ਜਨਰਲ ਦੀ ਕਮਾਂਡ ਹੇਠ ਇਕਠੇ ਹੋਏ ਕੋਹਲੀ ਤੇ ਬਜ਼ਾਜ਼ ਧੜੇ
ਪਟਿਆਲਾ, 10 ਜਨਵਰੀ (ਮਧੂਸਾਰ ਬਿਊਰੋ)
ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਜੇ.ਜੇ. ਸਿੰਘ ‘ਮਰਵਾਹਾ’ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਪਟਿਆਲਾ ਸ਼ਹਿਰੀ ਹਲਕੇ ਅੰਦਰ ਚੋਣ ਮੈਦਾਨ ‘ਚ ਉਤਾਰੇ ਜਾਣ ਨਾਲ ਉਤਸ਼ਾਹ ‘ਚ ਆਏ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਕਾਡਰ ਨੇ ਮਿਸ਼ਨ ‘ਸੰਪੂਰਨ ਫ਼ਤਹਿ’ ਤਹਿਤ ਮੈਦਾਨ ਸਰ ਕਰਨ ਲਈ ਬੀੜਾ ਉਠਾ ਲਿਆ ਹੈ। ਜਨਰਲ ਦੀ ਕਮਾਂਡ ਹੇਠ ਜਿਥੇ ਇਕ ਪਾਸੇ ਸ਼ਹਿਰ ਦੇ ਚੋਟੀ ਦੇ ਅਕਾਲੀ ਆਗੂ ਸਾਬਕਾ ਮੰਤਰੀ ਤੇ ਸ਼ਹਿਰੀ ਪ੍ਰਧਾਨ ਸੁਰਜੀਤ ਸਿੰਘ ਕੋਹਲੀ ਤੇ ਸਾਬਕਾ ਚੇਅਰਮੈਨ ਜਥੇਦਾਰ ਇੰਦਰਮੋਹਨ ਸਿੰਘ ਬਜ਼ਾਜ਼ ਇਕਠੇ ਹੋ ਗਏ ਹਨ।
ਦੂਜੇ ਪਾਸੇ ਯੂਥ ਅਕਾਲੀ ਦਲ ਮਾਲਵਾ ਜ਼ੋਨ 2 ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਅਤੇ ਇੰਪਰੂਵਮੈਂਟ ਟਰਸਟ ਪਟਿਆਲਾ ਦੇ ਚੇਅਰਮੈਨ ਸ੍ਰੀ ਵਿਸ਼ਨੂੰ ਸ਼ਰਮਾ ਨੇ ਹਾਈ ਕਮਾਂਡ ਦਾ ਹੁਕਮ ਵਜਾਉਂਦਿਆਂ ਜਨਰਲ ਦੇ ਹੱਕ ‘ਚ ਲਹਿਰ ਖੜ੍ਹੀ ਕਰ ਦਿਤੀ ਹੈ। ਜਦਕਿ ਸਮੁਚੀ ਭਾਰਤੀ ਜਨਤਾ ਪਾਰਟੀ ਲੀਡਰਸ਼ਿਪ ਨੇ ਗਠਜੋੜ ਉਮੀਦਵਾਰ ਨੂੰ ਜਿਤਾਉਣ ਦਾ ਤਹਈਆ ਕਰਦਿਆਂ ਅਪਣੇ ਹਰ ਇਕ ਵਿੰਗ ਨੂੰ ਉਤੇਜਿਤ ਕਰਕੇ ਹਰ ਘਰ ਤਕ ਪਹੁੰਚ ਬਣਾਉਣ ਦਾ ਟੀਚਾ ਮਿਥਿਆ ਹੈ। ਉਧਰ ਸ਼ਹਿਰੀ ਹਲਕੇ ਅੰਦਰ ਪੈਂਦੇ ਸਮੁਚੇ ਵਾਰਡਾਂ ਦੇ ਅਕਾਲੀ-ਭਾਜਪਾ ਦੇ ਜਿਤੇ ਹਾਰੇ ਕੌਂਸਲਰਾਂ ਵਲੋਂ ਕੈਪਟਨ ਨੂੰ ਹਰਾਉਣ ਲਈ ਕਮਰ ਕਸ ਲਈ ਗਈ ਹੈ। ਇਸੇ ਦੌਰਾਨ ਜਨਰਲ ਸਿੰਘ ਨੇ ਸ਼ਹਿਰ ਦੇ ਸਮੁਚੇ ਕੌਂਸਲਰਾਂ ਨਾਲ ਮੀਟਿੰਗ ਕਰਕੇ ਚੋਣ ਮੁਹਿੰਮ ਦੀ ਰੂਪ ਰੇਖਾ ਵੀ ਉਲੀਕੀ ਤੇ ਸਭਨਾ ਦੇ ਸੁਝਾਉ ਵੀ ਲਏ ਤੇ ਅਪਣੀ ਰਣਨੀਤੀ ਸਾਂਝੀ ਕੀਤੀ।
