ਪਟਿਆਲਾ

ਪੰਜਾਬੀਆਂ ਨੂੰ ਬਦਨਾਮ ਕਰਨ ਬਦਲੇ ਕੇਜਰੀਵਾਲ ਜਲਦ ਹੀ ਸਲਾਖਾਂ ਪਿੱਛੇ ਹੋਵੇਗਾ-ਚੰਦੂਮਾਜਰਾ

ਚੰਡੀਗੜ੍ਹ, 28 ਨਵੰਬਰ (ਮਧੂਸਾਰ ਬਿਊਰੋ)
ਪੰਜਾਬੀਆਂ ਨੂੰ ਇਕ ਵਾਰ ਫੇਰ ਨਸ਼ੱਈ ਕਹਿਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੇਜਰੀਵਾਲ ਬਹੁਤ ਜਲਦ ਸਲਾਖਾਂ ਪਿੱਛੇ ਹੋਵੇਗਾ ਕਿਉਂ ਕਿ ਪੰਜਾਬੀ ਨੌਜਵਾਨਾਂ ਨੂੰ ਨਸ਼ੇੜੀ ਕਹਿਣ ਕਰਕੇ ਇਕ ਮਾਣਯੋਗ ਅਦਾਲਤ ਵੱਲੋਂ ਉਸ ਤੇ ਉਸ ਦੇ ਚੇਲਿਆਂ ਖਿਲਾਫ ਪਹਿਲਾਂ ਹੀ ਦੋਸ਼ ਤੈਅ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਕੇਜਰੀਵਾਲ ਦੀ ਫਿਤਰਤ ਹੀ ਹੈ ਕਿ ਉਹ ਖਬਰਾਂ ਵਿਚ ਰਹਿਣ ਬਦਲੇ ਦੂਜਿਆਂ ਨੂੰ ਬਦਨਾਮ ਕਰਦਾ ਹੈ ਪਰ ਮਾਣਮੱਤੇ ਪੰਜਾਬੀ ਜਲਦ ਹੀ ਉਸ ਦੇ ਇਸ ਸ਼ੈਤਾਨੀ ਸੁਭਾਅ ਨੂੰ ਨਕੇਲ ਪਾ ਦੇਣਗੇ।

ਜਾਰੀ ਇਕ ਬਿਆਨ ਵਿਚ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਵਿਕਾਸ ਏਜੰਡੇ ਦਾ ਕੋਈ ਜਵਾਬ ਨਾ ਆਉਣ ਕਰਕੇ ਕੇਜਰੀਵਾਲ ਨੇ ਆਪਣੇ ਸਿਆਸੀ ਹਿੱਤਾਂ ਕਾਰਣ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਠਾਨ ਲਈ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ‘ਝੂਠਿਆਂ ਦਾ ਮੁਖੀ’ ਹੈ ਜੋ ਇਸ ਗੱਲੋਂ ਜਾਣਬੁੱਝ ਕੇ ਅਣਜਾਣ ਬਣੀ ਬੈਠਾ ਹੈ ਕਿ ਹਾਲ ਹੀ ਵਿਚ ਹੋਈ ਪੰਜਾਬ ਪੁਲਿਸ ਦੀ ਭਰਤੀ ਦੌਰਾਨ 3.75 ਲੱਖ ਨੌਜਵਾਨਾਂ ਦਾ ਡੋਪ ਟੈਸਟ ਕੀਤਾ ਗਿਆ ਸੀ ਅਤੇ ਸਿਰਫ 1.27 ਫੀਸਦੀ ਨੌਜਵਾਨ ਹੀ ਇਸ ਵਿਚੋਂ ਫੇਲ੍ਹ ਪਾਏ ਗਏ। ਅਜਿਹੇ ਨਤੀਜੇ ਹੀ ਪੰਜਾਬ ਵਿਚ ਫੌਜੀ ਭਰਤੀ ਦੌਰਾਨ ਸਾਹਮਣੇ ਆਏ ਹਨ।
ਉਨ੍ਹਾਂ ਸਵਾਲ ਕੀਤਾ ਕਿ ਕੀ ਕੇਜਰੀਵਾਲ ਏਨਾ ਮੂਰਖ ਹੈ ਕਿ ਉਸ ਨੂੰ ਇਹ ਵੀ ਨਹੀਂ ਪਤਾ ਕਿ ਪੁਲਿਸ ਅਤੇ ਫੌਜੀ ਭਰਤੀ ਦੌਰਾਨ ਡੋਪ ਟੈਸਟਾਂ ਦੇ ਕੀ ਨਤੀਜੇ ਸਾਹਮਣੇ ਆਏ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜੇਕਰ ਕੇਜਰੀਵਾਲ ਪੰਜਾਬੀਆਂ ਨੂੰ ਨਸ਼ੇੜੀ ਕਹਿ ਕੇ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਵੇਖ ਰਿਹਾ ਹੈ ਤਾਂ ਉਹ ਮੂਰਖਾਂ ਦੀ ਦੁਨੀਆਂ ਵਿਚ ਰਹਿ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਜਿਸ ਟਾਹਣੀ ‘ਤੇ ਬੈਠਾ ਹੈ ਉਸ ਨੂੰ ਆਪਣੇ ਹੱਥੀਂ ਹੀ ਕੱਟ ਰਿਹਾ ਹੈ ਕਿਉਂ ਕਿ ਜਿਹੜੇ ਪੰਜਾਬੀ ਨੌਜਵਾਨਾਂ ਨੂੰ ਉਹ ਨਸ਼ੱਈ ਦੱਸ ਰਿਹਾ ਹੈ ਉਨ੍ਹਾਂ ਨੌਜਵਾਨਾਂ ਨੇ ਹੀ ਕੇਜਰੀਵਾਲ ਦੀ ਦਿੱਲੀ ਵਾਲੀ ਸ਼ੋਸ਼ਲ ਮੀਡੀਆ ਟੀਮ ਦੇ ਪ੍ਰਭਾਵ ਹੇਠ ਆ ਕੇ ਉਸ ਦੀ ਪਾਰਟੀ ਦੇ ਚਾਰ ਉਮੀਦਵਾਰਾਂ ਨੂੰ ਜਿਤਾ ਕੇ ਲੋਕ ਸਭਾ ਵਿਚ ਪਹੁੰਚਾਇਆ ਪਰ ਹੁਣ ਇਹੀ ਨੌਜਵਾਨ ਕੇਜਰੀਵਾਲ ਦੀਆਂ ਚਾਲਾਂ ਸਮਝ ਚੁੱਕੇ ਹਨ ਅਤੇ ਵਿਧਾਨ ਸਭਾ ਚੋਣਾਂ ਵਿਚ ਉਹ ਆਮ ਆਦਮੀ ਪਾਰਟੀ ਦਾ ਬਿਸਤਰਾ ਗੋਲ ਕਰਕੇ ਰੱਖ ਦੇਣਗੇ।
ਅਕਾਲੀ ਆਗੂ ਨੇ ਕੇਜਰੀਵਾਲ ਨੂੰ ਹਵਾ ਦੇ ਮਹਿਲ ਨਾ ਬਣਾਉਣ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਹੁਣ ਕੇਜਰੀਵਾਲ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਆਧਾਰਹੀਣ ਬਿਆਨਾਂ ਦਾ ਖਾਮਿਆਜ਼ਾ ਭੁਗਤਣ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਵਿਚ ਤਾਂ ਆਪਣੇ ਸਿਆਸੀ ਭਵਿੱਖ ਨੂੰ ਭੁੱਲ ਹੀ ਜਾਵੇ ਕਿਉਂ ਕਿ ਜਲਦ ਹੀ ਜੇਲ੍ਹ ਵਿਚ ਜਾਣ ਤੋਂ ਬਾਅਦ ਉਸ ਹੱਥੋਂ ਦਿੱਲੀ ਦਾ ਰਾਜ-ਭਾਗ ਵੀ ਖੁੱਸ ਜਾਣਾ ਹੈ।

Leave a Reply

Your email address will not be published. Required fields are marked *