ਮਲੂਕਾ ਅਰਦਾਸ ਮਾਮਲਾ : ਸ਼੍ਰੋਮਣੀ ਕਮੇਟੀ ਨੇ ਜਾਂਚ ਲਈ ਬਣਾਈ ਤਿੰਨ ਮੈਂਬਰੀ ਕਮੇਟੀ
ਚੰਡੀਗੜ੍ਹ (ਮਧੂਸਾਰ ਬਿਊਰੋ) ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਚੋਣ ਦਫਤਰ ਦਾ ਉਦਘਾਟਨ ਮੌਕੇ ਹਿੰਦੂ ਪੁਜਾਰੀਆਂ ਵੱਲੋਂ ਸਿੱਖ ਅਰਦਾਸ ਦੀ ਨਕਲ ਕਰਦਿਆਂ ਮਨਘੜਤ ਅਰਦਾਸ ਕੀਤੇ ਜਾਣ ਦੇ ਮਾਮਲਾ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ।
ਇਸ ਜਾਂਚ ਕਮੇਟੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਈਸ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸੈਕਟਰੀ ਅਮਰਜੀਤ ਸਿੰਘ ਚਾਵਲਾ ਅਤੇ ਮੈਂਬਰ ਮੋਹਨ ਸਿੰਘ ਬੰਗੀ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰੋ. ਬਡੂੰਗਰ ਨੇ ਜਾਂਚ ਕਮੇਟੀ ਨੂੰ 15 ਦਿਨ ਦਾ ਸਮਾਂ ਦਿੱਤਾ ਕਿਉਂਕਿ ਪਟਨਾ ਸਾਹਿਬ ਵਿਖੇ 350 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਹਨ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਵੀਡੀਓ ਦੇਖਣ ਤੋਂ ਬਾਅਦ ਐਸਜੀਪੀਸੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਸਿਕੰਦਰ ਸਿੰਘ ਮਲੂਕਾ ਨੇ ਇਕ ਰੇਡੀਓ ਪ੍ਰੋਗਰਾਮ ਰਾਹੀਂ ਦੱਸਿਆ ਕਿ ਵਿਰੋਧੀ ਧਿਰਾਂ ਜਾਣ ਬੁੱਝ ਕੇ ਮਾਮਲੇ ਨੂੰ ਤੁੱਲ ਦੇ ਰਹੀਆਂ ਹਨ।

