ਪੰਜਾਬ

ਉੱਪ ਮੁੱਖ ਮੰਤਰੀ ਵੱਲੋਂ ਰੋਪੜ-ਫਗਵਾੜਾ ਸੜਕ ਨੂੰ ਚਹੁੰ ਮਾਰਗੀ ਕਰਨ ਦੀ ਸ਼ੁਰੂਆਤ

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖੱਟਕੜ ਕਲਾਂ ਵਿਖੇ ਲਾਇਆ ਟੱਕ
1500 ਕਰੋੜ ਦੀ ਲਾਗਤ ਨਾਲ 80 ਕਿਲੋਮੀਟਰ ਲੰਬੀ ਸੜਕ ਢਾਈ ਸਾਲ ‘ਚ ਬਣੇਗੀ
ਤੀਜੀ ਵਾਰ ਜਿੱਤ ਕੇ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਵਾਂਗ ਵਿਕਸਿਤ ਕਰਨ ਦਾ ਐਲਾਨ
ਖੱਟਕੜ ਕਲਾਂ, 21 ਦਸੰਬਰ (ਮਧੂਸਾਰ ਬਿਊਰੋ)
ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਰੋਪੜ-ਫਗਵਾੜਾ ਸੜਕ ਨੂੰ ਚਹੁੰ ਮਾਰਗੀ ਕਰਨ ਦੀ ਸ਼ੁਰੂਆਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖੱਟਕੜ ਕਲਾਂ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਸ਼ਹੀਦ-ਏ-ਆਜ਼ਮ ਦੇ ਸਮਾਰਕ ‘ਤੇ ਸ਼ਰਧਾ ਫੁੱਲ ਵੀ ਭੇਂਟ ਕੀਤੇ। ਇਹ ਮਹੱਤਵਪੂਰਣ ਪ੍ਰੋਜੈਕਟ ਢਾਈ ਸਾਲਾਂ ਵਿਚ ਬਣ ਕੇ ਮੁਕੰਮਲ ਹੋ ਜਾਵੇਗਾ ਅਤੇ ਇਸ ਪ੍ਰੋਜੈਕਟ ‘ਤੇ 1500 ਕਰੋੜ ਰੁਪਏ ਦੀ ਲਾਗਤ ਆਵੇਗੀ।

