ਮਲੂਕੇ ਦਾ ਪਰਿਵਾਰ ਸਮੇਤ ਬਾਈਕਾਟ ਕੀਤਾ ਜਾਵੇ- ਸਰਨਾ
ਅੰਮ੍ਰਿਤਸਰ 28 ਦਸੰਬਰ (ਮਧੂਸਾਰ ਬਿਊਰੋ)
ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਸਿਕੰਦਰ ਸਿੰਘ ਮਲੂਕਾ ਵੱਲੋ ਰਾਮਪੁਰਾ ਫੂਲ ਵਿਖੇ ਆਪਣੇ ਚੋਣ ਦਫਤਰ ਦਾ ਉਦਘਾਟਨ ਕਰਨ ਸਮੇਂ ਸਿੱਖ ਪੰਥ ਦੀ ਪਵਿੱਤਰ ਅਰਦਾਸ ਦਾ ਮਜ਼ਾਕ ਉਡਾਉਣ ਦੀ ਕਰੜੇ ਸ਼ਬਦਾ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਮਲੂਕੇ ਵਰਗੇ ਬੰਦੇ ਬਿਨਾਂ ਕਿਸੇ ਦੇਰੀ ਤੋ ਪੰਥ ਵਿੱਚੋ ਤੇ ਅਕਾਲੀ ਦਲ ਵਿੱਚੋ ਬਾਹਰ ਦਾ ਰਸਤਾ ਵਿਖਾਇਆ ਜਾਵੇ।
ਜਾਰੀ ਇੱਕ ਬਿਆਨ ਰਾਹੀ ਉਹਨਾਂ ਕਿਹਾ ਕਿ ਤਖਤਾਂ ਦੇ ਜਥੇਦਾਰ ਸਿਰਫ ਬਾਦਲ ਦੇ ਹੱਥਠੋਕੇ ਤੇ ਬਾਦਲ ਦਲ ਦੇ ਕਾਰਕੁੰਨ ਬਣ ਕੇ ਰਹਿ ਗਏ ਹਨ ਜਿਹਨਾਂ ਵੱਲੋ ਹਾਲੇ ਤੱਕ ਕੋਈ ਠੋਸ ਕਦਮ ਨਹੀ ਚੁੱਕਿਆ ਗਿਆ।
ਉਹਨਾਂ ਕਿਹਾ ਕਿ ਅੱਜ ਸਿੱਖ ਪੰਥ ਨੂੰ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਯਾਦ ਆ ਰਿਹਾ ਹੈ ਜਿਹੜਾ ਮਲੂਕੇ ਵਰਗੇ ਦੀਆ ਮੁਸ਼ਕਾਂ ਬੰਨ ਕੇ ਅਕਾਲ ਤਖਤ ਤੇ ਖੜਾ ਕਰਨ ਦੀ ਜੁਅੱਰਤ ਰੱਖਦਾ ਸੀ। ਉਹਨਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਨੇ ਆਪਣੇ ਸਿਰੋ ਮਾਮਲਾ ਲਾਹ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਸਿਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦ ਕਿ ਮਾਮਲਾ ਪੂਰੀ ਤਰ੍ਹਾ ਧਾਰਮਿਕ ਹੈ ਤੇ ਸਪੱਸ਼ਟ ਹੈ ਕਿ ਮਲੂਕੇ ਨੇ ਬੱਜਰ ਗਲਤੀ ਕੀਤੀ। ਉਹਨਾਂ ਕਿਹਾ ਕਿ ਜਥੇਦਾਰ ਦਾ ਨੈਤਿਕ ਫਰਜ ਬਣਦਾ ਸੀ ਕਿ ਉਹ ਖੁਦ ਮੌਕੇ ‘ਤੇ ਜਾ ਤੇ ਹਾਲਤ ਦਾ ਜਾਇਜਾ ਲੈਦਾ ਤੇ ਤੁਰੰਤ ਮਲੂਕੇ ਨੂੰ ਤਨਖਾਹੀਆ ਕਰਾਰ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਦਾ। ਉਹਨਾਂ ਕਿਹਾ ਕਿ ਉਹ ਕਿਸੇ ਵੀ ਧਰਮ ਦੇ ਖਿਲਾਫ ਨਹੀ ਹਨ ਪਰ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਹਨ ਕਿ ਜਿਹੜਾ ਆਪਣੇ ਗੁਰੂ ਤੇ ਆਪਣੇ ਅਕੀਦੇ ਦਾ ਨਹੀ ਹੋਇਆ ਉਹ ਕਿਸੇ ਦੂਸਰੇ ਧਰਮ ਨੂੰ ਵੀ ਕਿਸੇ ਵੇਲੇ ਠੇਸ ਪਹੁੰਚਾ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਮਲੂਕਾ ਬਾਦਲ ਦਲ ਦਾ ਆਗੂ ਨਾ ਹੁੰਦਾ ਤਾਂ ਹੁਣ ਨੂੰ ਬਾਦਲ ਦਲੀਆ ਤੇ ਜਥੇਦਾਰਾਂ ਨੇ ਅਸਮਾਨ ਸਿਰ ਤੇ ਚੁੱਕ ਲੈਣਾ ਸੀ ਤੇ ਕਾਵਾਂਰੌਲੀ ਇਸ ਕਦਰ ਪਾ ਦੇਣੀ ਸੀ ਉਸ ਨੂੰ ਪੰਥ ਦੋਖੀ ਦਾ ਖਿਤਾਬ ਦੇ ਕੇ ਕਟਿਹਰੇ ਵਿੱਚ ਖੜਾ ਕਰ ਦੇਣਾ ਸੀ ਪਰ ਹੁਣ ਸਭ ਦੇ ਬੁੱਲ ਹੀ ਨਹੀ ਸਗੋ ਮੂੰਹ ਵੀ ਸੀਤੇ ਗਏ ਹਨ।
ਉਹਨਾਂ ਕਿਹਾ ਕਿ ਬਾਦਲ ਮਾਰਕਾ ਜਥੇਦਾਰਾਂ ਨੇ ਪਹਿਲਾਂ ਸੌਦਾ ਸਾਧ ਨੂੰ ਮੁਆਫੀ ਦੇ ਕੇ ਅਕਾਲੀ ਦਲ ਲਈ ਵੋਟਾਂ ਦਾ ਸੌਦਾ ਪੱਕਾ ਕੀਤਾ ਤੇ ਜਦੋ ਸੰਗਤਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਜਥੇਦਾਰਾਂ ਨੂੰ ਮਜਬੂਰਨ ਸੌਦੇ ਉਪਰ ਲੀਕ ਮਾਰ ਕੇ ਮੁਆਫੀ ਨਾਮਾ ਵਾਪਸ ਲੈਣਾ ਪਿਆ। ਉਹਨਾਂ ਕਿਹਾ ਕਿ ਜੇਕਰ ਜਥੇਦਾਰਾਂ ਨੇ ਮਲੂਕਾ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਸਿੱਖ ਪੰਥ ਵਿਧਾਨ ਸਭਾ ਚੋਣਾਂ ਵਿੱਚ ਮਲੂਕੇ ਦਾ ਬਾਈਕਾਟ ਕਰਕੇ ਉਸ ਨੂੰ ਸਬਕ ਹੀ ਨਹੀ ਸਿਖਾਏਗਾ ਸਗੋ ਉਸ ਨੂੰ ਪੰਥ ਵਿੱਚੋ ਵੀ ਖਾਰਜ ਕਰਨ ਲਈ ਉਪਰਾਲੇ ਕਰੇਗਾ। ਉਹਨਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਜਿੰਨਾ ਚਿਰ ਮਲੂਕਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣੇ ਕੀਤੀ ਬੱਜਰ ਗਲਤੀ ਮੁਆਫੀ ਨਹੀ ਮੰਗ ਲੈਦਾ ਉਸ ਵੇਲੇ ਤੱਕ ਮਲੂਕੇ ਦਾ ਸਮੇਤ ਪਰਿਵਾਰ ਬਾਈਕਾਟ ਕੀਤਾ ਜਾਵੇ।

