ਪੰਜਾਬ

ਬਾਦਲ ਸਰਕਾਰ ਨੇ ਡੋਬਿਆ ਪਾਪੂਲਰ-ਸਫੈਦਾ ਉਤਪਾਦਕ ਕਿਸਾਨ ਅਤੇ ਲੱਕੜ ਉਦਯੋਗ : ਗੁਰਪ੍ਰੀਤ ਸਿੰਘ ਵੜੈਚ

ਚੰਡੀਗੜ੍ਹ, 27 ਦਸੰਬਰ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਹੈ ਕਿ ਕੇਂਦਰ ਅਤੇ ਪੰਜਾਬ ਵਿੱਚ ਅਕਾਲੀ-ਭਾਜਪਾ ਦੀਆਂ ਸਰਕਾਰਾਂ ਨੇ ਪੰਜਾਬ ਦੇ ਲੱਕੜ ਉਤਪਾਦਕ ਕਿਸਾਨਾਂ (ਫੌਰੈਸਟ੍ਰੀ ਫਾਰਮਰ) ਅਤੇ ਲੱਕੜ ਉਦਯੋਗ ਨੂੰ ਡੋਬ ਕੇ ਰੱਖ ਦਿੱਤਾ ਹੈ।

ਜਾਰੀ ਬਿਆਨ ਰਾਹੀਂ ਵੜੈਚ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਦਾ ਜਿੰਮੇਵਾਰ ਦੱਸਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਵਿੱਚ ਇਨਾਂ ਦੀ ਸਰਕਾਰ ਹੋਣ ਦੇ ਬਾਵਜੂਦ ਪੰਜਾਬ ਦੇ ਪਾਪੂਲਰ ਅਤੇ ਸਫੈਦਾ ਉਤਪਾਦਕ ਕਿਸਾਨਾਂ ਦੀ ਸਾਰ ਨਹੀਂ ਲਈ ਗਈ। ਕਿਸਾਨ ਅਤੇ ਵਪਾਰੀ ਵਿਰੋਧੀ ਨੀਤੀਆਂ ਦੇ ਕਾਰਣ ਲੱਕੜ ਉਤਪਾਦਕ ਕਿਸਾਨਾਂ ਅਤੇ ਇਨਾਂ ਉਪਰ ਨਿਰਭਰ ਪਲਾਈਵੁੱਡ ਇੰਡਸਟਰੀ ਬਰਬਾਦ ਹੋ ਗਈ ਹੈ। ਪਾਪੂਲਰ ਅਤੇ ਸਫੈਦੇ ਦੀ ਲੱਕੜ ਦਾ ਪ੍ਰਤੀ ਕਵਿੰਟਲ ਮੁੱਲ ਔਸਤਨ 1200 ਰੁਪਏ ਤੋਂ ਘਟ ਕੇ 400 ਰੁਪਏ ਤੋਂ ਵੀ ਥੱਲੇ ਆ ਗਿਆ ਹੈ। ਪੰਜਾਬ ਦੀਆਂ 80 ਫੀਸਦੀ ਪਲਾਈਵੁੱਡ ਫੈਕਟਰੀਆਂ ਬੰਦ ਹੋਣ ਕਾਰਨ ਇਨਾਂ ਵਿੱਚ ਕੰਮ ਕਰਦੇ ਹਜਾਰਾਂ ਲੋਕ ਬੇਰੋਜਗਾਰ ਹੋ ਗਏ ਹਨ।
ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਜੇਕਰ ਬਾਦਲ ਸਰਕਾਰ ਨੇ ਪੰਜਾਬ ਕਿਸਾਨ ਕਮਿਸ਼ਨ ਵੱਲੋਂ ਪਾਪੂਲਰ ਅਤੇ ਸਫੈਦਾ ਉਤਪਾਦਕ ਕਿਸਾਨਾਂ ਵਾਸਤੇ ਕੀਤੀਆਂ ਗਈ ਸਿਫਾਰਿਸ਼ਾਂ ਨੂੰ ਲਾਗੂ ਕਰਨ ਵਿੱਚ ਸੁਹਿਰਦਤਾ ਵਿਖਾਈ ਹੁੰਦੀ ਅਤੇ ਪਾਪੂਲਰ, ਸਫੈਦੇ ਅਤੇ ਡੇਕ ਦੀ ਲੱਕੜ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਹੁੰਦਾ ਤਾਂ ਪੰਜਾਬ ਦੇ ਲੱਕੜ ਉਤਪਾਦਕ ਕਿਸਾਨਾਂ ਦਾ ਐਨਾ ਬੁਰਾ ਹਾਲ ਨਾ ਹੁੰਦਾ, ਜਦਕਿ ਕੇਂਦਰ ਵਿੱਚ ਆਪਣੀ ਭਾਈਵਾਲ ਸਰਕਾਰ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਇਹ ਕੰਮ ਆਸਾਨੀ ਨਾਲ ਕਰਵਾ ਸਕਦੇ ਸਨ। ਇਸ ਤੋਂ ਇਲਾਵਾ ਚੀਨੀ ਬਜਾਰ ਵੱਲੋਂ ਪਲਾਈਵੁੱਡ ਅਤੇ ਦੂਸਰੇ ਲੱਕੜ ਉਦਯੋਗ ਨੂੰ ਦਿੱਤੀ ਜਾ ਰਹੀ ਚੁਣੌਤੀ ਦੀ ਕੂੰਜੀ ਵੀ ਕੇਂਦਰ ਸਰਕਾਰ ਦੇ ਹੱਥ ਸੀ। ਗੁਰਪ੍ਰੀਤ ਵੜੈਚ ਨੇ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਫਿਰ ਅਕਾਲੀ-ਭਾਜਪਾ ਸਰਕਾਰਾਂ ਨੇ ਲੱਕੜ ਉਤਪਾਦਕ ਕਿਸਾਨਾਂ ਅਤੇ ਲੱਕੜ ਉਦਯੋਗ ਨੂੰ ਬਚਾਉਣ ਲਈ ਕੋਈ ਠੋਸ ਨੀਤੀ ਜਾਂ ਕਦਮ ਨਹੀਂ ਉਠਾਇਆ। ਉਨਾਂ ਵਿਸ਼ਵਾਸ ਦੁਆਇਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਲੱਕੜ ਉਦਯੋਗ ਅਤੇ ਲੱਕੜ ਉਤਪਾਦਕ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਦੇ ਕੇ ਪੁਨਰ-ਸੁਰਜੀਤ ਕੀਤਾ ਜਾਵੇਗਾ।
ਵੜੈਚ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਦੀ ਬੇਰੁਖੀ ਕਾਰਨ ਪਿਛਲੇ 15 ਸਾਲਾਂ ਵਿੱਚ ਪੰਜਾਬ ਅੰਦਰ ਲੱਕੜ ਉਤਪਾਦਨ ਹੇਠ ਸਵਾ ਲੱਖ ਏਕੜ ਤੋਂ ਵੱਧ ਰਕਬਾ ਘਟ ਗਿਆ ਹੈ, ਜੋ ਵਾਤਾਵਰਣ ਲਈ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ।

Leave a Reply

Your email address will not be published. Required fields are marked *