ਪੰਜਾਬ

ਆਪ ਵੱਲੋਂ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਜਰਨੈਲ ਸਿੰਘ ਨੂੰ ਚੋਣ ਲੜਾਉਣ ਦਾ ਐਲਾਨ

ਹੁਣ ਤੱਕ ਆਪਸੀ ਸਹਿਮਤੀ ਨਾਲ ਬਾਦਲ ਅਤੇ ਕੈਪਟਨ ਇਕ ਦੂਜੇ ਖਿਲਾਫ ਕਮਜੋਰ ਉਮੀਦਵਾਰ ਉਤਾਰਦੇ ਆਏ ਹਨ-ਕੇਜਰੀਵਾਲ
ਨਸ਼ੇ ਦੇ ਦੋਸ਼ਾਂ ਵਿਚ ਘਿਰੇ ਸਰਵਣ ਸਿੰਘ ਫਿਲੌਰ ਅਤੇ ਮਜੀਠੀਏ ਦੀ ਸੱਜੀ ਬਾਂਹ ਬੁਲਾਰੀਆ ਨੂੰ ਕਾਂਗਰਸ ਵਿਚ ਸ਼ਾਮਲ ਕਰਕੇ ਕੈਪਟਨ ਨੇ ਆਪਣੇ ਇਰਾਦੇ ਜਾਹਿਰ ਕੀਤੇ
ਕੋਲਿਆਵਾਂਲੀ (ਲੰਬੀ), 28 ਦਸੰਬਰ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪਾਰਟੀ ਆਗੂ ਜਰਨੈਲ ਸਿੰਘ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਲੰਬੀ ਤੋਂ 2017 ਦੀਆਂ ਚੋਣਾਂ ਲਈ ਉਮੀਦਵਾਰ ਐਲਾਨ ਦਿੱਤਾ।
ਲੰਬੀ ਹਲਕੇ ਦੇ ਪਿੰਡ ਕੋਲਿਆਵਾਲੀ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਹਾਜਰ ਸੰਗਤਾਂ ਨੂੰ ਜਰਨੈਲ ਸਿੰਘ ਦੇ ਲੰਬੀ ਤੋਂ ਉਮੀਦਵਾਰ ਬਣਾਉਣ ਬਾਰੇ ਜਿਉ ਹੀ ਪੁਛਿਆ ਤਾਂ ਭਾਰੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਹੱਥ ਖੜੇ ਕਰਕੇ ਅਤੇ ਤਾੜੀਆਂ ਨਾਲ ਇਸਦਾ ਸਵਾਗਤ ਕਰਦਿਆਂ ਜਰਨੈਲ ਸਿੰਘ ਦੀ ਉਮੀਦਵਾਰੀ ਤੇ ਮੋਹਰ ਲਗਾ ਦਿੱਤੀ।
ਇਸ ਮੌਕੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਕਾਂਗਰਸ ਮੁਖੀ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਆਪਸੀ ਸਹਿਮਤੀ ਰਾਹੀਂ ਇਕ ਦੂਜੇ ਦੇ ਖਿਲਾਫ ਕਮਜੋਰ ਉਮੀਦਵਾਰ ਖੜੇ ਕਰਦੇ ਆ ਰਹੇ ਹਨ ਜਿਸ ਨਾਲ ਕਿ ਉਹ ਅਸਾਨੀ ਨਾਲ ਚੋਣ ਜਿੱਤਦੇ ਆਏ ਹਨ ਪਰੰਤੂ ਇਸ ਵਾਰੀ ਅਸੀਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਬਿਕਰਮ ਮਜੀਠੀਆ ਨੂੰ ਭੱਜਣ ਨਹੀਂ ਦਿਆਂਗੇ। ਇਸੇ ਲਈ ਹੀ ਅਸੀਂ ਅਮਰਿੰਦਰ, ਬਾਦਲ, ਸੁਖਬੀਰ ਅਤੇ ਮਜੀਠੀਏ ਨੂੰ ਧੂੜ ਚਟਾਉਣ ਲਈ ਆਪਣੇ ਤਕੜੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ।
