ਪੰਜਾਬਪਟਿਆਲਾ

ਆਪ ‘ਚ ਘਮਸਾਨ ‘ਪ੍ਰਧਾਨਗੀ’ ਨੂੰ ਲੈ ਕੇ ਆਪ ਆਗੂਆਂ ‘ਚ ਛਿੜੀ ‘ਜੰਗ’

ਪਟਿਆਲਾ 7 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਵੱਲੋਂ ਦਿੱਲੀ ਹਾਂਈਕਮਾਂਡ ਨੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਪੰਜਾਬ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੋਂਪਣ ਦੀ ਜਿਥੇ ਪੂਰੀ ਤਿਆਰੀ ਕਰ ਲਈ ਗਈ ਹੈ, ਉਥੇ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਖਹਿਰਾ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਭਗਵੰਤ ਮਾਨ ਨੂੰ ਪੰਜਾਬ ਪ੍ਰਧਾਨਗੀ ਸੌਂਪੇ ਜਾਣਾ ਮਨਜ਼ੂਰ ਨਹੀਂ ਹੈ।

ਆਪ ਪਾਰਟੀ ‘ਚ ਇਕ ਉਹ ਧਿਰ ਹੈ, ਜੋ ਭਗਵੰਤ ਮਾਨ ਨੂੰ ਪ੍ਰਧਾਨ ਵੇਖਣਾ ਚਾਹੁੰਦੀ ਹੈ, ਜਿਸ ਪਿੱਛੇ ਹਾਈਕਮਾਂਡ ਨਜ਼ਰ ਆ ਰਹੀ ਅਤੇ ਦੂਜੇ ਪਾਸੇ ਸੁਖਪਾਲ ਖਹਿਰਾ ਆਪਣੇ ਅੱਠ ਵਿਧਾਇਕਾਂ ਨੂੰ ਨਾਲ ਲੈ ਕੇ ਸ਼ਕਤੀ ਪ੍ਰਦਰਸ਼ਨ ਕਰਕੇ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਭਗਵੰਤ ਮਾਨ ਨੂੰ ਪੰਜਾਬ ਦੀ ਪ੍ਰਧਾਨਗੀ ਸੌਂਪਣਾ ਪ੍ਰਵਾਨ ਨਹੀਂ ਹੈ। ਆਪ ‘ਚ ‘ਪ੍ਰਧਾਨਗੀ’ ਨੂੰ ਲੈ ਕੇ ਸ਼ਬਦੀ ਜੰਗ ਤੇਜ਼ ਹੋ ਗਈ ਹੈ।
ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਸਪੱਸ਼ਟ ਕਰ ਦਿੱਤਾ ਕਿ ਵਲੰਟੀਅਰਾਂ ਦੀ ਸਹਿਮਤੀ ਤੋਂ ਬਾਦ ਹੀ ਭਗਵੰਤ ਮਾਨ ਦਾ ਅਸਤੀਫਾ ਨਾ ਮਨਜ਼ੂਰ ਕੀਤਾ ਗਿਆ, ਜਿਸ ਤੋਂ ਸਪੱਸ਼ਟ ਹੈ ਕਿ ਪਾਰਟੀ ਵਲੰਟੀਅਰ ਹੀ ਭਗਵੰਤ ਮਾਨ ਨੂੰ ਪਾਰਟੀ ਪ੍ਰਧਾਨ ਵਜੋਂ ਵੇਖਣਾ ਚਾਹੁੰਦੇ ਹਨ।
