ਆਜ਼ਾਦ ਤੇ ਨਿਰਪੱਖ ਮਾਹੌਲ ਵਿੱਚ ਚੋਣਾਂ ਕਰਵਾਉਣ ਲਈ ਹਰੇਕ ਵਿਧਾਨ ਸਭਾ ਹਲਕੇ ਵਿੱਚ ਪੰਜ ਵਿਸ਼ੇਸ ਨਾਕੇ ਲਗਾਏ ਜਾਣਗੇ : ਸੰਘਾ
ਫ਼ਤਹਿਗੜ੍ਹ ਸਾਹਿਬ, 28 ਦਸੰਬਰ (ਮਧੂਸਾਰ ਬਿਊਰੋ)
ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਵੋਟਰਾਂ ਨੂੰ ਦਿੱਤੇ ਜਾਣ ਵਾਲੇ ਹਰ ਤਰ੍ਹਾਂ ਦੇ ਡਰਾਵੇ, ਧਮਕੀਆਂ, ਪ੍ਰਭਾਵਾਂ ਅਤੇ ਰਿਸ਼ਵਤ ਨੂੰ ਰੋਕਣਾ ਜਰੂਰੀ ਹੁੰਦਾ ਹੈ ਅਤੇ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਜ਼ਾਦ ਤੇ ਨਿਰਪੱਖ ਢੰਗ ਨਾਲ ਵੋਟਾਂ ਪਵਾਉਣ ਲਈ ਜ਼ਿਲ੍ਹੇ ਵਿੱਚ ਵੱਖ-ਵੱਖ ਨਿਗਰਾਨ ਟੀਮਾਂ ਤੇ ਉਡਨ ਦਸਤਿਆਂ ਦਾ ਗਠਨ ਕੀਤਾ ਗਿਆ ਹੈ। ਜੋ ਕਿ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚਿਆਂ ‘ਤੇ ਤਿੱਖੀ ਨਜ਼ਰ ਰੱਖਣ ਤੋਂ ਇਲਾਵਾ ਆਦਰਸ਼ ਚੋਣ ਜਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਣਗੀਆਂ।
ਇਹ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਪੈਂਦੇ ਹਰੇਕ ਵਿਧਾਨ ਸਭਾ ਹਲਕੇ ਵਿੱਚ 5 ਵਿਸ਼ੇਸ ਨਾਕੇ ਲਗਾਏ ਜਾਣਗੇ ਜਿਨ੍ਹਾਂ ‘ਤੇ 20 ਟੀਮਾਂ 24 ਘੰਟੇ ਡਿਊਟੀ ਦੇਣਗੀਆਂ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਵਿਸ਼ੇਸ ਉਡਨ ਦਸਤੇ ਤਾਇਨਾਤ ਕੀਤੇ ਜਾਣਗੇ ਜੋ ਕਿ ਚੋਣਾਂ ਦੀ ਘੋਸ਼ਣਾ ਹੋਣ ਦੀ ਮਿਤੀ ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਦੱਸਿਆ ਕਿ ਉਡਨ ਦਸਤੇ ਚੋਣ ਜਾਬਤੇ ਦੀ ਉਲੰਘਣਾ ਅਤੇ ਇਸ ਦੇ ਨਾਲ ਸਬੰਧਤ ਸ਼ਿਕਾਇਤਾਂ, ਵੋਟਰਾਂ ਨੂੰ ਕਿਸੇ ਕਿਸਮ ਦਾ ਡਰਾਵਾ ਜਾਂ ਧਮਕੀ ਦੇਣ ਨਾਲ ਸਬੰਧਤ ਸ਼ਿਕਾਇਤਾਂ, ਸਮਾਜ ਵਿਰੋਧੀ ਤੱਤਾਂ, ਸ਼ਰਾਬ, ਹਥਿਆਰਾਂ, ਗੋਲੀ ਬਾਰੂਦ ਅਤੇ ਵੋਟਰਾਂ ਨੂੰ ਰਿਸ਼ਵਤ ਦੇਣ ਦੇ ਮੰਤਵ ਲਈ ਵਰਤੀ ਜਾਣ ਵਾਲੀ ਵੱਡੀ ਮਾਤਰਾ ਵਿੱਚ ਨਗਦੀ ਦੇ ਚਲਨ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰਨਗੇ। ਇਸ ਤੋਂ ਇਲਾਵਾ ਉਡਨ ਦਸਤੇ ਉਮੀਦਵਾਰਾਂ ਜਾਂ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਣ ਵਾਲੇ ਪ੍ਰਵਾਨਤ ਖਰਚਿਆਂ ‘ਤੇ ਵੀ ਤਿੱਖੀ ਨਜ਼ਰ ਰੱਖਣਗੇ।
ਉਨ੍ਹਾਂ ਹੋਰ ਦੱਸਿਆ ਕਿ ਐਸ ਡੀ ਐਮ ਖਮਾਣੋ ਮਿਸ ਰੂਹੀ ਦੁੱਗ ਦੀ ਅਗਵਾਈ ਵਿੱਚ ਮੁੱਖ ਕਾਰਜਕਾਰੀ ਅਫਸਰ ਜ਼ਿਲ੍ਹਾ ਪ੍ਰੀਸ਼ਦ ਅਤੇ ਜ਼ਿਲ੍ਹਾ ਖਜਾਨਾ ਅਫਸਰ ਦੀ ਤਿੰਨ ਮੈਬਰੀ ਖਰਚਾ ਨਿਗਰਾਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜੋ ਕਿ ਉਡਨ ਦਸਤੇ, ਨਿਗਰਾਨ ਟੀਮਾਂ ਵੱਲੋ ਜਬਤ ਕੀਤੇ ਸਮਾਨ ਦੇ ਖਰਚੇ ਬਾਰੇ ਫੈਸਲਾ ਕਰੇਗੀ।
ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਉਡਨ ਦਸਤੇ ਆਪਣੇ ਪੱਧਰ ਤੇ ਇਹ ਪ੍ਰਚਾਰ ਵੀ ਕਰਨਗੇ ਕਿ ਆਈ.ਪੀ.ਸੀ. ਦੀ ਧਾਰਾ 171-ਬੀ ਅਨੁਸਾਰ ਜੇਕਰ ਕੋਈ ਵਿਅਕਤੀ ਚੋਣ ਪ੍ਰੀਕ੍ਰਿਆ ਦੌਰਾਨ ਨਗਦੀ ਜਾਂ ਜਿਨਸੀ ਰੂਪ ਵਿੱਚ ਕੋਈ ਚੀਜ ਕਿਸੇ ਵਿਅਕਤੀ ਨੂੰ ਵੋਟ ਪਵਾਉਣ ਦੀ ਮਨਸ਼ਾ ਨਾਲ ਦਿੰਦਾ ਹੈ ਜਾਂ ਕੋਈ ਵਿਅਕਤੀ ਇਹ ਚੀਜ਼ ਲੈਂਦਾ ਹੈ ਤਾਂ ਅਜਿਹਾ ਕਰਨ ‘ਤੇ ਇੱਕ ਸਾਲ ਦੀ ਸਜਾ ਜਾਂ ਜੁਰਮਾਨਾਂ ਜਾਂ ਦੋਵੇਂ ਹੋ ਸਕਦੇ ਹਨ। ਇਸ ਤੋਂ ਇਲਾਵਾ ਆਈ.ਪੀ.ਸੀ. ਦੀ ਧਾਰਾ 171-ਸੀ ਅਨੁਸਾਰ ਜੇਕਰ ਕੋਈ ਵਿਅਕਤੀ ਕਿਸੇ ਉਮੀਦਵਾਰ ਜਾਂ ਵੋਟਰ ਜਾਂ ਕਿਸੇ ਹੋਰ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਚੋਟ ਪਹੁੰਚਾਣ ਦੀ ਧਮਕੀ ਦਿੰਦਾ ਹੈ ਤਾਂ ਉਸ ਨੁੰ ਵੀ ਇੱਕ ਸਾਲ ਦੀ ਸਜਾ ਜਾਂ ਜੁਰਮਾਨਾਂ ਜਾਂ ਦੋਵੇਂ ਹੋ ਸਕਦੇ ਹਨ।