ਆਪ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦੀ ਮਿਲੀਭੁਗਤ ਦੇ ਸਬੂਤ ਦਿੰਦਿਆਂ ਕਿਹਾ ਕਿ ਪਿਛਲੀ ਬਾਰ ਜਲਾਲਾਬਾਦ ਤੋਂ ਖੜੇ ਕੀਤੇ ਗਏ ਕਾਂਗਰਸ ਦੇ ਉਮੀਦਵਾਰ ਅਤੇ ਮਜੀਠਾ ਤੋਂ ਕਾਂਗਰਸੀ ਉਮੀਦਵਾਰ ਆਪਣੀਆਂ ਜਮਾਨਤਾ ਵੀ ਨਹੀਂ ਬਚਾ ਸਕੇ ਅਤੇ ਸਿਰਫ 7 ਹਜਾਰ ਦੇ ਕਰੀਬ ਵੋਟਾਂ ਲੈਣ ਵਿਚ ਹੀ ਕਾਮਯਾਬ ਹੋ ਸਕੇ।
ਕੇਜਰੀਵਾਲ ਨੇ ਕਿਹਾ ਕਿ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸਵਰਣ ਸਿੰਘ ਫਿਲੌਰ ਦੇ ਪੁੱਤਰ ਦਾ ਨਾਮ ਨਸ਼ਾ ਵਪਾਰ ਵਿਚ ਆਉਣ ਤੋਂ ਬਾਅਦ ਉਸਨੂੰ ਕੈਬਿਨੇਟ ਤੋਂ ਅਸਤੀਫਾ ਦੇਣਾ ਪਿਆ ਸੀ ਪਰੰਤੂ ਅਜਿਹੇ ਲੀਡਰ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਬਾਹਾਂ ਖਿਲਾਰ ਕੇ ਕਾਂਗਰਸ ਵਿਚ ਲੈ ਆਏ। ਇਸੇ ਤਰਾਂ ਬਿਕਰਮ ਮਜੀਠੀਆ ਦੇ ਖਾਸਮ ਖਾਸ ਇੰਦਰਬੀਰ ਸਿੰਘ ਬੁਲਾਰੀਆ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿਚ ਸ਼ਾਮਲ ਕਰ ਲਿਆ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਬਾਦਲ, ਕੈਪਟਨ ਅਤੇ ਮਜੀਠੀਆ ਪਰਿਵਾਰ ਮਿਲਕੇ ਪੰਜਾਬ ਨੂੰ ਲੁੱਟ ਰਹੇ ਹਨ।
ਇਸ ਮੌਕੇ ਬੋਲਦਿਆਂ ਜਰਨੈਲ ਸਿੰਘ ਨੇ ਬਾਦਲ ਨੂੰ ਪੰਜਾਬ ਦੇ ਮੁੱਦਿਆਂ ਉਤੇ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ। ਉਨਾਂ ਕਿਹਾ ਕਿ ਅਕਾਲੀ ਦਲ ਜਿਹੜੇ ਵਿਕਾਸ ਦੀਆਂ ਗੱਲਾਂ ਟੀਵੀ ਚੈਨਲਾਂ ਉਤੇ ਕਰਦਾ ਆ ਰਿਹਾ ਹੈ। ਮੁੱਖ ਮੰਤਰੀ ਉਸ ਨਾਲ ਇਸ ਬਾਰੇ ਵਿਚ ਜਨਤਾ ਦੇ ਸਾਹਮਣੇ ਬਹਿਸ ਕਰਨ। ਪੰਜਾਬ ਵਿਚ ਹਰ ਰੋਜ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਹਨ ਨੌਜਵਾਨ ਨਸ਼ੇ ਕਾਰਨ ਮਰ ਰਹੇ ਹਨ। ਬਾਦਲ ਪਰਿਵਾਰ ਨੇ ਟਰਾਂਸਪੋਰਟ, ਸ਼ਰਾਬ ਅਤੇ ਕੇਬਲ ਮਾਫੀਆ ਕਬਜੇ ਵਿਚ ਕਰ ਲਿਆ ਹੈ। ਕੀ ਇਹ ਬਾਦਲਾਂ ਦਾ ਵਿਕਾਸ ਦਾ ਮਾਡਲ ਹੈ, ਜਿਸ ਬਾਰੇ ਉਹ ਚਿਰਾਂ ਤੋਂ ਰੌਲਾ ਪਾ ਰਹੇ ਹਨ। ਉਨਾਂ ਕਿਹਾ ਕਿ ਬਾਦਲ ਬਹਿਸ ਸੰਬੰਧੀ ਸਮਾਂ ਅਤੇ ਸਥਾਨ ਖੁਦ ਨਿਰਧਾਰਿਤ ਕਰਨ।
ਇਸ ਮੌਕੇ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਾਧੂ ਸਿੰਘ, ਭਗਵੰਤ ਮਾਨ, ਸੰਜੇ ਸਿੰਘ, ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕੀਤਾ।

Leave a Reply

Your email address will not be published. Required fields are marked *