ਼ ਸੀਨੀਅਰ ‘ਆਪ’ ਆਗੂਆਂ ਵੱਲੋਂ ਲਗਾਏ ਗਏ ਹਨ ਅਤੇ ਭ੍ਰਿਸ਼ਟਾਚਾਰੀ ਹੋਣ ਦਾ ਦੋਸ਼ ਕੇਜਰੀਵਾਲ ‘ਤੇ ਵੀ ਲਗਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਭੋਆ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਨੋਦ ਕੁਮਾਰ ਨੇ ਸਾਫ ਤੌਰ ‘ਤੇ ਕਿਹਾ ਹੈ ਕਿ ‘ਆਪ’ ਦੀ ਟਿਕਟ ਲਈ ਉਸ ਤੋਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੇ ਇਕ ਕਰੋੜ ਰੁਪਏ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਵਿਨੋਦ, ਜੋ ਕਿ ਇਕ ਪੱਤਰਕਾਰ ਵੀ ਰਹਿ ਚੁੱਕਾ ਹੈ, ਨੇ ਇਸ ਦੀ ਸ਼ਿਕਾਇਤ ਕੇਜਰੀਵਾਲ ਕੋਲ ਕੀਤੀ ਸੀ ਪਰ ਉਸ ਨੇ ਕਿਹਾ ਕਿ ਜਿਵੇਂ ਸੰਜੇ ਤੇ ਪਾਠਕ ਆਖ ਰਹੇ ਹਨ ਉਵੇਂ ਹੀ ਕਰੋ।
ਅਕਾਲੀ ਆਗੂ ਨੇ ਕਿਹਾ ਕਿ ਇਸ ਸਾਰੇ ਮਾਮਲੇ ਨੂੰ ਚੋਣ ਕਮਿਸ਼ਨ ਅਤੇ ਹੋਰ ਜਾਂਚ ਏਜੰਸੀਆਂ ਵੱਲੋਂ ਪੜਤਾਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਨੋਦ ਨੇ ਇਹ ਵੀ ਜੱਗ ਜ਼ਾਹਿਰ ਕੀਤਾ ਹੈ ਕਿ ਉਸ ਨੂੰ ਆਪ ਆਗੂ ਅਮਨ ਅਰੋੜਾ ਦੇ ਚੰਡੀਗੜ੍ਹ ਸਥਿਤ ਸੈਕਟਰ 18 ਵਾਲੇ ਘਰ ਵਿਚ ਪੈਸਾ ‘ਜਮ੍ਹਾਂ’ ਕਰਾਉਣ ਲਈ ਕਿਹਾ ਗਿਆ ਸੀ। ਵਿਨੋਦ ਨੇ ਇਹ ਵੀ ਦੱਸਿਆ ਹੈ ਕਿ ਦੁਰਗੇਸ਼ ਪਾਠਕ ਨੇ ਉਸ ਨੂੰ 30 ਲੱਖ ਰੁਪਏ ਦੇਣ ਦਾ ਪ੍ਰਸਤਾਵ ਦਿੱਤਾ ਸੀ ਅਤੇ ਕਿਹਾ ਕਿ ਉਹ ਪ੍ਰੈੱਸ ਕਾਨਫਰੰਸ ਕਰਕੇ ਆਪਣੀ ਉਮੀਦਵਾਰੀ ‘ਪਰਿਵਾਰ ਸਮੱਸਿਆਵਾਂ’ ਦਾ ਬਹਾਨਾ ਕਰਕੇ ਛੱਡ ਦੇਵੇ।
ਢੀਂਡਸਾ ਨੇ ਕਿਹਾ ਕਿ ਆਪ ਆਗੂਆਂ ਉੱਤੇ ਭ੍ਰਿਸ਼ਟਾਚਾਰ ਦੇ ਲੱਗ ਰਹੇ ਬਹੁਤ ਸਾਰੇ ਦੋਸ਼ਾਂ ਵਿਚੋਂ ਇਹ ਤਾਂ ਸਿਰਫ ਇਕ ਮਾਮਲਾ ਹੈ ਅਤੇ ਆਮ ਆਦਮੀ ਪਾਰਟੀ ਤਾਂ ਭ੍ਰਿਸ਼ਟਾਚਾਰ, ਅਪਰਾਧਾਂ ਅਤੇ ਚਰਿੱਤਰਹੀਣ ਸੁਭਾਅ ਵਾਲੇ ਲੋਕਾਂ ਨਾਲ ਭਰੀ ਪਈ ਹੈ।