ਪੰਜਾਬਪਟਿਆਲਾ

ਕੈਪਟਨ ਅਮਰਿੰਦਰ ਝੂਠ ਬੋਲ ਕੇ ਕਾਂਗਰਸ ਵੱਲੋਂ ਪੰਜਾਬ ਦੇ ਪਾਣੀਆਂ ‘ਤੇ ਮਾਰੇ ਗਏ ਡਾਕੇ ‘ਤੇ ਪਰਦਾ ਨਹੀਂ ਪਾ ਸਕਦਾ: ਪ੍ਰੋ. ਚੰਦੂਮਾਜਰਾ

ਪਟਿਆਲਾ, 26 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਝੂਠ ਬੋਲ ਕੇ ਕਾਂਗਰਸ ਵੱਲੋਂ ਪੰਜਾਬ ਦੇ ਪਾਣੀਆਂ ‘ਤੇ ਮਾਰੇ ਡਾਕੇ ‘ਤੇ ਪਰਦਾ ਨਹੀਂ ਪਾ ਸਕਦਾ। ਉਹ ਇਥੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਾਂਗਰਸ ਮੁੱਖ ਮੰਤਰੀਆਂ ਦੀ ਹਾਜ਼ਰੀ ਵਿਚ ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਪੂਰੀ ਤੋਂ ਟੱਕ ਲਗਾ ਕੇ ਐਸ.ਵਾਈ.ਐਲ. ਦਾ ਉਦਘਾਟਨ ਕੀਤਾ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਬਾਕੀ ਕਾਂਗਰਸੀਆਂ ਨੇ ਟੱਕ ਲਗਾਉਣ ਲਈ ਚਾਂਦੀ ਦੀ ਕਹੀ ਅਤੇ ਤਸਲਾ ਦਿੱਤਾ ਸੀ ਤਾਂ ਫੇਰ ਹੁਣ ਅਮਰਿੰਦਰ ਸਿੰਘ ਉਸੀ ਘਨੌਰ ਹਲਕੇ ਵਿਚ ਝੂਠ ਬੋਲ ਕੇ ਉਸੀ ਤੱਥ ਨੂੰ ਝੂਠਲਾਉਣ ਦਾ ਜਿਹੜਾ ਯਤਨ ਕਰ ਰਿਹਾ ਹੈ, ਕਾਂਗਰਸ ‘ਤੇ ਉਹ ਦਾਗ ਅਮਰਿੰਦਰ ਦੇ ਝੂਠ ਬੋਲਣ ਨਾਲ ਨਹੀਂ ਧੋਇਆ ਜਾਣਾ ਅਤੇ ਨਾ ਹੀ ਪੰਜਾਬ ਦੀ ਜਨਤਾ ਨੇ ਕਾਂਗਰਸ ਨੂੰ ਕਦੇ ਇਸ ਦੇ ਲਈ ਮੁਆਫ ਕਰਨਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਿੱਖਾਂ ਦੇ ਧਾਰਮਿਕ ਸਥਾਨਾ ‘ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲੇ ਕਰਨ ਅਤੇ ਪੰਜਾਬ ਦੇ ਪਾਣੀਆਂ ਡਾਕੇ ਮਾਰਨ ਵਾਲੀ ਕਾਂਗਰਸ ਪੰਜਾਬ ਵਿਚ ਸੱਤਾ ਵਿਚ ਆਉਣ ਦੇ ਸੁਪਨੇ ਲੈਣੇ ਬੰਦ ਕਰੇ। ਉਹਨਾਂ ਕਿਹਾ ਦੂਜੇ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹਮੇਸ਼ਾਂ ਹੀ ਪੰਜਾਬ ਦੇ ਹਿੱਤਾਂ ਦੀ ਲੜਾਈ ਲੜੀ ਹੈ। ਪਹਿਲੀ ਸਰਕਾਰ ਹੈ, ਜਿਸ ਨੇ ਐਸ.ਵਾਈ.ਐਲ. ਦੀ ਜਮੀਨ ਨੂੰ ਡੀਨੋਟੀਫਾਈ ਕਰਕੇ ਮੁੜ ਅਸਲੀ ਹੱਕਦਾਰਾਂ ਨੂੰ ਸੌਂਪ ਦਿੱਤੀ ਹੈ। ਇਥੋਂ ਤੱਕ ਕਿ ਕਿਸਾਨਾ ਦੇ ਨਾਮ ਇਤੰਕਾਲ ਵੀ ਚੜਾ ਦਿੱਤੇ ਗਏ ਹਨ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜਿਥੋਂ ਤੱਕ ਹਲਕਾ ਸਨੋਰ ਦਾ ਸਵਾਲ ਹੈ ਤਾਂ ਹਲਕਾ ਸਨੋਰ ਵਿਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇੱਕ ਦਿਨ ਵਿਚ 150 ਕਰੋੜ ਤੋਂ ਜਿਆਦਾ ਕੰਮਾਂ ਦਾ ਉਦਘਾਟਨ ਕਰਕੇ ਹਲਕੇ ਵਿਚ ਵਿਕਾਸ ਦਾ ਨਵਾਂ ਰਿਕਾਰਡ ਬਣਾ ਦਿੱਤਾ ਹੈ। ਇਸ ਮੌਕੇ ਸੀਨੀਅਰ ਐਡਵੋਕੇਟ ਕੁੰਦਨ ਸਿੰਘ ਨਾਗਰਾ, ਸੀਨੀਅਰ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਡਾਇਰਕੈਟਰ ਭੁਪਿੰਦਰ ਸਿੰਘ, ਜਥੇਦਾਰ ਜੈ ਸਿੰਘ ਡਕਾਲਾ, ਓ.ਐਸ.ਡੀ. ਹਰਦੇਵ ਹਰਪਾਲਪੁਰ, ਗਗਨਦੀਪ ਸਿੰਘ ਸੋਨੂੰ ਮੈਣੀ, ਜਥੇਦਾਰ ਜੈ ਸਿੰਘ ਡਕਾਲਾ, ਡਾ. ਯਸ਼ਪਾਲ ਖੰਨਾ, ਯਾਦਵਿੰਦਰ ਸਿੰਘ ਬਲਬੇੜਾ ਅਤੇ ਸਤਪਾਲ ਸਿੰਘ ਪੂਨੀਆ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *