ਪੰਜਾਬਪਟਿਆਲਾ

ਜ਼ੀ ਪੰਜਾਬੀ ਟੀਵੀ ਵਲੋਂ ਆਮ ਆਦਮੀ ਪਾਰਟੀ ਦੀ ਆਵਾਜ਼ ਨੂੰ ਦਬਾਉਣ ਦੀ ਕੋਝੀ ਕੋਸ਼ਿਸ਼

ਆਮ ਆਦਮੀ ਪਾਰਟੀ ਦੇ ਉਮੀਦਵਾਰ ‘ਤੇ ਵਿਰੋਧੀਆਂ ਵਲੋਂ ਹਮਲਾ
‘ਆਪ’ ਦੀ ਚੜ੍ਹਤ ਨੂੰ ਦੇਖ ਕੇ ਵਿਰੋਧੀ ਬੁਖਲਾਏ: ਡਾ. ਬਲਬੀਰ ਸਿੰਘ
‘ਆਪ’ ਉਮੀਦਵਾਰ ਨੇ ਨਿੱਜੀ ਚੈਨਲ ‘ਤੇ ਲਾਏ ਪੱਖਪਾਤ ਦੇ ਦੋਸ਼
ਪਟਿਆਲਾ ਕੰਵਰ ਬੇਦੀ/ਮਧੂਸਾਰ ਬਿਊਰੋ :ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਰਾਹੀਂ ਜ਼ੀ ਪੰਜਾਬੀ ਟੀ ਵੀ ਚੈਨਲ ਉਤੇ ਪੱਖਪਾਤ ਕਰਨ ਦੇ ਦੋਸ਼ ਲਗਾਏ ਹਨ।
ਉਨ੍ਹਾਂ ਕਿਹਾ ਕਿ ਬੀਤੀ ਸ਼ਾਮ ਪਟਿਆਲਾ ਵਿਖੇ ਜ਼ੀ ਪੰਜਾਬੀ ਟੀਵੀ ਚੈਨਲ ਵਲੋਂ ਚੋਣਾਂ ਸਬੰਧੀ ਇਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਅਕਾਲੀ ਦਲ, ਕਾਂਗਰਸ ਅਤੇ ਆਪਣਾ ਪੰਜਾਬ ਪਾਰਟੀ ਦੇ ਆਗੂਆਂ ਨੂੰ ਸੱਦਿਆ ਗਿਆ ਪ੍ਰੰਤੂ ਆਪ ਦੇ ਉਮੀਦਵਾਰ ਨੂੰ ਇਸ ਪ੍ਰੋਗਰਾਮ ‘ਚ ਸ਼ਾਮਿਲ ਹੋਣ ਲਈ ਨਹੀਂ ਬੁਲਾਇਆ ਗਿਆ। ਇਸ ਸਬੰਧੀ ਜ਼ੀ ਪੰਜਾਬੀ ਦੇ ਪ੍ਰੋਗਰਾਮ ਆਰਗੇਨਾਈਜ਼ਰ ਦਿਨੇਸ਼ ਨਾਲ ਰਾਬਤਾ ਕਾਇਮ ਕੀਤਾ ਗਿਆ, ਜਿਨ੍ਹਾਂ ਨੇ ਡਾ. ਬਲਬੀਰ ਸਿੰਘ ਨੂੰ ਪ੍ਰੋਗਰਾਮ ‘ਚ ਬੋਲਣ ਦਾ ਮੌਕਾ ਦੇਣ ਦੀ ਗੱਲ ਤਾਂ ਕੀਤੀ ਪ੍ਰੰਤੂ ਪ੍ਰੋਗਰਾਮ ‘ਚ ਸ਼ਾਮਿਲ ਹੋਣ ਦਾ ਸੱਦਾ ਨਹੀਂ ਦਿੱਤਾ।
ਇਸ ‘ਤੇ ਡਾ. ਬਲਬੀਰ ਸਿੰਘ ਪ੍ਰੋਗਰਾਮ ਲਈ ਨਿਰਧਾਰਿਤ ਸਥਾਨ ‘ਤੇ ਪਹੁੰਚ ਗਏ ਤੇ ਆਪਣਾ ਪੱਖ ਰੱਖਣ ਲਈ ਸਮਾਂ ਮੰਗਿਆ ਤਾਂ ਕਿ ਜ਼ੀ ਪੰਜਾਬੀ ਟੀਵੀ ਚੈਨਲ ਵਲੋਂ ਦਿਖਾਏ ਜਾਣ ਵਾਲੇ ਅੱਧੇ ਸੱਚ ਦੀ ਅਸਲੀਅਤ ਲੋਕਾਂ ਸਾਹਮਣੇ ਰੱਖੀ ਜਾ ਸਕੇ, ਪ੍ਰੰਤੂ ਚੈਨਲ ਦੇ ਨੁਮਾਇੰਦਿਆਂ ਨਾਲ ਗੱਲ ਕਰਨ ਦੌਰਾਨ ਹੀ ਪ੍ਰੋਗਰਾਮ ‘ਚ ਹਿੱਸਾ ਲੈਣ ਆਏ ਕਾਂਗਰਸ, ਅਕਾਲੀ ਦਲ ਅਤੇ ਆਪਣਾ ਪੰਜਾਬ ਪਾਰਟੀ ਦੇ ਨੁਮਾਇੰਦਿਆਂ ਨੇ ਅਚਾਨਕ ਡਾ. ਬਲਬੀਰ ਸਿੰਘ ‘ਤੇ ਹਮਲਾ ਕਰ ਦਿੱਤਾ।