ਜਨਰਲ ਜੇ.ਜੇ. ਸਿੰਘ ਵਲੋਂ ਅਪਣੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਇਥੇ ਜੌੜੀਆਂ ਭੱਠੀਆਂ ਵਿਖੇ ਚੇਅਰਮੈਨ ਸ੍ਰੀ ਵਿਸ਼ਨੂੰ ਸ਼ਰਮਾ ਦੀ ਅਗਵਾਈ ਹੇਠਲੀ ਰੱਖੀ ਇਕ ਭਰਵੀਂ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਅਪਣੇ ਪਟਿਆਲਵੀ ਪਿਛੋਕੜ ਤੋਂ ਜਾਣੂ ਕਰਵਾਉਂਦਿਆਂ ਖੁਲਾਸਾ ਕੀਤਾ ਕਿ ਉਹ ਕਿਸ ਤਰ੍ਹਾਂ ਕੈਪਟਨ ਨਾਲੋਂ ਇਕ ਬਿਹਤਰ ਨੁਮਾਇੰਦੇ ਸਾਬਤ ਹੋਣਗੇ, ਕਿਉਂਕਿ ਸੂਬੇ ‘ਚ ਮੁੜ ਤੋਂ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਭਾਜਪਾ ਗਠਜੋੜ ਸਰਕਾਰ ਬਨਣ ਵਾਲੀ ਹੈ। ਇਸੇ ਦੌਰਾਨ ਜਨਰਲ ਸਿੰਘ ਨੇ ਸਥਾਨਕ ਧੀਰੂ ਕੀ ਮਾਜਰੀ ਵਿਖੇ ਉਨ੍ਹਾਂ ਨੇ ਬੱਚੀਆਂ ਦੀ ਲੋਹੜੀ ਮਨਾਏ ਜਾਣ ਦੇ ਇਕ ਸਮਾਗਮ ‘ਚ ਸ਼ਿਰਕਤ ਕੀਤੀ। ਮਗਰੋਂ ਉਨ੍ਹਾਂ ਸ਼ੇਰੇ ਪੰਜਾਬ ਮਾਰਕੀਟ ਵਿਖੇ ਸਮੁਚੀ ਮਾਰਕੀਟ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਲਾਏ ਗਏ ਖ਼ੂਨਦਾਨ ਕੈਂਪ ‘ਚ ਸ਼ਮੂਲੀਅਤ ਕੀਤੀ। ਇਸ ਮੋਕੇ ਜਨਰਲ ਦੀ ਸਪੁਤਨੀ ਅਨੂਪਮਾ ਸਿੰਘ, ਸ਼ਹਿਰੀ ਜਥੇਦਾਰ ਸੁਰਜੀਤ ਸਿੰਘ ਕੋਹਲੀ, ਪ੍ਰਧਾਨ ਜਥੇਦਾਰ ਇੰਦਰਮੋਹਨ ਸਿੰਘ ਬਜ਼ਾਜ਼, ਚੇਅਰਮੈਨ ਵਿਸ਼ਨੂੰ ਸ਼ਰਮਾ, ਹਰਪਾਲ ਜੁਨੇਜਾ, ਮੇਅਰ ਅਮਰਿੰਦਰ ਸਿੰਘ ਬਜ਼ਾਜ਼, ਸ਼ਹਿਰੀ ਪ੍ਰਧਾਨ ਅਨਿਲ ਬਜਾਜ, ਸੀਨੀਅਰ ਡਿਪਟੀ ਮੇਅਰ ਜਗਦੀਸ਼ ਚੌਧਰੀ, ਡਿਪਟੀ ਮੇਅਰ ਹਰਿੰਦਰ ਕੋਹਲੀ, ਬ੍ਰਿਗੇਡੀਅਰ ਰਮੇਸ਼ ਭਾਟੀਆ, ਭੁਪਿੰਦਰ ਸਿੰਘ ਸਾਹਨੀ ਤੇ ਹੋਰ ਵੱਡੀ ਗਿਣਤੀ ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਹਾਜ਼ਰ ਸਨ।

