ਦੇਸ਼-ਵਿਦੇਸ਼ਪੰਜਾਬਪਟਿਆਲਾ

ਮਲੇਸ਼ੀਆ ਵਿਖੇ ਡਾ. ਹਰਸ਼ਿੰਦਰ ਕੌਰ ਨੇ ਦਾਜ ਨਾ ਲੈਣ ਦੀ ਸਹੁੰ ਚੁਕਾਈ

ਪਟਿਆਲਾ 3 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਕੁਆਲਾਲਮਪੁਰ (ਮਲੇਸ਼ੀਆ) ਵਿਖੇ 53ਵਾਂ ਸਲਾਨਾ ਗੁਰਮਤ ਸੰਮੇਲਨ ਹੋਇਆ ਜੋ ਸਿੱਖ ਨੌਜਵਾਨ ਸਭਾ ਮਲੇਸ਼ੀਆ ਵੱਲੋਂ ਆਯੋਜਿਤ ਕੀਤਾ ਗਿਆ। ਇਹ ਸੰਮੇਲਨ ਹਰ ਸਾਲ ਦਸੰਬਰ ਦੇ ਮਹੀਨੇ ਵਿਚ 7 ਦਿਨਾਂ ਲਈ ਕੀਤਾ ਜਾਂਦਾ ਹੈ ਜਿੱਥੇ ਲਗਭਗ 1000 ਦੇ ਕਰੀਬ ਨੌਜਵਾਨ ਸਿੱਖ ਬੱਚੇ ਬੱਚੀਆਂ ਸ਼ਾਮਲ ਹੁੰਦੇ ਹਨ। ਇਹ ਨੌਜਵਾਨ ਸਿੰਗਾਪੁਰ, ਮਲੇਸ਼ੀਆ, ਅਸਟ੍ਰੇਲੀਆ ਤੇ ਹੋਰ ਵੀ ਕਈ ਮੁਲਕਾਂ ਤੋਂ ਸ਼ਮੂਲੀਅਤ ਕਰਦੇ ਹਨ। ਇਸ ਸੰਮੇਲਨ ਵਿਚ 6 ਤੋਂ 18 ਵਰ੍ਹਿਆਂ ਤੱਕ ਦੇ ਬੱਚੇ ਹਿੱਸਾ ਲੈਂਦੇ ਹਨ ਤੇ ਲਗਭਗ 200 ਸੇਵਾਦਾਰ ਇਨ੍ਹਾਂ ਦੀ ਸਾਂਭ ਸੰਭਾਲ ਲਈ ਕੈਂਪ ਵਿਖੇ ਪਹੁੰਚਦੇ ਹਨ। ਛੋਟੇ ਬੱਚਿਆਂ ਦੇ ਮਾਪੇ ਵੀ ਨਾਲ ਹੀ ਪਹੁੰਚਦੇ ਹਨ।

ਕੈਂਪ ਵਿਚ ਬੱਚੇ ਸੱਤ ਦਿਨ ਟੈਂਟਾਂ ਵਿਚ ਰਹਿ ਕੇ ਲੰਗਰ ਪਕਾ ਖਾ ਕੇ ਸਿੱਖੀ ਜੀਵਨ ਦੀਆਂ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਲੈਂਦੇ ਹਨ। ਵੱਖੋ ਵੱਖਰੇ ਮੁਲਕਾਂ ਵਿੱਚੋਂ ਮਾਹਿਰ ਇਸ ਕੈਂਪ ਵਿਚ ਲੈਕਚਰ ਦੇਣ ਪਹੁੰਚਦੇ ਹਨ।
ਇਹ ਕੈਂਪ ਖ਼ਾਲਸਾ ਲੈਂਡ ਵਿਖੇ ਪਹਾੜੀਆਂ ਵਿਚ ਘਿਰੇ ‘ਕੁਆਲਾ ਕੁਬੂ ਬਾਰੂ’ ਜੋ ਕੁਆਲਾਲਮਪੁਰ ਤੋਂ ਇਕ ਘੰਟਾ ਦੂਰੀ ਉੱਤੇ ਹੈ, ਵਿਖੇ 18 ਤੋਂ 24 ਦਸੰਬਰ 2016 ਤੱਕ ਕਰਵਾਇਆ ਗਿਆ। ਡਾ. ਹਰਸ਼ਿੰਦਰ ਕੌਰ ਨੂੰ 21 ਤੇ 22 ਦਸੰਬਰ ਨੂੰ ਇਸ ਕੈਂਪ ਵਿਚਲੇ ਬੱਚਿਆਂ ਤੇ ਮਾਪਿਆਂ ਨੂੰ ਔਰਤਾਂ ਤੇ ਬੱਚੀਆਂ ਉੱਤੇ ਹੁੰਦੇ ਅੱਤਿਆਚਾਰਾਂ ਵਿਚ ਠੱਲ ਪਾਉਣ ਤੇ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਾਂਝੇ ਜਤਨਾਂ ਨੂੰ ਅਰੰਭਣ ਲਈ ਸੱਦਾ ਭੇਜਿਆ ਗਿਆ।
ਮਲੇਸ਼ੀਆ ਵਿਖੇ ਪਹਿਲੀ ਵਾਰ ਦੁਨੀਆ ਭਰ ਦੀਆਂ ਔਰਤਾਂ ਉੱਤੇ ਹੁੰਦੇ ਤਸ਼ੱਦਦ ਬਾਰੇ ਚਾਨਣਾ ਪਾਉਂਦਿਆਂ ਡਾ. ਹਰਸ਼ਿੰਦਰ ਕੌਰ ਨੇ ਮਲੇਸ਼ੀਆ ਅੰਦਰ ਹੋ ਰਹੇ ਔਰਤਾਂ ਤੇ ਬੱਚੀਆਂ ਦੀਆਂ ਮਨੁੱਖੀ ਕਦਰਾਂ ਕੀਮਤਾਂ ਦੇ ਘਾਣ ਨੂੰ ਉਜਾਗਰ ਕੀਤਾ ਤੇ ਉਨ੍ਹਾਂ ਪ੍ਰਤੀ ਜੱਥੇਬੰਦਕ ਢੰਗ ਨਾਲ ਕੰਮ ਕਰਨ ਦਾ ਸੱਦਾ ਦਿੱਤਾ।
ਸਵੈਨ ਜੱਥੇਬੰਦੀ, ਜੋ ਪੰਜਾਬੀ ਔਰਤਾਂ ਦੇ ਹੱਥਾਂ ਲਈ ਯਤਨਬੱਧ ਹੈ, ਨੇ ਡਾ. ਹਰਸ਼ਿੰਦਰ ਕੌਰ ਨੂੰ ਪੂਰਾ ਸਾਥ ਦੇਣ ਦਾ ਵਾਅਦਾ ਕੀਤਾ ਤੇ ਵਿਆਹਾਂ ਉੱਤੇ ਖ਼ਰਚਾ ਘਟਾਉਣ ਦੀ ਸਹੁੰ ਖਾਧੀ।
ਬੱਚੀਆਂ ਨੂੰ ਕੁੱਖ ਵਿਚ ਮਾਰਨ ਦੇ ਰੁਝਾਨ ਨੂੰ ਰੋਕਣ ਲਈ 22 ਸਾਲਾਂ ਤੋਂ ਯਤਨਸ਼ੀਲ ਡਾ. ਹਰਸ਼ਿੰਦਰ ਕੌਰ ਨੇ ਵਿਸ਼ਵ ਭਰ ਵਿਚ ਪੰਜਾਬੀਆਂ ਨੂੰ ਦਾਜ ਵਿਰੁੱਧ ਡਟਣ ਦਾ ਹੋਕਾ ਦਿੱਤਾ ਹੋਇਆ ਹੈ। ਇਸ ਤਹਿਤ ਹੁਣ ਤਕ ਵਿਸ਼ਵ ਭਰ ਵਿਚ (ਸਮੇਤ ਪੰਜਾਬ) 48,000 ਬੱਚੇ ਬੱਚੀਆਂ ਅਹਿਦ ਲੈ ਚੁੱਕੇ ਹਨ। ਮਲੇਸ਼ੀਆ ਵਿਖੇ ਪਹਿਲੀ ਵਾਰ ਇਸ ਮੁਹਿੰਮ ਵਿਚ ਸ਼ਾਮਲ ਹੋ ਕੇ 1800 ਬੱਚੇ ਬੱਚੀਆਂ ਤੇ ਟੱਬਰਾਂ ਨੇ ‘ਨੌਡਾਉਰੀ ਕੈਮਪੇਨ’ ਵਿਚ ਹਸਤਾਖ਼ਰ ਕਰ ਕੇ ਇਹ ਮੁਹਿੰਮ ਨੂੰ ਤਗੜਾ ਹੁਲਾਰਾ ਦਿੱਤਾ।
