ਪੰਜਾਬ

ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਨਾਲ ਕੇਜਰੀਵਾਲ ਨੇ ਦੁਖ ਸਾਂਝਾ

ਅੰਮ੍ਰਿਤਸਰ, 26 ਨਵੰਬਰ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੇ ਪਿੰਡ ਮਾਜੂਪੁਰਾ ਵਿਖੇ ਮ੍ਰਿਤਕ ਕਿਸਾਨ ਰਵਿੰਦਰ ਸਿੰਘ ਪੰਨੂ ਦੇ ਘਰ ਜਾ ਕੇ ਪੀੜਤ ਪਰਿਵਾਰ ਨਾਲ ਦੁਖ ਸਾਂਝਾ ਕੀਤਾ। ਨੋਟਬੰਦੀ ਕਾਰਨ ਹੋਈ ਖੱਜਲ-ਖੁਆਰੀ ਕਾਰਨ ਰਵਿੰਦਰ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ।
5 ਦਸੰਬਰ ਨੂੰ ਉਸ ਦੀ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ, ਪ੍ਰੰਤੂ ਉਹ ਵਿਆਹ ਦੇ ਖਰਚਿਆਂ ਲਈ ਪੈਸੇ ਨਹੀਂ ਕਢਵਾ ਸਕਿਆ ਸੀ। ਪੀੜਤ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਕੋਈ ਵਿਅਕਤੀ ਆਪਣੀਆਂ ਬੱਚਤਾਂ ਵਿੱਚੋਂ ਧੀ ਦੇ ਵਿਆਹ ਲਈ ਲੋੜੀਂਦੇ ਪੈਸੇ ਵੀ ਨਹੀਂ ਕਢਵਾ ਸਕਦਾ, ਜਦਕਿ ਬੈਂਕ ਵੱਲੋਂ ਸਿਰਫ 2 ਹਜਾਰ ਰੁਪਏ ਦਾ ਨੋਟ ਫੜਾ ਦਿੱਤਾ ਜਾਂਦਾ ਹੈ। ਇਹ ਸਾਰੇ ਦੇਸ਼ ਵਿੱਚ ਹੋ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨੇ ਆਮ ਆਦਮੀ ਦੀ ਜਿੰਦਗੀ ਨੂੰ ਲੀਹੋਂ ਲਾਹੁਣ ਲਈ ਕਮਰ ਕਸੀ ਹੋਈ ਹੈ। ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ, ਵਪਾਰੀਆਂ ਤੇ ਛੋਟੇ ਦੁਕਾਨਦਾਰਾਂ ਨੂੰ ਨੋਟ ਬਦਲਵਾਉਣ ਲਈ ਲਗਾਤਾਰ ਲੰਮੀਆਂ ਕਤਾਰਾਂ ਵਿੱਚ ਖੜਨਾ ਪੈ ਰਿਹਾ ਹੈ, ਜਿਸ ਨਾਲ ਉਨਾਂ ਦਾ ਕਾਰੋਬਾਰ ਚੌਪਟ ਹੋ ਰਿਹਾ ਹੈ। ਉਨਾਂ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨੂੰ ਬੈਂਕ ਦੇ ਬਾਹਰ ਲਾਇਨਾਂ ਵਿੱਚ ਖੜੇ ਕਿਸਾਨ, ਦੁਕਾਨਦਾਰ, ਮਜਦੂਰ ਅਤੇ ਹੋਰ ਆਮ ਲੋਕ ਭ੍ਰਿਸ਼ਟ ਨਜਰ ਆਉਂਦੇ ਹਨ। ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਨੋਟਬੰਦੀ ਦੇ ਫੈਸਲੇ ਉਤੇ ਮੁੜ ਗੌਰ ਕਰਨ, ਤਾਂ ਜੋ ਲੋਕਾਂ ਨੂੰ ਹੋ ਰਹੀ ਬੇਲੋੜੀ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ।

Leave a Reply

Your email address will not be published. Required fields are marked *