ਪੰਜਾਬ

ਨਸ਼ੇ ਦੇ ਸੌਦਾਗਰਾਂ ਨੂੰ ਜਾਏਗਾ ਕਾਂਗਰਸ ਨੂੰ ਦਿੱਤਾ ਵੋਟ ਕੇਜਰੀਵਾਲ

ਕਲਾਨੌਰ/ਕਾਹਨੂਵਾਨ(ਗੁਰਦਾਸਪੁਰ) 30 ਦਸੰਬਰ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜੇ ਕੋਈ ਕਾਂਗਰਸ ਨੂੰ ਵੋਟ ਪਾਵੇਗਾ, ਤਾਂ ਉਹ ਸਿੱਧਾ ਨਸ਼ੇ ਦੇ ਸੌਦਾਗਰਂ ਨੂੰ ਜਾਏਗਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਇੱਕੋ ਥੈਲੀ ਦੇ ਚੱਟੇ-ਬੱਟੇ ਹਨ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਦੇ ਵੀ ਬਿਕਰਮ ਸਿੰਘ ਮਜੀਠੀਆ ਵਰਗੇ ਨਸ਼ੇ ਦੇ ਸੌਦਾਗਰਾਂ ਨੂੰ ਜੇਲ ਸੁੱਟਣ ਦੀ ਹਿੰਮਤ ਨਹੀਂ ਰੱਖਦਾ, ਉਲਟਾ ਆਪਣੇ ਭਤੀਜ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ।

ਅੱਜ ਇੱਥੇ ਡੇਰਾ ਬਾਬਾ ਨਾਨਕ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਵੱਲੋਂ ਕਲਾਨੌਰ ਅਤੇ ਕਾਦੀਆਂ ਤੋਂ ਉਮੀਦਵਾਰ ਕੰਵਲਪ੍ਰੀਤ ਸਿੰਘ ਕਾਕੀ ਵੱਲੋਂ ਕਾਹਨੂੰਵਾਨ ਚ ਆਯੋਜਿਤ ਭਾਰੀ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਹੁਣ ਤੱਕ ਪੰਜਾਬ ਨੂੰ ਵਾਰੀ ਬੰਨ ਕੇ ਲੁੱਟਦੇ ਰਹੇ ਹਨ ਕਿਉਂਕਿ ਲੋਕਾਂ ਕੋਲ ਕੋਈ ਬਿਹਤਰੀਨ ਬਦਲ ਹੀ ਨਹੀਂ ਸੀ। ਹੁਣ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੈ। ਇਸ ਲਈ ਹਰ ਇੱਕ ਵੋਟ ਝਾੜੂ ਨੂੰ ਦਿੱਤੀ ਜਾਵੇ, ਤਾਂਕਿ ਪੰਜਾਬ, ਪੰਜਾਬ ਦਾ ਕਿਸਾਨ ਅਤੇ ਨੌਜਵਾਨ ਬਚਾਇਆ ਜਾ ਸਕੇ।
ਬਾਕਸ
ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਕਲਾਨੌਰ ਨੂੰ ਇਤਿਹਾਸਕ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਲੋਕਾਂ ਦੀ ਮੰਗ ਦੇ ਮੱਦੇਨਜਰ ਇਲਾਕੇ ਨੂੰ ਇੱਕ ਸਰਕਾਰੀ ਕਾਲਜ, ਸਾਰੀਆਂ ਸਹੂਲਤਾਂ ਨਾਲ ਲੈਸ ਸਰਕਾਰੀ ਹਸਪਤਾਲ, ਸਪੋਰਟਸ ਸਟੇਡੀਅਮ, ਸ਼ੂਗਰ ਮਿੱਲ ਅਤੇ ਇਸਾਈ ਭਾਈਚਾਰੇ ਲਈ ਕ੍ਰਿਸਚਨ ਮਿਊਜੀਅਮ ਬਣਾਉਣ ਦਾ ਵੀ ਐਲਾਨ ਕੀਤਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਨੌਜਵਾਨਾਂ ਤੋਂ ਫਰਜੀ ਜਿਹੇ ਕਾਰਡ ਭਰਵਾ ਰਿਹਾ ਹੈ, ਜੋ ਸਰਾਸਰ ਧੋਖਾ ਹੈ। ਉਨਾਂ 2002 ਦੇ ਸਰਕਾਰੀ ਦਸਤਾਵੇਜ ਲਹਿਰਾਉਂਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾਂ ਹੀ ਸਰਕਾਰੀ ਨੌਕਰੀਆਂ ਦੇ ਵਿਰੋਧ ਵਿੱਚ ਰਿਹਾ ਹੈ। ਇਸਨੇ ਸੱਤਾ ਸੰਭਾਲਦਿਆਂ ਹੀ ਸਰਕਾਰੀ ਨੌਕਰੀਆਂ ਉਤੇ ਪਾਬੰਦੀ ਅਤੇ ਖਾਲੀ ਪੋਸਟਾਂ ਨੂੰ ਖਤਮ ਕਰਨ ਵਾਲਾ ਤੁਗਲਕੀ ਫਰਮਾਨ ਸੁਣਾਇਆ ਸੀ। ਸਰਕਾਰੀ ਮੁਲਾਜਮਾਂ ਦੀਆਂ ਪੈਨਸ਼ਨਾਂ ਵੀ ਬੰਦ ਕਰ ਦਿੱਤੀਆਂ ਸਨ। ਮਾਮੂਲੀ ਤਨਖਾਹ ਵਾਲੀ ਠੇਕੇ ਉਤੇ ਭਰਤੀ ਦੀ ਪ੍ਰਥਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂ ਕੀਤੀ ਸੀ। ਉਨਾਂ ਕਿਹਾ ਕਿ ਕੈਪਟਨ ਦੇ ਧੋਖੇ ਦਾ ਅੰਦਾਜਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਅੱਜ ਪੰਜਾਬ ਸਰਕਾਰ ਦੇ ਕੁੱਲ ਸਰਕਾਰੀ ਮੁਲਾਜਮਾਂ ਦੀ ਗਿਣਤੀ 4 ਲੱਖ ਦੇ ਕਰੀਬ ਹੈ, ਜਦਕਿ ਘਰ-ਘਰ ਸਰਕਾਰੀ ਨੌਕਰੀ ਦੇ ਵਾਅਦੇ ਮੁਤਾਬਿਕ ਪੰਜਾਬ ਭਰ ਵਿੱਚ 60 ਲੱਖ ਸਰਕਾਰੀ ਨੌਕਰੀ ਦੇਣੀ ਪਵੇਗੀ, ਕੀ ਕੋਈ ਕੈਪਟਨ ਅਮਰਿੰਦਰ ਸਿੰਘ ਦੇ ਇਸ ਵਾਅਦੇ ਉਤੇ ਵਿਸ਼ਵਾਸ ਕਰ ਸਕਦਾ ਹੈ। ਇਸ ਲਈ ਕੈਪਟਨ ਦੇ ਕਾਰਡਾਂ ਤੋਂ ਸਾਵਧਾਨ ਰਹਿਣ ਦੀ ਜਰੂਰਤ ਹੈ। ਉਨਾਂ ਨਾਲ ਹੀ ਕਿਹਾ ਕਿ ਆਮ ਆਦਮੀ ਪਾਰਟੀ ਨੇ 25 ਲੱਖ ਨਵੇਂ ਰੋਜਗਾਰ ਦੇਣ ਦਾ ਵਾਅਦਾ ਕੀਤਾ ਹੈ, ਪਰ ਵਾਅਦਾ ਕਰਨ ਤੋਂ ਪਹਿਲਾਂ ਇਸ ਦੀ ਪੂਰੀ ਰੂਪ-ਰੇਖਾ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਅੰਗਹੀਣਤਾ ਪੈਨਸ਼ਨ 2500 ਰੁਪਇਆ ਮਹੀਨਾ ਕੀਤੀ ਜਾਵੇਗਾ। ਸਰਕਾਰੀ ਮੁਲਾਜਮਾਂ ਦੀ ਵੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗਾ। ਉਨਾਂ ਇਹ ਵੀ ਐਲਾਨ ਕੀਤਾ ਕਿ ਲੱਖਾਂ ਪਰਿਵਾਰਾਂ ਨਾਲ ਠੱਗੀ ਮਾਰਨ ਵਾਲੀਆਂ ਪਰਲ ਅਤੇ ਕਰਾਉਨ ਵਰਗੀਆਂ ਸਾਰੀਆਂ ਚਿਟਫੰਡ ਕੰਪਨੀਆਂ ਦੀ ਜਾਇਦਾਦ ਕੁਰਕ ਕਰਕੇ ਲੋਕਾਂ ਦਾ ਪੈਸਾ ਵਾਪਿਸ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਇਹ ਉਹੀ ਕੈਪਟਨ ਅਮਰਿੰਦਰ ਸਿੰਘ ਹੈ, ਜਿਸਨੇ ਕਿਸਾਨਾਂ ਨੂੰ ਮੁਫਤ ਬਿਜਲੀ ਦਾ ਵਾਅਦਾ ਕਰਕੇ ਸਰਕਾਰ ਬਣਦਿਆਂ ਹੀ ਟਿਊਬਵੈਲਾਂ ਦੇ ਬਿਲ ਲਾਗੂ ਕਰ ਦਿੱਤੇ ਸਨ।
ਕੇਜਰੀਵਾਲ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ, ਜਦ ਮੈਂ ਮਜੀਠੀਆ ਨੂੰ ਜੇਲ ਸੁੱਟਣ ਦੀ ਗੱਲ ਕਰਦਾ ਹਾਂ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਤਕਲੀਫ ਕਿਓਂ ਹੁੰਦੀ ਹੈ। ਕੈਪਟਨ ਕਹਿੰਦੇ ਹਨ ਕਿ ਕੇਜਰੀਵਾਲ ਮੇਰੇ ਖਿਲਾਫ ਲੜੇ, ਸੁਖਬੀਰ ਬਾਦਲ ਕਹਿੰਦਾ ਹੈ ਕਿ ਕੇਜਰੀਵਾਲ ਦੇ ਖਿਲਾਫ ਮੈਂ ਲੜਾਂਗਾ। ਸਾਫ ਹੈ ਕਿ ਮਿਲ ਕੇ ਕੇਜਰੀਵਾਲ ਖਿਲਾਫ ਲੜ ਰਹੇ ਹਨ, ਜਦਕਿ ਕੇਜਰੀਵਾਲ ਨਸ਼ਿਆਂ ਅਤੇ ਮਾਫੀਆਰਾਜ ਦੇ ਖਿਲਾਫ ਲੜ ਰਿਹਾ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਪਾਰਟੀ ਉਮੀਦਵਾਰ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਫਤਿਹਗੜ ਚੂੜੀਆਂ ਤੋਂ ਉਮੀਦਵਾਰ ਗੁਰਵਿੰਦਰ ਸਿੰਘ ਸ਼ਾਮਪੁਰਾ ਅਤੇ ਪਾਰਟੀ ਦੇ ਹੋਰ ਨੇਤਾਵਾਂ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਸੰਤ ਬਾਬਾ ਬੁੱਧ ਸਿੰਘ ਜੀ ਨਿੱਕੇਘੁੰਮਣਾ ਵਾਲਿਆਂ ਨੇ ਵੀ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ।

Leave a Reply

Your email address will not be published. Required fields are marked *