ਪੰਜਾਬਪਟਿਆਲਾ

ਕੇਜਰੀਵਾਲ ਦਿੱਲੀ ਲਈ ਪਾਣੀ ਮੰਗ ਕੇ ਪੰਜਾਬੀਆਂ ਨਾਲ ਭਾਜੀ ਪਾਉਣ ਲੱਗਿਆ: ਪ੍ਰੋ. ਚੰਦੂਮਾਜਰਾ

ਪਟਿਆਲਾ, 15 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਿੱਲੀ ਲਈ ਪਾਣੀ ਮੰਗ ਕੇ ਪੰਜਾਬੀਆਂ ਨਾਲ ਭਾਜੀ ਪਾਉਣ ਲੱਗਿਆ ਹੈ।
ਉਹਨਾਂ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬ ਦੇ ਪਾਣੀਆਂ ‘ਤੇ ਦਿੱਲੀ ਦਾ ਹੱਕ ਜਤਾਉਣ ਨਾਲ ਉਸ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਸ਼ੁਰੂ ਤੋਂ ਕਹਿੰਦਾ ਆ ਰਿਹਾ ਹੈ ਕਿ ਕੇਜਰੀਵਾਲ ਨੂੰ ਪੰਜਾਬ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਅਤੇ ਉਸ ਦੇ ਦਿੱਲੀ ਵਾਲੇ ਸਾਥੀ ਅਹਿਮਦਸ਼ਾਹ ਅਬਦਾਲੀ ਵਾਂਗੂ ਪੰਜਾਬ ਨੂੰ ਲੁਟਣ ਦੀ ਮਨਸ਼ਾ ਨਾਲ ਆਏ ਹਨ, ਪ੍ਰੰਤੂ ਪੰਜਾਬ ਲੋਕ ਉਹਨਾਂ ਇਨ੍ਹਾਂ ਮਨਸੂਬਿਆ ਨੂੰ ਕਦੇ ਪੂਰਾ ਨਹੀਂ ਹੋਣ ਦੇਣਗੇ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਆਪਣੇ ਘਰ ਵਿਚ ਆ ਕੇ ਲਲਕਾਰਨ ਵਾਲਿਆਂ ਨੂੰ ਪੰਜਾਬੀਆਂ ਨੇ ਕਦੇ ਮੁਆਫ ਨਹੀਂ ਕੀਤਾ, ਇਹ ਕੇਜਰੀਵਾਲ ਕਿਹੜੇ ਬਾਗ ਦੀ ਮੂਲੀ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਇਸ ਦਾ ਖਾਮਿਆਜਾ ਭੁਗਤਣਾ ਪਵੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਛਾਤੀ ਡਾਹ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ, ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਐਸ.ਵਾਈ.ਐਲ. ਦੀ ਜਮੀਨ ਨੂੰ ਡੀਨੋਟੀਫਾਈ ਕੀਤਾ ਅਤੇ ਕਿਸਾਨਾ ਨੂੰ ਉਹਨਾਂ ਦੀ ਜਮੀਨ ਵਾਪਸ ਕਰ ਦਿੱਤੀ। ਪ੍ਰੋ. ਚੰਦੂਮਾਜਰਾ ਨੇ ਐਲਾਨ ਕੀਤਾ ਕਿ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਅਕਾਲੀ ਦਲ ਦਹਾਕਿਆਂ ਤੋਂ ਲੜਾਈ ਲੜਦਾ ਆ ਰਿਹਾ ਹੈ।
ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਅਕਾਲੀ ਦਲ ਪਾਣੀਆਂ ਦੇ ਮਾਮਲੇ ਵਿਚ ਉਹੀ ਦਲੀਲ ਦੇ ਰਿਹਾ ਹੈ, ਜਿਹੜੀ ਦਲੀਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਵੀ ਦਾ ਪਾਣੀ ਪਾਕਿਸਤਾਨ ਨੂੰ ਨਾ ਜਾਣ ਦੇਣ ਲਈ, ਬਾਬੂ ਜਗਜੀਵਨ ਰਾਮ ਨੇ ਗੰਗਾ ਦਾ ਪਾਣੀ ਬੰਗਲਾਦੇਸ਼ ਨੂੰ ਨਾ ਜਾਣ ਦੇਣ ਲਈ ਅਤੇ ਦੇਸ਼ ਮਾਨਸਰੋਵਰ ਝੀਲ ਦਾ ਪਾਣੀ ਚੀਨ ਨੂੰ ਨਾ ਜਾਣ ਦੇਣ ਲਈ ਅਤੇ ਹਰਿਆਣਾ ਜਿਹੜੀ ਦਲੀਲ ਨਾਲ ਯਮੁਨਾ ਦੇ ਪਾਣੀ ‘ਤੇ ਹੱਕ ਜਤਾ ਰਿਹਾ ਹੈ, ਅਕਾਲੀ ਦਲ ਵੀ ਪਾਣੀ ਦੇ ਮਾਮਲੇ ਵਿਚ ਉਹੀ ਦਲੀਲ ਦੇ ਰਿਹਾ ਹੈ।
ਪ੍ਰੋ. ਚੰਦੁਮਾਜਰਾ ਨੇ ਕਿਹਾ ਕਿ ਪਹਿਲਾਂ ਕਾਂਗਰਸ ਨੇ ਗੈਰ ਵਿਧਾਨਕ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਪੰਜਾਬ ਦੇ ਪਾਣੀਆਂ ਨੂੰ ਲੁੱਟਿਆ ਅਤੇ ਹੁਣ ਇਹ ਇੱਕ ਹੋਰ ਨਵਾਂ ਆਗੂ ਪੈਦਾ ਹੋ ਗਿਆ, ਜਿਹੜਾ ਪੰਜਾਬ ਦੀ ਸੱਤਾ ‘ਤੇ ਵੀ ਕਾਬਜ ਹੋਣ ਦੇ ਸੁਪਨੇ ਦੇਖ ਰਿਹਾ ਹੈ ਅਤੇ ਪੰਜਾਬ ਦੇ ਪਾਣੀਆਂ ‘ਤੇ ਵੀ ਡਾਕਾ ਮਾਰਨਾ ਚਾਹੁੰਦਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੇਜਰੀਵਾਲ ਪੰਜਾਬੀਆਂ ਦੇ ਸੁਭਾਅ ਤੋਂ ਲਗਦਾ ਹੈ ਕਿ ਚੰਗੀ ਤਰ੍ਹਾਂ ਜਾਣੂ ਨਹੀਂ ਹੋਏ, ਨਹੀਂ ਤਾਂ ਅਜਿਹੀ ਗੁਸਤਾਖੀ ਕਦੇ ਵੀ ਨਹੀਂ ਕਰਦਾ। ਪ੍ਰੋ.ਚੰਦੂਮਾਜਰਾ ਨੇ ਕਿਹਾ ਕਿ ਕੇਜਰੀਵਾਲ ਅਤੇ ਉਸ ਦੇ ਸਾਥੀ ਲੋਟੂਆਂ ਦਾ ਟੋਲਾ ਹਨ, ਜਿਸ ਦਾ ਖੁਲਾਸਾ ਖੁਦ ਉਸ ਦੀ ਪਾਰਟੀ ਦੇ ਆਗੂ ਕਰ ਚੁੱਕੇ ਹਨ। ਜਿਹੜਾ ਵਿਅਕਤੀ ਪਾਰਟੀ ਦੀਆਂ ਟਿਕਟਾਂ ਵੇਚ ਕੇ ਪੈਸੇ ਇਕੱਠੇ ਕਰਨ ਦੀ ਸੋਚ ਰੱਖਦਾ ਹੈ ਅਤੇ ਪੰਜਾਬ ਦੇ ਪਾਣੀ ਨੂੰ ਦੁਜਿਆਂ ਨੂੰ ਦੇਣ ਦੀ ਨੀਅਤ ਰੱਖਦਾ ਹੈ, ਉਸ ਨੂੰ ਪੰਜਾਬ ਦੇ ਲੋਕ ਕਿਸ ਤਰ੍ਹਾਂ ਮੂੰਹ ਲਗਾ ਸਕਦੇ ਹਨ।

Leave a Reply

Your email address will not be published. Required fields are marked *