ਯੂਨੀਡੋ ਦਾ ਬਾਇਓ ਮੈਡੀਕਲ ਵੇਸਟ ਪ੍ਰਾਜੈਕਟ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ
ਲੁਧਿਆਣਾ ਦੇ ਡੀ.ਐਮ.ਸੀ. ਵਿਚ ਅੱਜ ਸ਼ੁਰੂ ਹੋਵੇਗਾ ਪ੍ਰਾਜੈਕਟ
ਚੰਡੀਗੜ੍ਹ 28 ਨਵੰਬਰ (ਮਧੂਸਾਰ ਬਿਊਰੋ)
ਪੰਜਾਬ ਯੂਨਾਈਟਡ ਨੇਸ਼ਨਜ਼ ਇੰਡਸਰੀਅਲ ਡਿਵੈਲਪਮੈਂਟ ਆਰਗੇਨਾਈਜੇਸ਼ਨ (ਯੂਨੀਡੋ) ਦੀ ਸਹਾਇਤਾ ਨਾਲ ਹਸਪਤਾਲਾਂ, ਲੈਬਾਰਟਰੀਆਂ ਅਤੇ ਹੋਰ ਸਿਹਤ ਸੰਸਥਾਵਾਂ ਵਿਚੋਂ ਪੈਦਾ ਹੁੰਦੇ ਖਤਰਨਾਕ ਕੂੜੇ ਕਚਰੇ ਨੂੰ ਸੁਰੱਖਿਅਤ ਤਰੀਕੇ ਨਾਲ ਨਿਪਟਾਉਣ ਦਾ ਪ੍ਰਾਜੈਕਟ ਸ਼ੁਰੂ ਕਰਨ ਵਾਲਾ ਮੁਲਕ ਦਾ ਪਹਿਲਾ ਸੂਬਾ ਬਣ ਗਿਆ ਹੈ। ਸੂਬੇ ਦੇ ਲੁਧਿਆਣਾ ਜ਼ਿਲੇ ਨੂੰ ਮੁਲਕ ਦਾ ਪਹਿਲਾ ਮਾਡਲ ਜ਼ਿਲਾ ਐਲਾਨ ਕੇ ਕੱਲ ਕੀਤੀ ਜਾ ਰਹੀ ਇਸ ਪ੍ਰਾਜੈਕਟ ਦੀ ਸ਼ੁਰੂਆਤ ਮੌਕੇ ਯੂਨੀਡੋ ਦੇ ਮੈਨੇਜਿੰਗ ਡਾਇਰੈਕਟਰ ਫਿਲਿਪ ਆਰ. ਸਕਾਲਟਸ, ਪ੍ਰਾਜੈਕਟ ਮੈਨੇਜਰ ਮਿਸ ਅਰਲਿੰਡਾ ਗਾਲਵਨ ਅਤੇ ਭਾਰਤ ਵਿਚ ਯੂਨੀਡੋ ਦੇ ਖੇਤਰੀ ਡਾਇਰੈਕਟਰ ਡਾ. ਐਸ.ਪੀ. ਦੂਆ ਅਤੇ ਪੰਜਾਬ ਦੇ ਸਬੰਧਤ ਅਧਿਕਾਰੀਆਂ ਦੀ ਹਾਜ਼ਰੀ ਵਿਚ ਕੀਤੀ ਜਾਵੇਗੀ।
ਇਸ ਸਬੰਧੀ ਅੱਜ ਇਥੇ ਹੋਈ ਇੱਕ ਮੀਟਿੰਗ ਵਿਚ ਪੰਜਾਬ ਦੇ ਵਿਗਿਆਨ. ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਸਕੱਤਰ ਸ਼੍ਰੀ ਅਨੁਰਾਗ ਵਰਮਾ ਨੇ ਕਿਹਾ ਕਿ ਕਿ ਪੰਜਾਬ ਪਹਿਲਾਂ ਹੀ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਮੌਸਮੀ ਤਬਦੀਲੀ ਮੰਤਰਾਲੇ ਵਲੋਂ ਬਣਾਏ ਗਏ ਬਾਇਉ ਮੈਡੀਕਲ ਵੇਸਟ ਨਿਯਮਾਂ ਨੂੰ ਲਾਗੂ ਕਰ ਰਿਹਾ ਹੈ। ਉਹਨਾਂ ਯੂਨੀਡੋ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੂਬੇ ਦੇ ਹਸਪਤਾਲਾਂ ਅਤੇ ਕੂੜਾ ਕਚਰਾ ਸਮੇਟਣ ਵਾਲੇ ਟਰੀਟਮੈਂਟ ਪਲਾਂਟਾਂ ਵਿਚਲੀਆਂ ਤਰੱਟੀਆਂ ਨੂੰ ਧਿਆਨ ਵਿਚ ਲਿਆਉਣ ਤਾਂ ਕਿ ਇਸ ਖਤਰਨਾਕ ਕੂੜੇ ਕਰਕਟ ਨੂੰ ਸੁਰੱਖਿਅਤ ਢੰਗ ਨਾਲ ਬਿਲੇ ਲਾਉਣ ਵਿਚ ਕੋਈ ਢਿੱਲ ਨਾ ਰਹੇ। ਉਹਨਾਂ ਇਸ ਗੱਲ ਉੱਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਡਾਕਟਰੀ ਅਤੇ ਨਰਸਿੰਗ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਬਾਇਓ ਮੇਡੀਕਲ ਵੇਸਟ ਦੇ ਨਿਪਟਾਰੇ ਸਬੰਧੀ ਕੁਝ ਵੀ ਨਹੀਂ ਪੜਾਇਆ ਜਾਂਦਾ। ਉਹਨਾਂ ਯੂਨੀਡੋ ਅਧਿਕਾਰੀਆਂ ਨੂੰ ਇਸ ਸਬੰਧੀ ਸਿਲੇਬਸ ਬਣਾ ਕੇ ਦੇਣ ਲਈ ਕਿਹਾ ਤਾਂ ਜੋ ਸੂਬੇ ਦੇ ਡਾਕਟਰੀ ਸਿੱਖਿਆ ਅਤੇ ਖੋਜ ਮਹਿਕਮੇ ਨਾਲ ਇਸ ਨੂੰ ਪੰਜਾਬ ਦੇ ਕਾਲਜਾਂ ਵਿਚ ਲਾਗੂ ਕਰਨ ਲਈ ਵਿਚਾਰ ਕੀਤਾ ਜਾ ਸਕੇ।
ਯੂਨੀਡੋ ਦੇ ਮੈਨੇਜਿੰਗ ਡਾਇਰੈਕਟਰ ਫਿਲਿਪ ਆਰ. ਸਕਾਲਟਸ ਨੇ ਇਸ ਮੌਕੇ ਇਸ ਪ੍ਰਾਜੈਕਟ ਸਬੰਧੀ ਬੋਲਦਿਆਂ ਦਸਿਆ ਕਿ ਇਸ ਸਕੀਮ ਤਹਿਤ ਹਰ ਚੁਣੇ ਗਏ ਜ਼ਿਲੇ ਵਿਚ ਵੱਖ ਵੱਖ ਰੰਗਾਂ ਦੇ ਡਸਟ ਬਿਨ ਅਤੇ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਉਹਨਾਂ ਦਸਿਆ ਕਿ ਪੰਜਾਬ ਦਾ ਲੁਧਿਆਣਾ ਜ਼ਿਲਾ ਭਾਰਤ ਦਾ ਪਹਿਲਾ ਜ਼ਿਲਾ ਹੈ ਜਿਸ ਵਿਚ ਇਹ ਪ੍ਰਾਜੇਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਗੁਜਰਾਤ, ਉਡੀਸ਼ਾ, ਮਹਾਰਾਸ਼ਟਰ ਅਤੇ ਕਰਨਾਟਕ ਦੇ ਇੱਕ ਇੱਕ ਜ਼ਿਲੇ ਵਿਚ ਇਹ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ।
