ਪਟਿਆਲਾ

ਚੰਦੂਮਾਜਰਾ ਨੇ ਹਲਕੇ ਦਾ ਤੂਫ਼ਾਨੀ ਦੌਰਾ ਕਰ ਕੇ ਵੋਟਾਂ ਪੱਕੀਆਂ ਕੀਤੀਆਂ

ਦੇਵੀਗੜ੍ਹ/ਪਟਿਆਲਾ, ੨ ਫਰਵਰੀ (ਮਧੂਸਾਰ ਬਿਊਰੋ)
ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਪੂਰੇ ਹਲਕੇ ਦਾ ਤੂਫ਼ਾਨੀ ਦੌਰਾ ਕਰਦਿਆਂ ਵੋਟਰਾਂ ਨਾਲ ਨਿੱਜੀ ਸੰਪਰਕ ਕਰ ਕੇ ਉਹਨਾਂ ਨੂੰ ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਵੋਟਾਂ ਪਾਉਣ ਲਈ ਪ੍ਰੇਰਿਆ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਵੋਟਾਂ ਪਾ ਕੇ ਹਲਕੇ ਦੀ ਤਰੱਕੀ ਦਾ ਰਾਹ ਖੋਲ੍ਹਣ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਨੌਰ ਹਲਕੇ ਵਿਚ ਅਕਾਲੀ ਉਮੀਦਵਾਰ ਦਾ ਵਿਰੋਧੀ ਪਾਰਟੀਆਂ ਨਾਲ ਕੋਈ ਮੁਕਾਬਲਾ ਹੀ ਨਹੀਂ ਹੈ ਕਿਉੰਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਦੋਵੇਂ ਉਮੀਦਵਾਰ ਬੇਅਸੂਲੇ ਹਨ ਜਿਨ੍ਹਾਂ ਨੇ ਆਪਣੀਆਂ ਨਿੱਜੀ ਗਰਜਾਂ ਲਈ ਆਪਣੀਆਂ ਮਾਂ ਪਾਰਟੀਆਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੁਲਦੀਪ ਕੌਰ ਦੇ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਲੰਬਾ ਸਮਾਂ ਰਾਜ ਸਤਾ ਭੋਗੀ ਪਰ ਇਸ ਵਾਰੀ ਲੋਕਾਂ ਦੀਆਂ ਭਾਵਨਾਵਾਂ ਨੂੰ ਵੇਖਦਿਆਂ ਪਾਰਟੀ ਨੇ ਟਿਕਟ ਨਾ ਦੇਣ ਦੇ ਫੈਸਲੇ ਨੂੰ ਮੰਨਣ ਦੀ ਥਾਂ ਪੰਜਾਬ ਵਿਰੋਧੀ ਪਾਰਟੀ ਦੇ ਕੰਧੇੜਿਆਂ ਉੱਤੇ ਚੜ੍ਹ ਬੈਠਾ। ਕਾਂਗਰਸ ਪਾਰਟੀ ਦੇ ਉਮੀਦਵਾਰ ਹੈਰੀ ਮਾਨ ਨੂੰ ਚੁਫੇਰਗੜ੍ਹੀਆ ਗਰਦਾਨਦਿਆਂ, ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਹਰ ਚੋਣ ਵਿਚ ਪਾਰਟੀ ਬਦਲ ਲੈਣ ਵਾਲੇ ਵਿਅਕਤੀ ਉੱਤੇ ਬਿਲਕੁਲ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ।
ਅਕਾਲੀ ਆਗੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੀ ਵਿਰੋਧੀ ਪਾਰਟੀਆਂ ਮੁਕਾਬਲਾ ਨਹੀ ਕਰ ਸਕਦੀਆਂ ਕਿਉਂਕਿ ਇਸ ਪਾਰਟੀ ਨੇ ਹਮੇਸ਼ਾ ਹੀ ਸੂਬੇ ਦੇ ਹਿੱਤਾਂ ਉੱਤੇ ਪਹਿਰਾ ਦਿੱਤਾ ਹੈ ਜਦੋਂ ਕਿ ਕਾਂਗਰਸ ਨੇ ਪੰਜਾਬ ਨਾਲ ਪੈਰ ਪੈਰ ਉੱਤੇ ਧੱਕਾ ਤੇ ਬੇਇਨਸਾਫੀ ਕੀਤੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਤਾਂ ਹੈ ਹੀ ਗੈਰਪੰਜਾਬੀਆਂ ਦੀ ਜਿਸ ਨੂੰ ਪੰਜਾਬ ਜਾਂ ਇਥੋਂ ਦੇ ਲੋਕਾਂ ਨਾਲ ਕੋਈ ਲਗਾਅ ਹੋ ਹੀ ਨਹੀਂ ਸਕਦਾ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਨੌਰ ਹਲਕੇ ਦੇ ਵੋਟਰਾਂ ਸਾਹਮਣੇ ਚੋਣ ਬੜੀ ਸਪਸ਼ਟ ਅਤੇ ਸੌਖੀ ਹੈ ਅਤੇ ਉਹਨਾਂ ਨੂੰ ਵਿਸ਼ਵਾਸ਼ ਹੈ ਕਿ ਉਹ ਸਹੀ ਚੋਣ ਕਰਦਿਆਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਜਿਤਾਉਣਗੇ।

Leave a Reply

Your email address will not be published. Required fields are marked *