ਚੋਣ ਕਮਿਸ਼ਨ ਦੀ ਆਡਿਟ ਟੀਮ ਵੱਲੋਂ ਵੋਟਿੰਗ ਮਸ਼ੀਨਾਂ ਦੇ ਗੁਦਾਮ ਦੀ ਚੈਕਿੰਗ
ਚੋਣ ਅਧਿਕਾਰੀਆਂ ਤੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਕੀਤੀ ਮੀਟਿੰਗ
ਪਟਿਆਲਾ, 20 ਦਸੰਬਰ (ਮਧੂਸਾਰ ਬਿਊਰੋ)
ਚੋਣ ਕਮਿਸ਼ਨ ਦੀ ਦਿੱਲੀ ਤੋਂ ਆਈ ਵਿਸ਼ੇਸ਼ ਆਡਿਟ ਟੀਮ ਨੇ ਪਟਿਆਲਾ ਦੇ ਫਿਜੀਕਲ ਕਾਲਜ ਵਿਖੇ ਸੁਰੱਖਿਅਤ ਰੱਖੀਆਂ ਵੋਟਿੰਗ ਮਸ਼ੀਨਾਂ ਦੇ ਗੁਦਾਮ ਦੀ ਬੀਤੀ ਰਾਤ ਪੜਤਾਲ ਕੀਤੀ ਅਤੇ ਉਸ ਤੋਂ ਪਹਿਲਾਂ ਮਿੰਨੀ ਸਕੱਤਰੇਤ ਵਿਖੇ ਜ਼ਿਲ੍ਹਾ ਚੋਣ ਅਫ਼ਸਰ , ਰੀਟਰਨਿੰਗ ਅਫ਼ਸਰਾਂ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ।
ਚੋਣ ਕਮਿਸ਼ਨ ਦੀ ਆਡਿਟ ਟੀਮ ਜਿਸ ਵਿੱਚ ਸਕੱਤਰ ਸ਼੍ਰੀ ਮਾਲੇ ਮਲਿਕ ਤੇ ਸੈਕਸ਼ਨ ਅਫ਼ਸਰ ਸ਼੍ਰੀ ਸੰਤੋਸ਼ ਕੁਮਾਰ ਦੂਬੇ ਸ਼ਾਮਲ ਸਨ, ਨੇ ਦੇਰ ਸ਼ਾਮ ਪਹਿਲਾਂ ਜ਼ਿਲ੍ਹਾ ਚੋਣ ਅਫ਼ਸਰ , ਸਾਰੇ ਰੀਟਰਨਿੰਗ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਵਿੱਚ ਹੋਏ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ, ਫਿਰ ਸਮੂਹ ਰਾਜਸੀ ਪਾਰਟੀਆਂ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਦੇ ਸੁਝਾਅ ‘ਤੇ ਸ਼ਿਕਾਇਤਾਂ ਸੁਣੀਆਂ।
ਇਸ ਉਪਰੰਤ ਸ਼ਾਮ ਕਰੀਬ 7.30 ਵਜੇ ਚੋਣ ਕਮਿਸ਼ਨ ਦੀ ਇਸ ਆਡਿਟ ਟੀਮ ਵੱਲੋਂ ਫਿਜ਼ੀਕਲ ਕਾਲਜ ਵਿਖੇ ਬਣਾਏ ਗਏ ਇਲੈਕਟਰੋਨਿਕ ਵੋਟਿੰਗ ਮਸ਼ੀਨ ਦੇ ਗੁਦਾਮ ਦੀ ਵਿਸ਼ੇਸ਼ ਤੌਰ ‘ਤੇ ਚੈਕਿੰਗ ਕੀਤੀ ਅਤੇ ਉੱਥੇ ਤਾਇਨਾਤ ਚੋਣ ਤੇ ਸੁੱਰਿਖਿਆ ਅਮਲੇ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਾ ਚੋਣ ਅਫ਼ਸਰ ਦੀ ਪ੍ਰਧਾਨਗੀ ਨਾਲ ਹੀ ਇਸ ਗੁਦਾਮ ਨੂੰ ਖੋਲ੍ਹਿਆ ਜਾਵੇ। ਚੋਣ ਕਮਿਸ਼ਨ ਦੀ ਟੀਮ ਵੱਲੋਂ ਅੱਜ ਸਵੇਰੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਰੀਟਰਨਿੰਗ ਅਧਿਕਾਰੀਆਂ ਦੇ ਰਿਕਾਰਡ ਦੀ ਚੈਕਿੰਗ ਵੀ ਕੀਤੀ ਗਈ।
ਚੋਣ ਕਮਿਸ਼ਨ ਦੀ ਟੀਮ ਨਾਲ ਮੀਟਿੰਗ ਮੌਕੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ, ਰਿਟਰਨਿੰਗ ਅਫ਼ਸਰ 109 ਨਾਭਾ ਸ਼੍ਰੀਮਤੀ ਜਸ਼ਨਪ੍ਰੀਤ ਕੌਰ ਗਿੱਲ, 110 ਪਟਿਆਲਾ ਦਿਹਾਤੀ ਸ਼੍ਰੀ ਦੀਪਕ ਭਾਟੀਆ, 111 ਰਾਜਪੁਰਾ ਸ਼੍ਰੀ ਹਰਪ੍ਰੀਤ ਸਿੰਘ ਸੂਦਨ, 113 ਘਨੌਰ ਸ਼੍ਰੀ ਬਿਮਲ ਕੁਮਾਰ ਸੇਤੀਆਂ, 114 ਸਨੌਰ ਸ਼੍ਰੀ ਜਗਵਿੰਦਰ ਸਿੰਘ ਸੰਧੂ, 115 ਪਟਿਆਲਾ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, 116 ਸਮਾਣਾ ਸ਼੍ਰੀ ਅਮਰੇਸ਼ਵਰ ਸਿੰਘ ਅਤੇ 117 ਸ਼ੁਤਰਾਣਾ ਸ਼੍ਰੀਮਤੀ ਅਨੀਤਾ ਦਰਸ਼ੀ ਵੀ ਹਾਜ਼ਰ ਸਨ।

