ਜ਼ਿਲ੍ਹੇ ਦੇ ਵੋਟਰ ‘ਵੋਟਰ ਸਹੂਲਤ ਸੈਂਟਰ’ ਦਾ ਲਾਭ ਉਠਾਉਣ- ਜ਼ਿਲ੍ਹਾ ਚੋਣ ਅਫ਼ਸਰ
ਜ਼ਿਲ੍ਹੇ ‘ਚ 26 ‘ਵੋਟਰ ਸਹੂਲਤ ਸੈਂਟਰ’ ਸਥਾਪਤ
ਪਟਿਆਲਾ, 12 ਜਨਵਰੀ (ਮਧੂਸਾਰ ਬਿਊਰੋ)
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਰਾਮਵੀਰ ਨੇ ਦਸਿਆ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮਦੇਨਜ਼ਰ ਪਟਿਆਲਾ ਜ਼ਿਲ੍ਹੇ ਦੇ ਹਰੇਕ ਰੀਟਰਨਿੰਗ ਅਧਿਕਾਰੀ ਦੇ ਦਫ਼ਤਰ ਵਿਖੇ ਇਕ ‘ਵੋਟਰ ਫੈਸਿਲੀਟੇਸ਼ਨ ਸੈਂਟਰ’ ਸਥਾਪਤ ਕੀਤਾ ਗਿਆ ਹੈ।
ਉਨ੍ਹਾਂ ਦਸਿਆ ਕਿ ਕੋਈ ਵੀ ਸਬੰਧਤ ਹਲਕੇ ਦਾ ਵੋਟਰ ਅਪਣੀ ਵੋਟ ਬਾਬਤ ਕਿਸੇ ਤਰ੍ਹਾਂ ਦੀ ਜਾਣਕਾਰੀ ਇਸ ਸੈਂਟਰ ਵਿਚੋਂ ਹਾਸਲ ਕਰ ਸਕਦਾ ਹੈ। ਇਸ ਤੋਂ ਬਿਨ੍ਹਾਂ ਇਸ ਸੈਂਟਰ ਤੋਂ ਈ.ਵੀ.ਐਮ. ਮਸ਼ੀਨ ਬਾਰੇ ਵੀ ਜਾਣਕਾਰੀ ਲਈ ਜਾ ਸਕਦੀ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ, ਵੋਟਿੰਗ ਮਸ਼ੀਨ ਚਲਾਉਣ ਆਦਿ ਬਾਰੇ ਜਾਣਕਾਰੀ ਲੈਣ ਲਈ ਅਪਣੇ ਸੰਬੰਧਤ ਰੀਟਰਨਿੰਗ ਅਧਿਕਾਰੀ ਦੇ ਦਫ਼ਤਰ ‘ਚ ਸਥਾਪਤ ਇਸ ਵੋਟਰ ਫੈਸਿਲੀਟੇਸ਼ਨ ਸੈਂਟਰ ਦਾ ਲਾਭ ਉਠਾ ਸਕਦੇ ਹਨ।
ਸ੍ਰੀ ਰਾਮਵੀਰ ਨੇ ਦਸਿਆ ਕਿ ਇਹ ਵੋਟਰ ਸਹੂਲਤ ਕੇਂਦਰ ਸਮਾਣਾ, ਨਾਭਾ, ਰਾਜਪੁਰਾ ਤੇ ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕਿਆਂ ਦਾ ਸਬੰਧਤ ਐਸਡੀਐਮ ਦਫ਼ਤਰਾਂ ‘ਚ ਅਤੇ ਸ਼ੁਤਰਾਣਾ ਦਾ ਐਸਡੀਐਮ ਪਾਤੜਾ, ਘਨੌਰ ਦਾ ਏਸੀਏ ਪੁਡਾ ਅਤੇ ਪਟਿਆਲਾ ਦਿਹਾਤੀ ਦਾ ਡੀਟੀਓ ਦਫ਼ਤਰ ਮਿੰਨੀ ਸਕੱਤਰੇਤ, ਸਨੌਰ ਦਾ ਏਡੀਸੀ ਵਿਕਾਸ ਦੇ ਦਫ਼ਤਰ ‘ਚ ਖੋਲੇ ਗਏ ਹਨ। ਇਸ ਤੋਂ ਬਿਨ੍ਹਾਂ ਜ਼ਿਲ੍ਹੇ ਦੀਆਂ 18 ਵਿਦਿਅਕ ਸੰਸਥਾਵਾਂ ‘ਚ ਵੀ ਇਹ ਕੇਂਦਰ ਖੋਲ੍ਹੇ ਗਏ ਹਨ।

