ਪੰਜਾਬਪਟਿਆਲਾ

34ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਸੰਪੰਨ

ਪਟਿਆਲਾ, 13 ਫਰਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ‘ਸਮਕਾਲ ਵਿਚ ਗੁਰੂ ਨਾਨਕ ਸਾਹਿਬ ਦੀ ਪ੍ਰਸੰਗਿਕਤਾ ਅਤੇ ਸਾਰਥਿਕਤਾ (ਭਾਸ਼ਾ, ਸਾਹਿਤ, ਸਭਿਆਚਾਰ ਅਤੇ ਚਿੰਤਨ ਦੇ ਸੰਦਰਭ ਵਿਚ) ਵਿਸ਼ੇ ਤੇ ਕਰਵਾਈ ਜਾ ਰਹੀ 34ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਅੱਜ ਸੰਪੰਨ ਹੋ ਗਈ। ਗੁਰੂ ਸਾਹਿਬ ਦੇ ਜੀਵਨ ਅਤੇ ਫਲਸਫੇ ਸੰਬੰਧੀ ਹੋਈਆਂ ਵਖ-ਵਖ ਵਿਚਾਰਾਂ ਦੌਰਾਨ ਇਸ ਕਾਨਫਰੰਸ ਵਿਚ ਜਿਹੜੀ ਗੱਲ ਉਭਰਵੇਂ ਰੂਪ ਵਿਚ ਸਾਹਮਣੇ ਆਈ ਉਹ ਇਹ ਸੀ ਕਿ ਗੁਰੂ ਸਾਹਿਬ ਦਾ ਦਰਸ਼ਨ ਅੱਜ ਵੀ ਓਨਾ ਹੀ ਪ੍ਰਸੰਗਿਕ ਅਤੇ ਜ਼ਰੂਰੀ ਹੈ ਜਿੰਨਾ ਪੰਦਰਵੀਂ ਸਦੀ ਵਿਚ ਸੀ। ਇਸ ਦਰਸ਼ਨ ਤੋਂ ਸੇਧ ਲੈਣ ਅਤੇ ਇਸ ਨੂੰ ਜ਼ਿੰਦਗੀ ਵਿਚ ਅਪਣਾਉਣ ਦੀ ਬੇਹੱਦ ਲੋੜ ਹੈ।

ਇਸ ਦੇ ਵਿਦਾਇਗੀ ਸਮਾਰੋਹ ਵਿਚ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕਿਹਾ ਕਿ ਸਾਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਪੜ੍ਹਨ, ਖੋਜ਼ਣ ਅਤੇ ਆਮ ਜ਼ਿੰਦਗੀ ਵਿਚ ਅਪਨਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜ਼ਿੰਦਗੀ ਵਿਚ ਲਾਗੂ ਨਹੀਂ ਕਰਦੇ ਤਾਂ ਅਜਿਹੇ ਚਰਚੇ ਕਰਨ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਫਲਸਫੇ ਦਾ ਸੰਬੰਧ ਧਰਮ ਤੋਂ ਵੀ ਅੱਗੇ ਸੱਭਿਅਕ ਹੋਣ ਦੇ ਨਾਲ ਵੀ ਹੈ।
ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਡਾ. ਐੱਸ. ਐੱਸ. ਜੌਹਲ ਨੇ ਕਿਹਾ ਕਿ ਸਾਡੀ ਕਮਜ਼ੋਰੀ ਇਹੋ ਹੈ ਕਿ ਅਸੀਂ ਨਾਨਕ ‘ਨੂੰ’ ਤਾਂ ਮੰਨਦੇ ਹਾਂ ਪਰ ਨਾਨਕ ‘ਦੀ’ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀਆਂ ਰਚਨਾਵਾਂ ਨੂੰ ਹੋਰਨਾਂ ਭਾਸ਼ਾਵਾਂ ਵਿਚ ਅਨੁਵਾਦਣ ਦੀ ਬਹੁਤ ਲੋੜ ਹੈ, ਪਰ ਇਹ ਅਨੁਵਾਦ ਜ਼ਿੰਮੇਵਾਰੀ ਨਾਲ ਕੀਤਾ ਜਾਣਾ ਚਾਹੀਦਾ ਹੈ।
ਵਿਦਾਇਗੀ ਭਾਸ਼ਣ ਵਿਚ ਈਸ਼ਵਰ ਚੰਦਰ ਗੌੜ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਨਿਰੰਤਰ ਸੰਵਾਦ ਰਚਾਏ ਜਾਣ ਦੀ ਸਿੱਖਿਆ ਦਿੱਤੀ ਹੈ।
ਕੈਨੇਡਾ ਤੋਂ ਪਹੁੰਚੇ ਪ੍ਰਸਿੱਧ ਕਵੀ ਅਜਮੇਰ ਰੋਡੇ ਵੱਲੋਂ ਕਿਹਾ ਗਿਆ ਕਿ ਦੁਨੀਆਂ ਨੂੰ ਵੇਖਣ ਲਈ ਗੁਰੂ ਸਾਹਿਬ ਦੀ ਦ੍ਰਿਸ਼ਟੀ ਕਾਵਿਕ ਸੀ। ਸਾਨੂੰ ਵੀ ਅਜਿਹੀ ਦ੍ਰਿਸ਼ਟੀ ਅਪਨਾਉਣੀ ਚਾਹੀਦੀ ਹੈ।
ਧੰਨਵਾਦੀ ਸ਼ਬਦ ਬੋਲਦਿਆਂ ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਇਹ ਇਕ ਬਹੁਤ ਹੀ ਸਫਲ ਕਾਨਫਰੰਸ ਰਹੀ ਹੈ ਜਿਸ ਦਾ ਸਿਹਰਾ ਵਿਭਾਗ ਮੁਖੀ ਡਾ. ਯੋਗਰਾਜ ਅਤੇ ਉਸ ਦੀ ਸਮੁੱਚੀ ਟੀਮ ਨੂੰ ਜਾਂਦਾ ਹੈ।
ਵਿਦਾਇਗੀ ਸ਼ੈਸਨ ਦੌਰਾਨ ਮੰਚ ਸੰਚਾਲਨ ਕਰਦੇ ਹੋਏ ਵਿਭਾਗ ਮੁਖੀ ਡਾ. ਯੋਗਰਾਜ ਵੱਲੋਂ ਕਾਨਫਰੰਸ ਦੇ ਵਿਸ਼ੇ ਸੰਬੰਧੀ ਗੰਭੀਰ ਟਿੱਪਣੀਆਂ ਕੀਤੀਆਂ ਗਈਆਂ।
ਅੰਤਲੇ ਦਿਨ ਦੇ ਪੈਨਲ ਡਿਸਕਸ਼ਨ ਵਿਚ ਕਥਾਕਾਰ ਜਸਵੀਰ ਮੰਡ ਦੀ ਪ੍ਰਧਾਨਗੀ ਹੇਠ ਜਸਪਾਲ ਸਿੰਘ, ਅਮਰਜੀਤ ਗਰੇਵਾਲ, ਡਾ.ਰਤਨ ਸਿੰਘ ਢਿੱਲੋਂ, ਅਵਤਾਰ ਸਿੰਘ ਅਤੇ ਨਵਦੀਪ ਕੌਰ ਗਿੱਲ ਆਦਿ ਵਿਦਵਾਨਾਂ ਨੇ ਆਪਣੇ ਮੁੱਲਵਾਨ ਪੇਪਰ ਪ੍ਰਸਤੁਤ ਕੀਤੇ।

Leave a Reply

Your email address will not be published. Required fields are marked *