ਉਨ੍ਹਾਂ ਕਿਹਾ ਕਿ ਹੁਣ ਪੰਜਾਬੀਆਂ ਨੇ ਇਸ ਪਾਰਟੀ ਦੀ ਗਲਤ ਸਿਆਸਤ ਖਿਲਾਫ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਇਹੀ ਕਾਰਣ ਹੈ ਕਿ ਪੰਜਾਬੀਆਂ ਦੇ ਗੁੱਸੇ ਤੋਂ ਡਰਦਾ ਕੇਜਰੀਵਾਲ ਦਿੱਲੀ ਭੱਜ ਗਿਆ ਹੈ ਅਤੇ ਉਸ ਦਾ ਉਤਸ਼ਾਹ ਵੀ ਮੱਠਾ ਪੈ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਦੇ ਪੰਜਾਬ ਦੌਰੇ ਨੂੰ ਪੰਜਾਬੀ ਪਹਿਲਾਂ ਹੀ ਸਿਰੇ ਤੋਂ ਰੱਦ ਕਰ ਚੁੱਕੇ ਹਨ ਅਤੇ ਪਟਿਆਲਾ ਜ਼ਿਲ੍ਹੇ ਦੇ ਕਪੂਰੀ ਪਿੰਡ ਵਿਚ ਆਪ ਵੱਲੋਂ ਲਾਏ ਅਣਮਿੱਥੇ ਸਮੇਂ ਦੇ ਧਰਨੇ ਵਿਚ ਵੀ ਕਿਸੇ ਨੇ ਸ਼ਿਰਕਤ ਨਹੀਂ ਕੀਤੀ ਜਿਸ ਕਰਕੇ ਆਪ ਵਾਲਿਆਂ ਨੂੰ ਕੁਝ ਦਿਨਾਂ ਬਾਅਦ ਹੀ ਧਰਨਾ ਚੱਕਣਾ ਪੈ ਗਿਆ।ਉਨ੍ਹਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਕੇਜਰੀਵਾਲ ਨੇ ਪੰਜਾਬੀਆਂ ਨੂੰ ਮੂਰਖ ਬਣਾਉਣ ਲਈ ਪੰਜਾਬ ਦੌਰਾ ਕਰਨ ਦੀ ਸੋਚੀ ਜਦਕਿ ਐਸਵਾਈਐਲ ਦੇ ਮੁੱਦੇ ‘ਤੇ ਪੰਜਾਬੀਆਂ ਵੱਲੋਂ ਪੁੱਛੇ ਗਏ ‘ਆਪ’ ਦੇ ਸਟੈਂਡ ਬਾਰੇ ਕੇਜਰੀਵਾਲ ਕੋਈ ਜਵਾਬ ਨਹੀਂ ਦੇ ਸਕਿਆ ਕਿ ਉਸ ਨੇ ਕਿਉਂ ਹਰਿਆਣਾ ਦੇ ਹੱਕ ਵਿਚ ਆਵਾਜ਼ ਉਠਾਈ ਸੀ।
ਉਨ੍ਹਾਂ ਕਿਹਾ ਕਿ ਏਨਾ ਹੀ ਨਹੀਂ ਆਪ ਦੇ ਸਮੱਰਥਕ ਹੁਣ ਕੇਜਰੀਵਾਲ ਖਿਲਾਫ ਰੋਸ ਵੀ ਦਰਸਾ ਰਹੇ ਹਨ ਅਤੇ ਅਜਿਹਾ ਹੀ ਨਜ਼ਾਰਾ ਨਿਹਾਲ ਸਿੰਘ ਵਾਲਾ ਵਿਖੇ ਰੱਖੀ ਮੀਟਿੰਗ ਵਿਚ ਵੇਖਣ ਨੂੰ ਮਿਲਿਆ ਜਿੱਥੇ ਕਿ ਕੇਜਰੀਵਾਲ ਨੇ ਸੰਬੋਧਨ ਕਰਨਾ ਸੀ। ਉਨ੍ਹਾਂ ਕਿਹਾ ਕਿ ਆਪ ਵੱਲੋਂ ਟਿਕਟਾਂ ਵੇਚੇ ਜਾਣ ਦਾ ਮੁੱਦਾ ਜੰਡਿਆਲਾ ਗੁਰੂ ਤੋਂ ਆਪ ਦੇ ਇਕ ਸਮੱਰਥਕ ਨੇ ਵੀ ਚੁੱਕਿਆ ਸੀ ਕਿ ਪਾਰਟੀ ਨੇ ਬਾਹਰਲੇ ਉਮੀਦਵਾਰ ਨੂੰ ਟਿਕਟ ਵੇਚੀ ਹੈ।ਉਨ੍ਹਾਂ ਪੁੱਛਿਆ ਕਿ ਕੇਜਰੀਵਾਲ ਸੰਜੇ ਸਿੰਘ ਵਰਗੇ ਆਗੂਆਂ ਨੂੰ ਉਤਸ਼ਾਹਿਤ ਕਿਉਂ ਕਰ ਰਿਹਾ ਹੈ ਜਦਕਿ ਉਸ ਖਿਲਾਫ ਕਿੰਨੇ ਹੀ ਗੰਭੀਰ ਦੋਸ਼ ਲੱਗ ਰਹੇ ਹਨ। ਢੀਂਡਸਾ ਨੇ ਕਿਹਾ ਕਿ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਕੇਜਰੀਵਾਲ ਦਿੱਲੀ ਭੱਜ ਗਿਆ ਹੈ।

