ਪਾਕਿਸਤਾਨ ਨੇ 219 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ
ਕਰਾਚੀ 5 ਜਨਵਰੀ (ਏਜੰਸੀਆਂ/ਮਧੂਸਾਰ ਬਿਊਰੋ) ਪਾਕਿਸਤਾਨ ਨੇ ਕਥਿਤ ਰੂਪ ਵਿਚ ਉਨ੍ਹਾਂ ਦੇ ਜਲ ਸਰੋਤਾਂ ਵਿਚ ਗ੍ਰਿਫਤਾਰ ਕੀਤੇ ਗਏ 219 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਪਾਕਿਸਤਾਨੀ ਜੇਲ੍ਹਾਂ ਤੋਂ ਰਿਹਾਅ ਕੀਤੇ ਭਾਰਤੀ ਮਛੇਰਿਆਂ ਦੀ ਕੁੱਲ ਸੰਖਿਆ 439 ਹੋ ਗਈ ਹੈ। ਜੇਲ ਅਧਿਕਾਰੀ ਹਸਨ ਸੇਹਤੋ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਵੱਲੋਂ ਮਿਲੇ ਆਦੇਸ਼ਾਂ ‘ਤੇ ਮਾਲਿਕ ਜੇਲ੍ਹ ਤੋਂ 219 ਮਛੇਰਿਆਂ ਦੀ ਰਿਹਾਈ ਕੀਤੀ ਗਈ ਹੈ।
ਸਤੰਬਰ ਵਿਚ ਓਰੀ ਵਿਚ ਭਾਰਤੀ ਫੌਜ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਦਰਮਿਆਨ ਰਿਸ਼ਤੇ ਵਿਚ ਆਏ ਤਣਾਅ ਤੋਂ ਬਾਅਦ ਦੂਸਰੀ ਵਾਰੀ ਪਾਕਿਸਤਾਨ ਦੀ ਜੇਲ੍ਹਾਂ ਵਿਚੋਂ ਭਾਰਤੀ ਮਛੇਰਿਆਂ ਨੂੰ ਛੱਡਿਆ ਗਿਆ ਹੈ। ਓਰੀ ਹਮਲੇ ਦੇ ਲਈ ਭਾਰਤ ਨੇ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਪਾਕਿਸਤਾਨ ਸਰਕਾਰ ਨੇ 25 ਦਸੰਬਰ ਨੂੰ ਇਕ ਸਾਲ ਤੋਂ ਵੱਧ ਸਮਾਂ ਜੇਲ੍ਹ ਵਿਚ ਬੰਦ 220 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਸੀ। ਸੇਹਤੋਂ ਨੇ ਕਿਹਾ ਕਿ ਅੱਜ ਰਿਹਾਅ ਕੀਤੇ ਗਏ ਭਾਰਤੀ ਮਛੇਰਿਆਂ ਨੂੰ ਵਾਹਗਾ ਸੀਮਾ ‘ਤੇ ਭਾਰਤੀ ਅਧਿਕਾਰੀਆਂ ਦੇਹਵਾਲੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਰਾਚੀ ਦੀ ਲਾਂਧੀ ਜੇਲ੍ਹ ਵਿਚ ਕਰੀਬ 110 ਅਤੇ ਭਾਰਤੀ ਮਛੇਰੇ ਬਚੇ ਹਨ। ਪਿਛਲੇ ਸਾਲ ਮਾਰਚ ਵਿਚ ਪਾਕਿਸਤਾਨ ਸਰਕਾਰ ਨੇ 87 ਭਾਰਤੀ ਮਛੇਰਿਆਂ ਨੂੰ ਛੱਡਿਆ ਸੀ, ਜੋ ਕਰੀਬ ਢਾਈ ਸਾਲ ਤੋਂ ਕਰਾਚੀ ਦੀ ਜੇਲ੍ਹ ਵਿਚ ਬੰਦ ਸਨ।

