ਪੰਜਾਬਪਟਿਆਲਾ

ਕੈਪਟਨ ਅਤੇ ਕੇਜਰੀਵਾਲ ਦੱਸਣ ਕਿਹੜੀਆਂ ਧਰਾਵਾਂ ਤੇ ਸਖਤੀ ਨਾਲ ਸਮਾਜ ਨੂੰ ਨਸ਼ਾ ਮੁਕਤ ਕਰਨਗੇ : ਡਾ. ਗਾਂਧੀ

ਪਟਿਆਲਾ 3 ਜਨਵਰੀ (ਮਧੂਸਾਰ ਬਿਊਰੋ)
ਡਾ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਕੇਜਰੀਵਾਲ ਦਰਮਿਆਨ ਨਸ਼ਿਆਂ ਉਪਰ ਚਲਦੀ ਬਿਆਨਬਾਜੀ ਦੀ ਤੁਲਨਾ “ਡੱਡੂਆਂ ਦੀ ਗੜੈਂ-ਗੜੈਂ” ਨਾਲ ਕੀਤੀ!!

ਉਨ੍ਹਾਂ ਕਾਂਗਰਸ ਅਤੇ ਆਪ ਪਾਰਟੀ ਦੇ ਨੇਤਾਵਾਂ ਨੂੰ ਸਵਾਲ ਕੀਤਾ ਕਿ ਉਹ ਨਸ਼ਾ ਵਿਰੋਧੀ ਕਾਨੂੰਨ ਵਿੱਚ ਦਰਜ ਅੱਤ ਸਖਤੀ ਦੀਆਂ ਧਾਰਾਵਾਂ ਤੋਂ ਵੱਧ ਕਿਹੜੀ ਸਖ਼ਤੀ ਕਰ ਦੇਣਗੇ ਕਿ ਸਮਾਜ ਨਸ਼ਾ ਮੁਕਤ ਹੋ ਜਾਵੇਗਾ?
ਉਨ੍ਹਾਂ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਕੀ ਮੰਤਰੀ ਬਿਕਰਮਜੀਤ ਸਿੰਘ ਮਜੀਠੀਏ ਨੂੰ ਗ੍ਰਿਫਤਾਰ ਕਰਨ ਨਾਲ ਨਸ਼ਾ ਮਾਫੀਆ ਦਾ ਲੱਕ ਭੰਨਿਆ ਜਾ ਸਕੇਗਾ?
ਡਾ ਧਰਮਵੀਰ ਗਾਂਧੀ ਨੇ ਕਿਹਾ ਕਿ ਦੋਵੇਂ ਨੇਤਾ ਨਸ਼ਾ ਮਾਫੀਏ ਨੂੰ ਬਚਾਉਣ ਖ਼ਾਤਰ ਜੁਮਲੇਬਾਜ਼ੀ ਕਰ ਰਹੇ ਹਨ ਅਤੇ ਉਨ੍ਹਾਂ ਦੀ ਨਸ਼ਾ ਮਾਫੀਆ ਨੂੰ ਖ਼ਤਮ ਕਰਨ ਦੀ ਕੋਈ ਯੋਜਨਾ ਨਹੀ ।
ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਸ਼ਾ ਵਿਰੋਧੀ ਕਾਨੂੰਨ ਵਿਰੁੱਧ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਜਿਸਨੇ ਨਸ਼ਾ ਮਾਫੀਆ ਪੈਦਾ ਕਰਨ ਲਈ ਜ਼ਮੀਨ ਮੁਹੱਈਆ ਕੀਤੀ ਹੈ ।
ਨਸ਼ਾ ਮੀਫੀਆ ਖੁਦ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਕਾਲ ਦੌਰਾਨ ਪਣਪਿਆ ਅਤੇ ਜਗਦੀਸ਼ ਭੋਲਾ ਵਰਗੇ ਨੀਮ ਸਾਹਮਣੇ ਆਏ। ਕਾਂਗਰਸ ਅਤੇ ਅਕਾਲੀ ਸਰਕਾਰਾਂ ਦੌਰਾਨ’, ਕਾਨੂੰਨ ਵਿਵਸਥਾ ਕਿਸੇ ਨਸ਼ਾ ਤਸਕਰ ਖ਼ਿਲਾਫ਼ ਨਾਮੀ ਕਾਰਵਾਈ ਨਹੀਂ ਕਰ ਸਕੀ । ਸ਼੍ਰੋਮਣੀ ਅਕਾਲੀ ਦਲ ਨੇ ਤਾਂ ਆਪਣੇ ਕਾਰਜਕਾਲ ਵਿੱਚ ਹਜਾਰਾਂ ਨਿਮਾਣੇ ਨਸ਼ਾ ਪੀੜਤ ਲੋਕ ਜੇਲ੍ਹਾਂ ਵਿੱਚ ਡੱਕ ਦਿੱਤੇ ਅਤੇ ਅੱਜ ਤੀਹ ਪ੍ਰਤੀਸ਼ਤ ‘ਤੋਂ ਉੱਤੇ ਜੇਲ੍ਹਾਂ, ਮਾੜਾ ਮੋਟਾ ਨਸ਼ਾ ਕਰਨ ਵਾਲੇ ਗ਼ਰੀਬ ਲੋਕਾਂ ਨਾਲ ਭਰੀਆਂ ਹਨ ਅਤੇ ਸਰਕਾਰ ਕਤਲ ਅਤੇ ਜੁਰਮ ਰੋਕਣ ਦੀ ਬਜਾਏ ਇਨ੍ਹਾਂ ਬੇਸਹਾਰਾ ਲੋਕਾਂ ਨੂੰ ਅਪਰਾਧੀ ਸਾਬਤ ਕਰਨ ਲਈ ਪੁਲਿਸ, ਨਿਆਂਪਾਲਿਕਾ, ਜੇਲ੍ਹ ਪ੍ਰਬੰਧਾਂ ਉੱਤੇ ਰਾਜ ਦਾ ਬੇਸ਼ਕੀਮਤੀ ਖਜਾਨਾ ਲੁਟਾ ਰਹੀ ਹੈ, ਜੋ ਕਿ ਨਸ਼ਾ ਪੀੜ੍ਹਤਾਂ ਦੇ ਕਲਿਆਣ ਲਈ ਵਰਤਿਆ ਜਾ ਸਕਦਾ ਹੈ ।
ਸਰਕਾਰ ਦੀ ਨਸ਼ਾ ਛੁਡਾਊ ਮੁਹਿੰਮ ਫ਼ੇਲ ਹੋ ਚੁੱਕੀ ਹੈ ਪਰ ਪੁਲਿਸ ਕੋਲ ਅਥਾਹ ਤਾਕਤਾਂ ਹੱਥ ਆ ਗਈਆਂ ਹਨ ਜਿਸ ਨਾਲ ਆਮ ਨਾਗਰਿਕ ਦਾ ਜੀਵਨ ਦੁੱਭਰ ਹੋ ਗਿਆ ਹੈ ।
ਮੈਂਬਰ ਪਾਰਲੀਮੈਂਟ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਕੇਜਰੀਵਾਲ ਨੂੰ ਚੈਲੇਂਜ ਕਰਕੇ ਪੁੱਛਿਆ ਕਿ ਉਹ ਦੱਸਣ ਕਿ ਕਿਹੜੀ ਸਖ਼ਤੀ ਕਰਨਗੇ ਕਿ ਸਿਆਸੀ ਨੇਤਾਵਾਂ, ਪੁਲਿਸ ਤੱਤਾਂ ਅਤੇ ਸਮੱਗਲਰਾਂ ਦੇ ਗੱਠਜੋੜ ਨਾਲ ਬਣੇ ਮਾਫੀਏ ਨੂੰ ਤੋੜ ਦੇਣਗੇ ।
ਸੰਸਦ ਮੈਂਬਰ ਨੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਨਸ਼ਾ ਮਾਫੀਆ ਦਾ ਲੱਕ ਉੰਨੀ ਦੇਰ ਨਹੀਂ ਤੋੜਿਆ ਜਾ ਸਕਦਾ ਜਿੰਨੀ ਦੇਰ ਨਸ਼ੇ ਵਿੱਚ ਫਸੇ ਪੰਜਾਬੀ ਨੋਜਵਾਨਾਂ ਵੱਲ ਮੁਜਰਮਾਨਾ ਵਤੀਰਾ ਛੱਡ ਕੇ ਇੱਕ ਬੀਮਾਰ ਵਾਲਾ ਹਮਦਰਦਾਨਾ ਵਤੀਰਾ ਨਹੀਂ ਅਪਣਾਇਆ ਜਾਂਦਾ ਅਤੇ ਉਨ੍ਹਾਂ ਦੇ ਇਲਾਜ ਲਈ ਡਾਕਟਰੀ ਅਤੇ ਸਮਾਜਕ ਦੇਖ-ਰੇਖ ਵਿੱਚ ਅਫ਼ੀਮ ਅਤੇ ਭੁੱਕੀ ਵਰਗੇ ਰਵਾਇਤੀ ਨਸ਼ੇ ਸਸਤੇ ਦਰਾਂ ‘ਤੇ ਮੁਹੱਈਆ ਨਹੀਂ ਕਰਵਾਏ ਜਾਂਦੇ ।
ਉਨ੍ਹਾਂ ਹੋਕਾ ਦਿੱਤਾ ਕਿ ਆਓ! ਭਾਰਤੀ ਸੰਸਦ ਵਿੱਚ ਨਸ਼ਾ ਵਿਰੋਧੀ ਕਾਨੂੰਨ ਨੂੰ ਸੋਧਣ ਲਈ ਲਹਿਰ ਬਣਾਈਏ ।

Leave a Reply

Your email address will not be published. Required fields are marked *