ਕਾਂਗਰਸ ਤੇ ਆਪ ਨੂੰ ਲੋਕ ਮੂੰਹ ਨੀ ਲਗਾਉਣਗੇ : ਜਨਰਲ ਜੇ. ਜੇ. ਸਿੰਘ
ਜੁਨੇਜਾ, ਕੋਹਲੀ, ਬਜਾਜ ਨੇ ਕੀਤਾ ਜਨਰਲ ਜੇ.ਜੇ ਸਿੰਘ ਦੇ ਹੱਕ ਵਿੱਚ ਜ਼ੋਰਦਾਰ ਪ੍ਰਚਾਰ
ਪਟਿਆਲਾ, 14 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਦੇ ਹੱਕ ‘ਚ ਹੋਈਆਂ ਵੱਖ ਵੱਖ ਚੋਣ ਰੈਲੀਆਂ ਨੂੰ ਅੱਜ ਵੱਖ ਵੱਖ ਅਕਾਲੀ ਨੇਤਾਵਾਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਅਕਾਲੀ ਦਲ ਪਟਿਆਲਾ ਸ਼ਹਿਰੀ ਤੋਂ ਵੱਡੀ ਜਿੱਤ ਪ੍ਰਾਪਤ ਕਰੇਗੀ।
ਇਸ ਮੌਕੇ ਵੱਖ ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਜੁਨੇਜਾ ਅਤੇ ਮੇਅਰ ਅਮਰਿੰਦਰ ਸਿੰਘ ਬਜਾਜ ਨੇ ਆਖਿਆ ਕਿ ਸ਼ਹਿਰ ਦੇ ਲੋਕ ਕਾਂਗਰਸੀ ਉਮੀਦਵਾਰ ਨੂੰ ਜਿਤਾ ਕੇ ਹਲਕੇ ਦਾ ਹਾਲ ਦੇਖ ਚੁੱਕੇ ਹਨ, ਇਹ ਕਾਂਗਰਸੀ ਉਮੀਦਵਾਰ ਕਦੇ ਵੀ ਸ਼ਹਿਰ ਵਾਸੀਆਂ ਦੇ ਦੁੱਖ ਦਰਦ ਦਾ ਪਤਾ ਨਹੀਂ ਲੈਣ ਆਇਆ, ਜਦੋਂ ਕਿ ਅਕਾਲੀ ਭਾਜਪਾ ਦੇ ਨੇਤਾ ਜਿਥੇ ਸ਼ਹਿਰ ਵਿੱਚ ਲੋਕਾਂ ਦੇ ਦੁੱਖ ਸੁੱਖ ਸੁਣਨ ਗਏ, ਉਥੇ ਥੋੜੇ ਸਮੇਂ ਵਿੱਚ ਹੀ ਅਜਿਹੇ ਰਿਕਾਰਡ ਵਿਕਾਸ ਕਰਵਾ ਦਿੱਤੇ ਹਨ, ਜਿਨ੍ਹਾਂ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਲਗਾਤਾਰ ਜਿੱਤਦੇ ਹੋਣ ਦੇ ਬਾਵਜੂਦ 25 ਸਾਲਾਂ ‘ਚ ਵੀ ਨਹੀਂ ਕਰ ਸਕੇ।
ਇਸ ਮੌਕੇ ਜਨਰਲ ਜੇ.ਜੇ. ਸਿੰਘ ਨੇ ਆਖਿਆ ਕਿ ਕਾਂਗਰਸ ਅਤੇ ਆਪ ਨੂੰ ਲੋਕ ਮੂੰਹ ਨਹੀਂ ਲਗਾਉਣਗੇਂ। ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਦੀ ਮਾੜੀਆਂ ਨੀਤੀਆਂ ਕਾਰਨ ਜਿਥੇ ਦੇਸ਼ ਦੇ ਲੋਕ ਇਸ ਪਾਰਟੀ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ, ਉਥੇ ਹੀ ਆਉਂਦੀ ਚਾਰ ਫਰਵਰੀ ਨੂੰ ਹਲਕੇ ਦੇ ਲੋਕ ਤੱਕੜੀ ਦਾ ਬਟਨ ਦਬਾ ਕੇ ਵਿਕਾਸ ਦੇ ਨਵੇਂ ਮੀਲ ਪੱਥਰ ਰੱਖਣ ‘ਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਪਟਿਆਲਾ ਸ਼ਹਿਰ ਨਾਲ ਦਿਲੀ ਸਾਂਝ ਤਾਂ ਹੈ ਹੀ ਅਤੇ ਇਸ ਹਲਕੇ ਨੂੰ ਵਿਕਾਸ ਪੱਖੋਂ ਨੰਬਰ ਇਕ ਬਣਾਉਣ ਦੀ ਤਾਂਘ ਵੀ ਹੈ।
ਇਸ ਮੌਕੇ ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਅਤੇ ਸ਼ਹੀ ਪ੍ਰਧਾਨ ਸੁਰਜੀਤ ਸਿੰਘ ਕੋਹਲੀ ਨੇ ਆਖਿਆ ਕਿ ਜਨਰਲ ਜੇ.ਜੇ. ਸਿੰਘ ਦੀ ਚੋਣ ਮੁਹਿੰਮ ਅੰਦਰ ਲੋਕਾਂ ਵੱਲੋਂ ਘਰਾਂ ਤੋਂ ਬਾਹਰ ਨਿਕਲ ਕੇ ਲਈ ਜਾ ਰਹੀ ਦਿਲਚਸਪੀ ਇਸ ਗੱਲ ਦਾ ਪ੍ਰਮਾਣ ਹੈ ਕਿ ਲੋਕ ਹੁਣ ਕਾਂਗਰਸੀ ਉਮੀਦਵਾਰ ਨੂੰ ਜਿਤਾ ਕੇ ਅੱਕ ਚੁੱਕੇ ਹਨ ਅਤੇ ਹੁਣ ਹਲਕੇ ਦੇ ਲੋਕ ਵਿਕਾਸ ਦੇ ਨਾਂ ‘ਤੇ ਅਕਾਲੀ ਭਾਜਪਾ ਸਰਕਾਰ ਨੂੰ ਮੁੜ ਸੱਤਾ ‘ਚ ਲਿਆਉਣ ‘ਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸੁਖਬੀਰ ਸਿੰਘ ਸਨੋਰ, ਮੈਨੇਜਿੰਗ ਡਾਇਰੈਕਟਰ ਵਿਕਾਸ ਪੁਰੀ, ਚੇਅਮਰੈਨ ਨਰਦੇਵ ਸਿੰਘ ਆਕੜੀ, ਮੇਅਰ ਅਮਰਿੰਦਰ ਸਿੰਘ ਬਜਾਜ, ਅਜੀਤਪਾਲ ਸਿੰਘ ਕੋਹਲੀ ਸਾਬਕਾ ਮੇਅਰ ਅਤੇ ਹੋਰ ਵੀ ਨੇਤਾ ਹਾਜ਼ਰ ਸਨ।