ਮਲੇਸ਼ੀਅਨ ਸਿੱਖ ਆਰਗੇਨਾਈਜੇਸ਼ਨ ਦੇ ਜਨਰਲ ਸਕੱਤਰ ਸ. ਅਵਤਾਰ ਸਿੰਘ ਜੀ ਤੇ ਪ੍ਰਧਾਨ ਸਿੱਖ ਨੌਜਵਾਨ ਸਭਾ ਮਲੇਸ਼ੀਆ ਡਾ. ਜਸਬੀਰ ਸਿੰਘ ਜੀ ਦੇ ਯਤਨਾਂ ਸਦਕਾ ਆਯੋਜਿਤ ਕੀਤਾ ਗਿਆ ਇਹ ਕੈਂਪ ਆਪਣੇ ਆਪ ਵਿਚ ਇਕ ਵਖਰੀ ਮਿਸਾਲ ਹੈ।
ਇੱਥੇ ਨੌਜਵਾਨਾਂ ਨੂੰ ਕੀਰਤਨ, ਮਿਲਵਰਤਣ, ਖੇਡਾਂ, ਖਾਲਸਾਈ ਜੀਵਨ ਜਾਚ ਤੇ ਸਿੱਖ ਸਿਧਾਂਤਾਂ ਦੇ ਨਾਲ-ਨਾਲ ਤੰਦਰੁਸਤੀ ਤੇ ਖ਼ੁਰਾਕ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਮੈਡੀਕਲ ਏਡ ਵੀ ਮੁਹੱਈਆ ਕਰਵਾਈ ਜਾਂਦੀ ਹੈ। ਸਾਫ਼ ਸਫਾਈ ਰੱਖਣੀ ਤੇ ਕੁਦਰਤੀ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੀ ਜਾਚ ਸਿਖਾਈ ਜਾਂਦੀ ਹੈ।
ਡਾ. ਹਰਸ਼ਿੰਦਰ ਕੌਰ ਨੇ ਨੌਜਵਾਨ ਬੱਚਿਆਂ ਵਿਚ ਵਧ ਰਹੇ ਨਸ਼ੇ ਦੇ ਰੁਝਾਨ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਮਾਪਿਆਂ ਤੇ ਬੱਚਿਆਂ ਨੂੰ ਇਸਦੇ ਮਾੜੇ ਅਸਰਾਂ ਬਾਰੇ ਸੁਚੇਤ ਕੀਤਾ ਤੇ ਬੱਚਿਆਂ ਨੂੰ ਇਸ ਗਲਤ ਰੁਝਾਨ ਤੋਂ ਬਚਣ ਦੇ ਤਰੀਕੇ ਸੁਝਾਏ।
ਕੈਂਪ ਦੇ ਵਿਚ ਡਾ. ਹਰਸ਼ਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ ਤੇ ਬੱਚਿਆਂ ਨੇ ਆਪਣੇ ਮਨਾਂ ਵਿਚ ਅੜੇ ਕਈ ਮਨੋਵਿਗਿਆਨਿਕ ਸਵਾਲਾਂ ਦੇ ਜਵਾਬ ਵੀ ਡਾ. ਕੌਰ ਕੋਲੋਂ ਲਏ।
ਖ਼ਾਲਸਾ ਲੈਂਡ ਦੇ ਮੈਨੇਜਰ ਸਰਜੀਤ ਸਿੰਘ ਨੌਰਾ, ਡਿਪਟੀ ਪ੍ਰੈਜ਼ੀਡੈਂਟ ‘ਸਿੱਖ ਵੂਮੈਨ ਅਵੇਅਰਨੈੱਸ ਨੈੱਟਵਰਕ, ਰਾਜਿੰਦਰ ਕੌਰ ਤੇ ਮਨਮੋਹਨ ਸਿੰਘ, ਮੀਤ ਜੱਥੇਦਾਰ ਸਿੱਖ ਨੌਜਵਾਨ ਸਭਾ ਮਲੇਸ਼ੀਆ ਦੇ ਸਹਿਯੋਗ ਨਾਲ ਇਹ ਕੈਂਪ ਸਫ਼ਲਤਾ ਨਾਲ ਪੂਰ ਚੜ੍ਹਿਆ।

Leave a Reply

Your email address will not be published. Required fields are marked *