ਡਾ. ਰਘਬੀਰ ਸਿੰਘ ਖ਼ਾਲਸਾ ‘ਵਰਸਿਟੀ ਦੇ ਡੀਨ ਅਕਾਦਮਿਕ ਵਜੋਂ ਨਿਯੁਕਤ
ਉੱਪ ਕੁਲਪਤੀ ਡਾ. ਚਾਹਲ ਅਤੇ ਰਜਿਸਟਰਾਰ ਡਾ. ਢਿੱਲੋਂ ਦੀ ਮੌਜ਼ੂਦਗੀ ‘ਚ ਸੰਭਾਲਿਆ ਅਹੁੱਦਾ
ਅੰਮ੍ਰਿਤਸਰ, 2 ਦਸੰਬਰ (ਰਾਜਨ ਮਾਨ/ਮਧੂਸਾਰ ਬਿਊਰੋ)
ਬਿਜਨੈਸ ਅਤੇ ਕਾਮਰਸ ਵਿਸ਼ੇ ਦੇ ਨਾਮਵਰ ਪ੍ਰੋਫੈਸਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡੀਨ ਅਕਾਦਮਿਕ ਡਾ. ਰਘਬੀਰ ਸਿੰਘ ਨੂੰ ਅੱਜ ਸਰਹੱਦੀ ਖੇਤਰ ਦੀ ਨਵੀਨਤਮ ਖ਼ਾਲਸਾ ਯੂਨੀਵਰਸਿਟੀ ਦੀ ਮੈਨੇਜ਼ਮੈਂਟ ਨੇ ਡੀਨ, ਅਕਾਦਮਿਕ ਦੇ ਅਹੁੱਦੇ ‘ਤੇ ਨਿਯੁਕਤ ਕੀਤਾ।
ਡਾ. ਸਿੰਘ ਦਾ 40 ਸਾਲਾ ਸਿੱਖਿਆ ਦੇ ਖੇਤਰ ‘ਚ ਕੰਮ ਕਰਨ ਦਾ ਤਜ਼ਰਬਾ ਹੈ। ਉਹ ਉਕਤ ਸੰਸਥਾ ‘ਚ ਵੱਖ-ਵੱਖ ਅਹੁੱਦਿਆਂ ਤੋਂ ਸੇਵਾਵਾਂ ਨਿਭਾਉਣ ਉਪਰੰਤ ਬਤੌਰ ਡੀਨ ਦੇ ਅਹੁੱਦੇ ਤੋਂ ਕੁਝ ਸਮਾਂ ਪਹਿਲਾਂ ਹੀ ਸੇਵਾ ਮੁਕਤ ਹੋਏ ਹਨ। ਡਾ. ਰਘਬੀਰ ਸਿੰਘ ਨੇ ਉੱਪ ਕੁਲਪਤੀ ਡਾ. ਸਰਬਜੀਤ ਸਿੰਘ ਚਾਹਲ ਅਤੇ ਰਜਿਸਟਰਾਰ ਡਾ. ਜਸਵਿੰਦਰ ਸਿੰਘ ਢਿੱਲੋਂ ਦੀ ਮੌਜ਼ੂਦਗੀ ‘ਚ ਅਹੁੱਦੇ ਦਾ ਕਾਰਜਭਾਰ ਸੰਭਾਲਿਆ।
ਡਾ. ਚਾਹਲ ਨੇ ਕਿਹਾ ਕਿ ਡਾ. ਰਘਬੀਰ ਸਿੰਘ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਦਿੱਲੀ ਯੂਨੀਵਰਸਿਟੀ ਤੋਂ ਕ੍ਰਮਵਾਰ ਪੀ. ਐੱਚ. ਡੀ. ਅਤੇ ਐੱਮ. ਫ਼ਿਲ ਦੇ ਅਲੂਮਨੀ ਹਨ। ਉਨ੍ਹਾਂ ਕਿਹਾ ਕਿ 2009 ‘ਚ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਕਾਰਜਕਾਰੀ ਰਜਿਸਟਰਾਰ ਵਜੋਂ ਸੇਵਾ ਨਿਭਾਅ ਚੁੱਕੇ ਹਨ ਅਤੇ ਬਹੁਤ ਸਾਰੀਆਂ ਕੇਂਦਰੀ ਅਤੇ ਸੂਬਾਈ ਵਿੱਦਿਆ ਸੰਸਥਾਵਾਂ ਅਤੇ ਕਮੇਟੀਆਂ ਦੇ ਮੈਂਬਰ ਰਹਿਣ ਚੁੱਕੇ ਹਨ।
ਇਸ ਮੌਕੇ ਪ੍ਰੋ-ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਡਾ. ਰਘਬੀਰ ਸਿੰਘ ਨੂੰ ਡੀਨ ਅਕਾਦਮਿਕ ਦੇ ਅਹੁੱਦੇ ਵਜੋਂ ਨਿਯੁਕਤੀ ‘ਤੇ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਨਵ-ਸਥਾਪਿਤ ‘ਖ਼ਾਲਸਾ ‘ਵਰਸਿਟੀ’ ਨੂੰ ਸਿਖ਼ਰਾਂ ‘ਤੇ ਲਿਜਾਉਣ ਲਈ ‘ਵਰਸਿਟੀ ‘ਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਡੀਨ ਅਕਾਦਮਿਕ ਦਾ ਕੰਮ ਚੁਣੌਤੀਆਂ ਭਰਿਆ ਹੈ, ਕਿਉਂਕਿ ‘ਵਰਸਿਟੀ ਦੇ ਸਿਲੇਬਸ ਅਤੇ ਹੋਰ ਕੰਮ-ਕਾਜ ਉਨ੍ਹਾਂ ਦੁਆਰਾ ਹੀ ਮੁਕੰਮਲ ਕੀਤਾ ਜਾਣਾ ਹੈ।
ਇਸ ਮੌਕੇ ਡਾ. ਸਿੰਘ ਨੇ ਖੁਸ਼ੀ ਜਾਹਿਰ ਕੀਤੀ ਕਿ ਇਤਿਹਾਸਕ ਖ਼ਾਲਸਾ ਚੈਰੀਟੇਬਲ ਸੋਸਾਇਟੀ ਪਰਿਵਾਰ ਦਾ ਉਹ ਹਿੱਸਾ ਬਣੇ ਹਨ ਅਤੇ ਮੈਨੇਜ਼ਮੈਂਟ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੇ 90 ਦੇ ਕਰੀਬ ਵੱਖ-ਵੱਖ ਖੋਜ ਪੱਤਰ ਲਿਖੇ ਹਨ, ਜੋ ਕਿ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਜਰਨਲਜ਼ ‘ਚ ਛਪੇ ਹਨ। ਉਨ੍ਹਾਂ ਦੇ ਪ੍ਰੋਜੈਕਟ ਐਥੀਕਿਸ ਇਨ ਫੂਡ ਐਡਵਰਟਾਈਜ਼ ਨੂੰ ਖੂਬ ਸਲਾਹਿਆ ਗਿਆ ਸੀ।