ਬਾਅਦ ਵਿਚ ਇਕ ਰੈਲੀ ਨੂੰ ਸੰਬੋਧਿਤ ਕਰਦਿਆਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਵਿਕਾਸ ਦੇ ਮੁੱਦੇ ਉੱਤੇ ਚੋਣ ਲੜਕੇ ਲਗਾਤਾਰ ਤੀਜੀ ਵਾਰ ਵੀ ਪੰਜਾਬ ਵਿਚ ਸੱਤਾ ਸੰਭਾਲੇਗੀ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰੇਗੀ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਪੰਜਾਬ ਸਰਕਾਰ ਨੇ ਸੂਬੇ ਦੀ ਕਾਇਆ-ਕਲਪ ਕਰ ਦਿੱਤੀ ਹੈ ਅਤੇ ਹਰੇਕ ਖੇਤਰ ਬਿਜਲੀ, ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਵਿਚ ਜ਼ਿਕਰਯੋਗ ਵਿਕਾਸ ਹੋਇਆ ਹੈ। ਉਨ੍ਹਾਂ ਐਲਾਨ ਕੀਤਾ ਕਿ 2017 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਦੇ ਸਾਰੇ ਪਿੰਡਾਂ ਨੂੰ ਸ਼ਹਿਰਾਂ ਵਾਂਗ ਵਿਕਸਿਤ ਕੀਤਾ ਜਾਵੇਗਾ ਅਤੇ ਪੱਕੀਆਂ ਗਲੀਆਂ-ਨਾਲੀਆਂ ਸਮੇਤ ਸੋਲਰ ਲਾਈਟਾਂ ਤੇ ਪੱਕੀਆਂ ਫਿਰਨੀਆਂ ਬਣਾ ਕੇ ਸੀਵਰੇਜ ਸਿਸਟਮ ਨੂੰ ਸੁਚਾਰੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਦੀਆਂ ਦੁਸ਼ਮਣ ਪਾਰਟੀਆਂ ਹਨ ਅਤੇ ਪੰਜਾਬ ਵਾਸੀਆਂ ਨੂੰ ਇਨ੍ਹਾਂ ਪਾਰਟੀਆਂ ਨੂੰ ਸੂਬੇ ਵਿਚ ਜੜ੍ਹੋਂ ਉਖਾੜ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਨੇ ਪੰਜਾਬ ਦੇ ਵਿਕਾਸ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਇਆ ਹੈ ਅਤੇ ਵਿਕਾਸ ਦੇ ਨਾਲ-ਨਾਲ ਲੋਕ ਭਲਾਈ ਦੀਆਂ ਅਜਿਹੀਆਂ ਬਹੁਤ ਸਾਰੀਆਂ ਸਕੀਮਾਂ ਤੇ ਯੋਜਵਾਨਾਂ ਵੀ ਸ਼ੁਰੂ ਕੀਤੀਆਂ ਹਨ ਜਿਸ ਨਾਲ ਪੰਜਾਬ ਵਾਸੀਆਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ।
ਭਲਾਈ ਸਕੀਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ਗਨ ਸਕੀਮ, ਮੁਫਤ ਸਿਹਤ ਬੀਮਾ ਯੋਜਨਾ, ਐਸ.ਸੀ-ਬੀ.ਸੀ ਪਰਿਵਾਰਾਂ ਨੂੰ 200 ਯੂਨਿਟ ਮੁਫਤ ਬਿਜਲੀ, ਮੁਫਤ ਆਟਾ-ਦਾਲ ਸਕੀਮ, ਮੁਫਤ ਦਵਾਈ ਕੇਂਦਰ, ਮੁਫਤ ਗੈਸ ਕੁਨੈਕਸ਼ਨ, ਕਿਸਾਨਾਂ ਨੂੰ ਮੁਫਤ ਬਿਜਲੀ ਤੋਂ ਇਲਾਵਾ ਸੂਬੇ ਨੂੰ ਵਾਧੂ ਬਿਜਲੀ ਵਾਲਾ ਅਤੇ ਸੜਕੀ ਨੈੱਟਵਰਕ ਵਿਚ ਅੱਵਲ ਬਣਾਇਆ ਹੈ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਅੱਜ ਤੱਕ ਕੋਈ ਲਾਰਾ ਨਹੀਂ ਲਾਇਆ ਅਤੇ ਜੋ ਕਿਹਾ ਉਹ ਕਰਕੇ ਵਿਖਾਇਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਚੌਧਰੀ ਨੰਦ ਲਾਲ, ਸੀਨੀਅਰ ਅਕਾਲੀ ਆਗੂ ਡਾ. ਸੁਖਵਿੰਦਰ ਕੁਮਾਰ ਸੁੱਖੀ, ਜਰਨੈਲ ਸਿੰਘ ਵਾਹਦ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਉੱਪਲ, ਜ਼ਿਲ੍ਹਾ ਪ੍ਰਧਾਨ ਬਾਬਾ ਰਾਮ ਸਿੰਘ, ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਦਵਾਜ, ਐਸਜੀਪੀਸੀ ਮੈਂਬਰ ਗੁਰਬਖਸ਼ ਸਿੰਘ ਖਾਲਸਾ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸੁਕਾਰ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਸਤਿੰਦਰ ਕੌਰ ਬੀਸਲਾ, ਉੱਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਡੀਆਈਜੀ ਐਸ.ਕੇ. ਕਾਲੀਆ, ਡਿਪਟੀ ਕਮਿਸ਼ਨਰ ਵਿਪੁਲ ਉਜਵੱਲ, ਐਸਐਸਪੀ ਨਵੀਨ ਸਿੰਗਲਾ, ਲੋਕ ਨਿਰਮਾਣ ਵਿਭਾਗ ਤੋਂ ਏ.ਕੇ. ਸਿੰਗਲਾ ਅਤੇ ਜ਼ਿਲ੍ਹੇ ਦੀ ਅਕਾਲੀ-ਭਾਜਪਾ ਲੀਡਰਸ਼ਿਪ ਹਾਜ਼ਰ ਸੀ।

Leave a Reply

Your email address will not be published. Required fields are marked *