ਪੰਜਾਬ ‘ਚੋਂ ਨਸ਼ੇ ਖਤਮ ਕਰਨ ਲਈ ਹਰ ਕੁਰਬਾਨੀ ਦੇਣ ਲਈ ਤਿਆਰ-ਡਾ. ਬਲਬੀਰ ਸਿੰਘ
ਪਟਿਆਲਾ, 7 ਜਨਵਰੀ, (ਕੰਵਰ ਬੇਦੀ/ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਤਰੁੰਤ ਬਾਅਦ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ‘ਚ ਧੱਕਣ ਵਾਲੇ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾ ਕੇ ਹੀ ਸਾਹ ਲਿਆ ਜਾਵੇਗਾ।
ਪੰਜਾਬ ‘ਚੋਂ ਨਸ਼ਿਆਂ ਦੇ ਖਾਤਮਾ ਕੀਤਾ ਜਾਵੇਗਾ ਭਾਵੇਂ ਇਸ ਲਈ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੇ ਆਪਣੀ ਘਰ-ਘਰ ਚੋਣ ਪ੍ਰਚਾਰ ਮੁਹਿੰਮ ਦੌਰਾਨ ਕੀਤਾ।
ਹਲਕਾ ਪਟਿਆਲਾ ਸ਼ਹਿਰੀ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਨੂੰ ਡਰੱਗ ਮੁਕਤ ਕਰਾਉਣਾ ਉਨ੍ਹਾਂ ਦਾ ਇਕ ਸੁਪਨਾ ਹੈ ਜਿਸ ਨੂੰ ਹਰ ਕੀਮਤ ‘ਤੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਜਿਥੇ ਦੇਸ਼ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਵਿਦੇਸ਼ਾਂ ਵਿਚ ਜਾ ਕੇ ਪੰਜਾਬੀਆਂ ਨੇ ਆਪਣੀ ਮਿਹਨਤ ਤੇ ਕਾਬਲੀਅਤ ਦਾ ਲੋਹਾ ਮਨਵਾਇਆ। ਪ੍ਰੰਤੂ ਅਜੋਕੇ ਸਮੇਂ ਕੁਝ ਪੰਜਾਬ ਵਿਰੋਧੀ ਤਾਕਤਾਂ ਨੇ ਸੂਬੇ ਨੂੰ ਨਸ਼ੇ ਦੀ ਸਮਗਲਿੰਗ ਦਾ ਅੱਡਾ ਬਣਾਇਆ ਹੋਇਐ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸਮਾਂ ਆ ਗਿਆ ਹੈ ਹੁਣ ਪੰਜਾਬ ਦੇ ਮੱਥੇ ਤੋਂ ਨਸ਼ੇ ਵਰਗੀ ਭੈੜੀ ਬਿਮਾਰੀ ਦੀ ਤੋਹਮਤ ਨੂੰ ਰਲ ਮਿਲ ਕੇ ਲਾਹਿਆ ਜਾਵੇ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਪੰਜਾਬ ਦੇ ਪਵਿੱਤਰ ਧਰਤੀ ਦੇ ਦਰਜੇ ਨੂੰ ਮੁੜ ਬਹਾਲ ਕੀਤਾ ਜਾਵੇਗਾ। ਇਸ ਮੌਕੇ ਡਾ. ਬਲਬੀਰ ਸਿੰਘ ਨਾਲ ਕੁਲਵੰਤ ਸਿੰਘ, ਸੰਜੀਵ ਬੰਧੂ, ਸ਼ਵਿੰਦਰ ਧਨੰਜੈ, ਲਲਿਤ, ਬਲਕਾਰ ਸਿੰਘ ਗੱਜੂਮਾਜਰਾ, ਜਗਮੋਹਨ ਸੈਣੀ ਲੀਗਲ ਐਡਵਾਈਜ਼ਰ, ਸਾਬਕਾ ਇੰਜ: ਵੀ. ਕੇ. ਗੁਲਾਟੀ, ਪ੍ਰੀਤਮ ਸਿੰਘ ਡੀ.ਐਸ.ਪੀ. (ਰਿਟਾ.), ਕੁਲਦੀਪ ਸਿੰਘ ਸੇਖੋਂ (ਰਿਟਾ.), ਮੈਡਮ ਜਸਵੀਰ ਕੌਰ, ਭੁਪਿੰਦਰ ਸਿੰਘ, ਵਿਕਰਾਂਤ, ਜਸਪਿੰਦਰ ਕੌਰ ਢਿੱਲੋਂ, ਡਾ. ਪ੍ਰੇਮਪਾਲ ਸਿੰਘ ਢਿੱਲੋਂ ਵੀ ਹਾਜ਼ਰ ਸਨ।