ਸੁਖਪਾਲ ਖਹਿਰਾ ਨੇ ਪਾਰਟੀ ਢਾਂਢੇ ਦਾ ਮੁੜ ਪੁਨਰ ਗਠਨ ਕਰਨ ਵੱਲ ਕਦਮ ਵਧਾਉਂਦਿਆਂ ਪੰਜਾਬ ਵਾਸਤੇ 8 ਮੈਂਬਰੀ ਐਡਹਾਕ ਪੀਏਸੀ ਦਾ ਐਲਾਨ ਕਰ ਦਿੱਤਾ। ਸੁਖਪਾਲ ਖਹਿਰਾ ਧੜੇ ਨੇ ਕਿਹਾ ਕਿ ਬਠਿੰਡਾ ਕਨਵੈਨਸ਼ਨ ‘ਚ ਪੁੱਜੇ ਵਲੰਟੀਅਰਾਂ ਦੀ ਹਾਜ਼ਰੀ ‘ਚ ਮਤੇ ਪ੍ਰਵਾਨ ਕੀਤੇ ਗਏ ਅਤੇ ਸੂਬਾ ਢਾਂਚੇ ਨੂੰ ਸਰਬਸੰਮਤੀ ਨਾਲ ਭੰਗ ਕਰ ਦਿੱਤਾ ਗਿਆ ਸੀ ਅਤੇ ਮੁੜ ਸਹੀ ਢਾਂਢੇ ਦਾ ਗਠਨ ਰਾਸ਼ਟਰੀ ਕਨਵੀਨਰ ਅਰਵਿੰਦਰ ਕੇਜਰੀਵਾਲ ਦੀ ਸੋਚ ਵਾਲੇ ਸਵਰਾਜ ਦੀ ਤਰਜ਼ ‘ਤੇ ਹੋਵੇਗਾ। ਭਗਵੰਤ ਮਾਨ ਨੇ ਲੰਮੀ ਸਾਧੀ ਚੁੱਪ ਤੋੜਦਿਆਂ ਕਿਹਾ ਕਿ ਖਹਿਰਾ ਨੇ ਅਹੁਦਾ ਛੱਡਣ ਮਗਰੋਂ ਪਾਰਟੀ ਖਿਲਾਫ਼ ਮੋਰਚਾ ਖੋਲ੍ਹਿਆ, ਜਦਕਿ ਉਨ੍ਹਾਂ ਦੀ ਚੁੱਪ ਨੂੰ ਕਮਜ਼ੋਰੀ ਸਮਝਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਖਹਿਰਾ ਅੱਜ ਖੁਦਮੁਖਤਿਆਰੀ ਦੀ ਗੱਲ ਕਰਦੇ ਹਨ, ਜਦਕਿ ਖਹਿਰਾ ਦੇ ਅਹੁਦੇ ‘ਤੇ ਬਣੇ ਰਹਿਣ ਤੱਕ ਪਾਰਟੀ ਖੁਦਮੁਖਤਿਆਰ ਸੀ, ਜੋ ਹੁਣ ਅਹੁਦਾ ਖੁਸ ਜਾਣ ਮਗਰੋਂ ਨਹੀਂ ਰਹੀ। ਭਗਵੰਤ ਨੇ ਖਹਿਰਾ ‘ਤੇ ਹਮਲਾ ਕਰਦਿਆਂ ਕਿਹਾ ਕਿ ਅਹੁਦਾ ਖੁਸਿਆ, ਪਰ ਉਨ੍ਹਾਂ ਕੋਲ ਜ਼ੁਬਾਨ ਤਾਂ ਹੈ ਹੀ, ਉਹ ਬਾਦਲਾਂ ਖਿਲਾਫ਼ ਹੁਣ ਵੀ ਮੋਰਚਾ ਖੋਲ੍ਹ ਸਕਦੇ ਹਨ।
ਆਪ ਪਾਰਟੀ ‘ਚ ਪ੍ਰਧਾਨਗੀ ਨੂੰ ਲੈ ਕੇ ਦੋ ਵੱਡੀਆਂ ਧਿਰਾਂ ਵੱਖੋ ਵੱਖ ਫਰੰਟ ਖੋਲ ਚੁੱਕੀਆਂ ਅਤੇ ਪਾਰਟੀ ਆਗੂਆਂ ਵੱਲੋਂ ਅਲਾਪੀ ਜਾ ਰਹੀ ਵੱਖਰੀ ਸੁਰ ਨਾਲ ਆਪ ਪਾਰਟੀ ਨੂੰ ਅਗਾਮੀ ਪਾਰਲੀਮਾਨੀ ਚੋਣਾਂ ‘ਚ ਵੱਡਾ ਨੁਕਸਾਨ ਹੋ ਸਕਦਾ।

Leave a Reply

Your email address will not be published. Required fields are marked *