ਭਾਰਤ ਵਿਚਲੇ ਯੂਨੀਡੋ ਦੇ ਖੇਤਰੀ ਡਾਇਰੈਕਟਰ ਡਾ. ਐਸ.ਪੀ. ਦੂਆ ਨੇ ਇਸ ਪ੍ਰਾਜੈਕਟ ਦੇ ਵਿੱਤੀ ਪ੍ਰਬੰਧ ਬਾਰੇ ਦਸਦਿਆਂ ਕਿਹਾ ਕਿ ਹਰ ਸੂਬੇ ਨੂੰ ਵੱਖ ਵੱਖ ਕਿਸ਼ਤਾਂ ਵਿਚ ੧੩.੪ ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ ਜਿਸ ਵਿਚ ਨਕਦ ਰਾਸ਼ੀ ਵੀ ਸ਼ਾਮਲ ਹੈ। ਉਹਨਾਂ ਇਸ ਪ੍ਰਾਜੈਕਟ ਲਾਗੂ ਕਰਨ ਵਿਚ ਪੰਜਾਬ ਵਲੋਂ ਵਿਖਾਈ ਜਾ ਰਹੀ ਵਿਸ਼ੇਸ਼ ਦਿਲਚਸਪੀ ਅਤੇ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਦਸਿਆ ਕਿ ਪੰਜਾਬ ਨੂੰ ਹੁਣ ਤੱਕ ਸਭ ਤੋਂ ਵੱਧ ੮੫ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ।
ਇਥੇ ਇਹ ਵਰਣਨਯੋਗ ਹੈ ਕਿ ਲੁਧਿਆਣਾ ਨੂੰ ਮੁਲਕ ਦਾ ਪਹਿਲਾ ਮਾਡਲ ਜ਼ਿਲਾ ਐਲਾਨ ਕੇ ਯੂਨੀਡੋ ਦਾ ਇਹ ਪ੍ਰਾਜੈਕਟ ਸ਼ੁਰੂ ਕਰਨ ਲਈ ਕੱਲ ਡੀ.ਐਮ.ਸੀ ਮੈਡੀਕਲ ਕਾਲਜ ਵਿਚ ਇੱਕ ਵਿਸ਼ੇਸ਼ ਸਮਾਗਮ ਕੀਤਾ ਜਾ ਰਿਹਾ ਹੈ ਜਿਸ ਵਿਚ ਯੂਨੀਡੋ ਦੇ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਦੇ ਵੀ ਸਾਰੇ ਸਬੰਧਤ ਅਧਿਕਾਰੀ ਹਾਜ਼ਰ ਹੋਣਗੇ।
ਅੱਜ ਦੀ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡੀ.ਐਮ.ਸੀ ਮੈਡੀਕਲ ਕਾਲਜ ਦੇ ਤਕਨੀਕੀ ਸਲਾਹਕਾਰ ਡਾ. ਰਾਜੂ ਸਿੰਘ, ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਮੌਸਮੀ ਤਬਦੀਲੀ ਮੰਤਰਾਲੇ ਦੇ ਡਾਇਰੈਕਟਰ ਸ਼੍ਰੀ ਸ਼ਾਰਥ ਪਾਲੇਰਲਾ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਨੋਡਲ ਅਫ਼ਸਰ ਡਾ. ਪਰਵਿੰਦਰਪਾਲ ਕੌਰ, ਪੰਜਾਬ ਸਿਹਤ ਵਿਭਾਗ ਦੀ ਨੋਡਲ ਫ਼ਸਰ ਡਾ. ਗੁਰਜੋਤ ਕੌਰ, ਸਰਕਾਰੀ ਰਾਜਿੰਦਰਾ ਹਸਪਤਾਲ ਦੇ ਡਾ. ਨੰਗਵਾਲ ਅਤੇ ਫ਼ੋਰਟਿਸ ਹਸਪਤਾਲ ਮੋਹਾਲੀ ਦੇ ਡਾ. ਨੀਰਜ ਟੰਡਨ ਵੀ ਹਾਜ਼ਰ ਸਨ।

