ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ 350ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਸਤਿਕਾਰ ਭਾਵਨਾ ਨਾਲ ਮਨਾਇਆ
ਸੰਗਤਾਂ ਨੇ ਭਰਵੀਂ ਹਾਜ਼ਰੀ ਲਗਵਾਈ
ਪਟਿਆਲਾ 5 ਜਨਵਰੀ (ਮਧੂਸਾਰ ਬਿਊਰੋ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਸਤਿਕਾਰ ਭਾਵਨਾ ਨਾਲ ਮਨਾਇਆ ਗਿਆ ।
ਅੰਮ੍ਰਿਤ ਵੇਲੇ ਤੋਂ ਹੀ ਸ਼ਰਧਾਲੂ ਗੁਰੂ ਘਰ ਨਮਸਤਕ ਹੋਣ ਲਈ ਪੁਜਣੇ ਸ਼ੁਰੂ ਹੋ ਗਏ ਸਨ।ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਰਾਗੀ ਜੱਥੇ ਭਾਈ ਮਨਿੰਦਰਪਾਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਪਾਲ ਸਿੰਘ ਹਜੂਰੀ ਰਾਗੀ, ਭਾਈ ਗੁਰਜੰਟ ਸਿੰਘ ਹਜੂਰੀ ਰਾਗੀ, ਢਾਡੀ ਤੀਰਥ ਸਿੰਘ ਚੰਦਨ ਤੋਂ ਇਲਾਵਾ ਵੱਖ-ਵੱਖ ਕਥਾਵਾਚਕ, ਕਵੀਸਰੀ ਜੱਥਿਆਂ ਵੱਲੋਂ ਗੁਰਬਾਣੀ ਅਤੇ ਹਰ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ।ਪੰਥ ਦੀ ਚੜਦੀਕਲ੍ਹਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਗਿਆਨੀ ਪ੍ਰਨਾਮ ਸਿੰਘ ਹੈੱਡ ਗ੍ਰੰਥੀ ਨੇ ਕੀਤੀ।ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਦੀਪਮਾਲਾ ਕੀਤੀ ਗਈ ਜੋ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੀ ਸੀ।ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕਾਂ ਵੱਲੋਂ ਖੰਡਾ ਚੌਂਕ ਤੋਂ ਗੁਰਦੁਆਰਾ ਸਾਹਿਬ ਦੇ ਗੇਟਾਂ ਤੱਕ ਲਾਈਟਿੰਗ ਵੀ ਕੀਤੀ ਗਈ ।ਪ੍ਰਕਾਸ਼ ਉਤਸਵ ਸਮੇਂ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 76 ਵਲੰਟੀਅਰਾਂ ਨੇ ਖੂਨ ਦਾਨ ਕੀਤਾ ।
ਭਾਈ ਕਾਹਨ ਸਿੰਘ ਨਾਭਾ ਵੈਲਫੇਅਰ ਕਲੱਬ ਵੱਲੋਂ ਦਸਤਾਰ ਸਿਖਲਾਈ ਕੈਂਪ ਵਿੱਚ ਸਿਖਿਆਰਥੀਆਂ ਨੂੰ ਦਸਤਾਰ ਸਜਾਉਣ ਦੇ ਗੁਰ ਸਿਖਾਏ।ਇਸ ਮੌਕੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਚੇਅਰਮੈਨ ਨਰਦੇਵ ਸਿੰਘ ਆਕੜੀ, ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਜਥੇ.ਜਰਨੈਲ ਸਿੰਘ ਕਰਤਾਰਪੁਰ ਮੈਂਬਰ ਸ਼੍ਰੋਮਣੀ ਕਮੇਟੀ, ਸਵਿੰਦਰ ਸਿੰਘ ਸਭਰਵਾਲ ਮੈਂਬਰ ਸ਼੍ਰੋਮਣੀ ਕਮੇਟੀ, ਸ਼ਮਸੇਰ ਸਿੰਘ ਬਡੂੰਗਰ, ਜਥੇ.ਰਾਮਦਿਆਲ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਬੀਬੀ ਕਮਲੇਸ਼ ਕੌਰ, ਕਰਨੈਲ ਸਿੰਘ ਵਧੀਕ ਮੈਨੇਜਰ, ਰਜਿੰਦਰ ਸਿੰਘ ਟੌਹੜਾ ਵਧੀਕ ਮੈਨੇਜਰ, ਬੀਬੀ ਪਰਮਜੀਤ ਕੌਰ ਬਜਾਜ, ਸੁਖਵਿੰਦਰ ਸਿੰਘ ਤੋਂ ਇਲਾਵਾ ਭਾਰੀ ਮਾਤਰਾ ਵਿੱਚ ਸ਼ਰਧਾਲੂ ਹਾਜਰ ਸਨ।