ਪ੍ਰੈਸ ਕਾਨਫਰੰਸ ਦੌਰਾਨ ਡਾ. ਬਲਬੀਰ ਸਿੰਘ ਨੇ ਆਖਿਆ ਇਹ ਹਮਲਾ ਉਨ੍ਹਾਂ ‘ਤੇ ਨਹੀਂ ਸਗੋਂ ਜਮਹੂਰੀਅਤ ਦੇ ਹੱਕਾਂ ‘ਤੇ ਕੀਤਾ ਗਿਆ ਹੈ। ਉਨ੍ਹਾਂ ਜ਼ੀ ਪੰਜਾਬੀ ਚੈਨਲ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਚੈਨਲ ਵਲੋਂ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਚੈਨਲ ਦੋਸ਼ ਲਾਇਆ ਕਿ ਕੁਝ ਸਿਆਸੀ ਪਾਰਟੀਆਂ ਨੂੰ ਫਾਇਦਾ ਪਹੁੰਚਾਉਣ ਲਈ ਉਨ੍ਹਾਂ ਨੂੰ ਚੈਨਲ ਉਤੇ ਦਿਖਾਇਆ ਜਾ ਰਿਹਾ ਹੈ। ਇਸ ਪਿੱਛੇ ਕੀ ਕਾਰਨ ਹਨ ਇਸ ਸੰਬੰਧੀ ਲੋਕ ਸਭ ਜਾਣਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ‘ਚ ਲੋਕਤੰਤਰ ਹੈ ਤੇ ਆਪਣੀ ਗੱਲ ਕਹਿਣ ਦਾ ਸਭ ਨੂੰ ਹੱਕ ਹੈ। ਪ੍ਰੰਤੂ ਚੈਨਲ ਨੇ ਸਿਰਫ ਕੁਝ ਪਾਰਟੀਆਂ ਨੂੰ ਹੀ ਪ੍ਰੋਗਰਾਮ ‘ਚ ਬੁਲਾ ਕੇ ਲੋਕਤੰਤਰਿਕ ਅਧਿਕਾਰਾਂ ਦੀ ਉਲੰਘਣਾ ਦੇ ਨਾਲ ਨਾਲ ਚੋਣ ਕਮਿਸ਼ਨ ਅਤੇ ਪ੍ਰੈਸ ਟਰੱਸਟ ਆਫ ਇੰਡੀਆਂ ਦੇ ਨਿਯਮਾਂ ਨੂੰ ਵੀ ਛਿੱਕੇ ਟੰਗਿਆ ਗਿਆ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਜ਼ੀ ਪੰਜਾਬੀ ਟੀ ਵੀ ਚੈਨਲ ਵਿਰੋਧੀਆਂ ਨਾਲ ਮਿਲ ਕੇ ਆਮ ਆਦਮੀ ਪਾਰਟੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ੀ ਪੰਜਾਬੀ ਟੀਵੀ ਚੈਨਲ ਦੁਆਰਾ ਕੀਤੇ ਜਾ ਰਹੇ ਪ੍ਰੋਗਰਾਮ ‘ਚ ਪੱਖਪਾਤ ਕੀਤਾ ਜਾ ਰਿਹਾ ਸੀ। ਕਿਉਂਕਿ ਕਾਂਗਰਸ, ਅਕਾਲੀ ਅਤੇ ਆਪਣਾ ਪੰਜਾਬ ਵਰਗੀਆਂ ਮੌਕਾ ਪ੍ਰਸਤ ਪਾਰਟੀਆਂ ਵਲੋਂ ਚੈਨਲ ਦੁਆਰਾ ਆਮ ਆਦਮੀ ਪਾਰਟੀ ਬਾਰੇ ਹੀ ਗੱਲ ਕੀਤੀ ਜਾਂਦੀ ਹੈ, ਪ੍ਰੰਤੂ ਆਮ ਆਦਮੀ ਪਾਰਟੀ ਨੂੰ ਹੀ ਆਪਣਾ ਪੱਖ ਰੱਖਣ ਨਹੀਂ ਦਿੱਤਾ ਜਾਂਦਾ। ਉਲਟਾ ਆਮ ਆਦਮੀ ਪਾਰਟੀ ‘ਤੇ ਚੈਨਲ ਦੇ ਪ੍ਰੋਗਰਾਮ ਦਾ ਬਾਈਕਾਟ ਕਰਨ ਦੀ ਝੂਠੀ ਖਬਰ ਨਸ਼ਰ ਕੀਤੀ ਗਈ। ਇਸ ਸਬੰਧੀ ਇਕ ਪ ਮਿਲਣੀ ਦੌਰਾਨ ਘਟਨਾ ਦੀ ਨਿੰਦਾ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਜਿਹੇ ਚੈਨਲਾਂ ਦਾ ਸਿਆਸੀ ਪਾਰਟੀਆਂ ਨਾਲ ਮਿਲੀਭੁਗਤ ਕਰਕੇ ਅੱਧਾ ਸੱਚ ਲੋਕਾਂ ਸਾਹਮਣੇ ਲਿਆਉਣਾ ਸਮਾਜ ਲਈ ਘਾਤਕ ਸਿੱਧ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪ੍ਰੈਸ ਦੀ ਆਜ਼ਾਦੀ ਲਈ ਵਚਨਬੱਧ ਹੈ ਪ੍ਰੰਤੂ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਕ ਹਫਤੇ ਅੰਦਰ ਜ਼ੀ ਪੰਜਾਬੀ ਟੀ ਵੀ ਚੈਨਲ ਇਸ ਘਟਨਾ ਸੰਬੰਧੀ ਮੁਆਫੀ ਨਹੀਂ ਮੰਗਦਾ ਤਾਂ ਉਹ ਚੋਣ ਕਮਿਸ਼ਨ, ਪ੍ਰੈਸ ਟਰੱਸਟ ਆਫ ਇੰਡੀਆ ਕੋਲ ਸ਼ਿਕਾਇਤ ਕੀਤੀ ਗਈ ਹੈ ਤੇ ਨਾਲ ਹੀ ਮੁਆਫੀ ਨਾ ਮੰਗਣ ਦੀ ਸੂਰਤ ‘ਚ ਉਹ ਚੈਨਲ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਖਿਲਾਫ ਲੀਗਲ ਕਾਰਵਾਈ ਕਰਨ ਲਈ ਮਜਬੂਰ ਹੋਣਗੇ।
ਡਾ. ਬਲਬੀਰ ਸਿੰਘ ਨੇ ਅਪੀਲ ਕੀਤੀ ਕਿ ਮੀਡੀਆ ਸੰਵਿਧਾਨ ਦੇ ਚੌਥੇ ਥੰਮ੍ਹ ਵਜੋਂ ਜਾਣਿਆ ਜਾਂਦਾ ਹੈ ਇਸ ਲਈ ਮੀਡੀਆ ਨੂੰ ਪੂਰੀ ਤਰ੍ਹਾਂ ਨਿਰਪੱਖ ਹੋ ਕੇ ਕੰਮ ਕਰਨਾ ਚਾਹੀਦਾ ਹੈ। ਡਾ. ਬਲਬੀਰ ਸਿੰਘ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਨਿਰਪੱਖਤਾ ਤੇ ਸੁਰੱਖਿਆ ਬਾਰੇ ਪੱਤਰਕਾਰਾਂ ਦੇ ਸਵਾਲ ਬਾਰੇ ਬੋਲਦਿਆਂ ਕਿਹਾ ਕਿ ਸੂਬੇ ‘ਚ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਕਾਂਗਰਸ ਤੇ ਅਕਾਲੀ ਆਪਸ ‘ਚ ਮਿਲ ਕੇ ਗੁੰਡਾ ਅਨਸਰਾਂ ਨੂੰ ਸ਼ੈਅ ਦੇ ਰਹੇ ਹਨ। ਜਿਸ ਕਾਰਨ ਚੋਣ ਕਮਿਸ਼ਨ ਨੂੰ ਮੰਗ ਕੀਤੀ ਜਾਵੇਗੀ ਕਿ ਚੋਣਾਂ ਸੀ ਸੀ ਟੀ ਵੀ ਕੈਮਰਿਆਂ ਦੀ ਨਿਗਰਾਨੀ ‘ਚ ਕਰਵਾਈਆਂ ਜਾਣ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਲਈ ਲੜ ਰਹੀ ਹੈ। ਲੋਕਾਂ ਦੇ ਹੱਕਾਂ ‘ਤੇ ਪਹਿਰਾ ਦਿੰਦਿਆਂ ਜੇਕਰ ਉਨ੍ਹਾਂ ਨੂੰ ਕੋਈ ਕੁਰਬਾਨੀ ਦੇਣੀ ਵੀ ਪਈ ਤਾਂ ਉਹ ਇਸ ਲਈ ਤਿਆਰ ਹਨ।

Leave a Reply

Your email address will not be published. Required fields are marked *