ਕੈਪਟਨ ਅਮਰਿੰਦਰ ਤੇ ਪ੍ਰਨੀਤ ਕੌਰ ਨੇ ਸ਼ਹਿਰ ‘ਚ ਉਦਯੋਗ ਲਾਉਣ ਲਈ ਕੋਈ ਪਹਿਲਕਦਮੀ ਨਹੀਂ ਕੀਤੀ : ਡਾ. ਬਲਬੀਰ
ਪਟਿਆਲਾ, 29 ਦਸੰਬਰ, (ਕੰਵਰ ਬੇਦੀ/ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਦੇ ਪਟਿਆਲਾ ਵਿਧਾਨ ਸਭਾ ਹਲਕਾ ਸ਼ਹਿਰੀ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਨੇ ਬੀਤੀ ਸ਼ਾਮ ਨਾਭਾ ਗੇਟ ਤੇ ਰਾਘੋਮਾਜਰਾ ਦੇ ਇਲਾਕਿਆਂ ‘ਚ ਆਪਣੀਆਂ ਚੋਣ ਪ੍ਰਚਾਰ ਸਭਾਵਾਂ ‘ਚ ਬੋਲਦਿਆਂ ਦੱਸਿਆ ਕਿ ਮਹਾਰਾਣੀ ਪ੍ਰਨੀਤ ਕੌਰ ਨੇ ਕੇਂਦਰ ਸਰਕਾਰ ‘ਚ ਵਿਦੇਸ਼ ਮੰਤਰੀ ਰਹਿੰਦਿਆਂ ਤੇ ਪਟਿਆਲਾ ਤੋਂ ਵਿਧਾਨ ਸਭਾ ਮੈਂਬਰ ਵੇਲੇ ਪਟਿਆਲਾ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ ਅਤੇ ਪਟਿਆਲਾ ਸੀਟ ਤੋਂ ਜਿੱਤਣ ਉਪਰੰਤ ਲੋਕਾਂ ਦੀ ਸਾਰ ਨਹੀਂ ਲਈ।
ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਮੈਂਬਰ ਰਹਿੰਦੇ ਹੋਏ ਪਟਿਆਲਾ ਸ਼ਹਿਰ ਲਈ ਕਿਸੇ ਵੱਡੇ ਉਦਯੋਗ ਨੂੰ ਲਾਉਣ ਲਈ ਸੰਸਦ ਵਿਚ ਕਦੀ ਕੋਈ ਮੰਗ ਨਹੀਂ ਕੀਤੀ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਇਲਾਕੇ ‘ਚ ਬਹੁ ਗਿਣਤੀ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਹਨ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅਕਾਲੀ ਭਾਜਪਾ ਸਰਕਾਰ ਨੇ ਆਪਣੇ 9 ਸਾਲਾਂ ਤੋਂ ਵੱਧ ਦੇ ਸਮੇਂ ‘ਚ ਪਟਿਆਲਾ ਸ਼ਹਿਰ ਨੂੰ ਅਣਗੌਲਿਆ ਹੀ ਰੱਖਿਆ। ਸ਼ਹਿਰ ਦੀਆਂ ਗਲੀਆਂ, ਸੜ੍ਹਕਾਂ, ਵਾਟਰ ਸਪਲਾਈ ਤੇ ਸੀਵਰੇਜ਼ ਸਿਸਟਮ ਦਾ ਬੁਰਾ ਹਾਲ ਹੈ। ਅਵਾਰਾ ਪਸ਼ੂ ਗਲੀਆਂ ਤੇ ਬਜ਼ਾਰਾਂ ‘ਚ ਘੁੰਮਦੇ ਨਜ਼ਰ ਆਉਂਦੇ ਹਨ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬਿਜਲੀ ਬਿਲਾਂ ਦੇ ਨਾਲ ਗਊ ਰੱਖਿਆ ਤੇ ਸਾਂਭ ਸੰਭਾਲ ਸੈੱਸ ਵਸੂਲਿਆ ਜਾਂਦਾ ਹੈ। ਆਮ ਲੋਕ ਅੱਜ ਤੱਕ ਇਹ ਨਹੀਂ ਸਮਝ ਸਕੇ ਕਿ ਉਹ ਪੈਸਾ ਸਰਕਾਰ ਵਲੋਂ ਕਿਥੇ ਵਰਤਿਆ ਜਾਂਦਾ ਹੈ। ਪਿਛਲੇ ਦਿਨੀਂ ਟੁੱਟੀਆਂ ਸੜ੍ਹਕਾਂ ਤੇ ਅਵਾਰਾ ਪਸ਼ੂਆਂ ਕਾਰਨ ਕਈ ਲੋਕਾਂ ਦੀ ਪਟਿਆਲਾ ਇਲਾਕੇ ‘ਚ ਮੌਤ ਹੋ ਚੁੱਕੀ ਹੇ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਬਿਜਲੀ ਤੇ ਪੈਟਰੋਲ ਦੀਆਂ ਕੀਮਤਾਂ ਸਾਰੇ ਰਾਜਾਂ ਨਾਲੋਂ ਵੱਧ ਹਨ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਅਕਾਲੀ ਸਰਕਾਰ ਦੇ ਕਰਿੰਦਿਆਂ ਤੋਂ ਇਕ ਇਕ ਚੀਜ਼ ਦਾ ਹਿਸਾਬ ਲਿਆ ਜਾਵੇਗਾ ਤੇ ਪਟਿਆਲਾ ਦੀ ਬੁਨਿਆਦੀ ਸਹੂਲਤਾਂ ਤੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਕਰਵਾ ਕੇ ਸ਼ਹਿਰ ਦੀ ਨੁਹਾਰ ਨੂੰ ਬਦਲਿਆ ਜਾਵੇਗਾ। ਇਸ ਮੌਕੇ ਰਮੇਸ਼ ਕੁਮਾਰ ਸਰਕਲ ਕੋ-ਆਰਡੀਨੇਟਰ, ਅੰਗਰੇਜ਼ ਸਿੰਘ, ਵਰਿੰਦਰ ਸਿੰਘ ਰਾਘੋਮਾਜਰਾ, ਟਿੰਕੂ ਸਿੰਘ ਰਾਘੋਮਾਜਰਾ, ਜੇ.ਪੀ. ਸਿੰਘ, ਕੁਲਵੰਤ ਸਿਘ ਸਾਬਕਾ ਐਕਸੀਅਨ, ਰਾਜਵੰਤ ਸਿੰਘ ਮੁਹਾਲੀ, ਗੱਜਣ ਸਿੰਘ, ਭੁਪਿੰਦਰ ਸਿੰਘ ਤਲਵਾਰਾਂ ਵਾਲੇ, ਗੁਰਿੰਦਰ ਸਿੰਘ, ਰਾਜ ਕੁਮਾਰ ਤੇ ਮਹਿੰਦਰ ਸਿੰਘ ਆਦਿ ਹਾਜ਼ਰ ਸਨ।

