ਚੋਣਾਂ ਸਬੰਧੀ ਸ਼ਿਕਾਇਤ ਲਈ ਵਟਸ ਐਪ ਨੰਬਰ ਜਾਰੀ
ਚੋਣ ਜਾਬਤੇ ਦੀ ਉਲੰਘਣਾ ਦੀ ਵੀਡੀਓ ਅਪਲੋਡ ਕਰਨ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ
ਪਟਿਆਲਾ, 14 ਜਨਵਰੀ (ਮਧੂਸਾਰ ਬਿਊਰੋ)
ਵਿਧਾਨ ਸਭਾ ਚੋਣਾਂ-2017 ਸਬੰਧੀ ਪਟਿਆਲਾ ਜ਼ਿਲ੍ਹੇ ਵਿੱਚ ਚੋਣ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਖੁਪਤਾ ਇੰਤਜਾਮ ਕੀਤੇ ਹਨ। ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਚੋਣ ਗਤੀਵਿਧੀਆਂ ਅਤੇ ਚੋਣ ਜਾਬਤੇ ਦੀ ਉਲੰਘਣਾ ‘ਤੇ ਨਜ਼ਰ ਰੱਖਣ ਲਈ ਚੋਣਾਂ ਸਬੰਧੀ ਸ਼ਿਕਾਇਤ ਦਰਜ ਕਰਨ ਵਾਸਤੇ ਇੱਕ ਵਟਸ ਐਪ ਨੰਬਰ 9988696877 ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਇਸ ਵਟਸ ਐਪ ਨੰਬਰ ‘ਤੇ ਚੋਣਾਂ ਸਬੰਧੀ ਸ਼ਿਕਾਇਤ ਦਰਜ ਕਰਾ ਸਕਦਾ ਹੈ।
ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਵੋਟਰਾਂ ਨੂੰ ਭਰਮਾਉਣ, ਧਮਕਾਉਣ ਜਾਂ ਪੈਸਾ ਤੇ ਨਸ਼ੇ ਵੰਡਣ ਵਰਗੀਆਂ ਚੋਣ ਜਾਬਤੇ ਦੀਆਂ ਉਲੰਘਣਾਵਾਂ ਬਾਰੇ ਵੀਡੀਓ ਬਣਾ ਕੇ ਇਸ ਨੰਬਰ ‘ਤੇ ਅਪਲੋਡ ਕਰੇਗਾ ਤਾਂ ਉਸ ਦੀ ਪਹਿਚਾਣ ਵੀ ਗੁਪਤ ਰੱਖੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਸਿਘ ਨੇ ਦੱਸਿਆ ਕਿ ਚੋਣਾਂ ਸਬੰਧੀ ਸ਼ਿਕਾਇਤ ਦਰਜ ਕਰਾਉਣ ਲਈ ਜ਼ਿਲ੍ਹਾ ਪੱਧਰ ‘ਤੇ ਇੱਕ ਟੋਲ ਫਰੀ ਨੰਬਰ 1800-180-2811 ਵੀ ਸਥਾਪਿਤ ਕੀਤਾ ਗਿਆ ਜਿੱਥੇ ਕੋਈ ਵੀ ਵੋਟਰ ਜਾਂ ਜ਼ਿਲ੍ਹਾ ਨਿਵਾਸੀ ਚੋਣ ਸਬੰਧੀ ਸ਼ਿਕਾਇਤ ਜਾਂ ਸੁਝਾਓ ਦਰਜ ਕਰਵਾ ਸਕਦਾ ਹੈ।
ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਲੋੜੀਂਦਾ ਸੁਰੱਖਿਆ ਸਟਾਫ਼ ਤੇ ਵੋਟਿੰਗ ਮਸ਼ੀਨਾਂ ਉਪਲੱਬਧ ਹਨ। ਉਹਨਾਂ ਦੱਸਿਆ ਕਿ 114-ਸਨੌਰ ਅਤੇ 115-ਪਟਿਆਲਾ ਸ਼ਹਿਰੀ ਵਿੱਚ ਵੋਟਰਾਂ ਦੀ ਸਹੂਲਤ ਲਈ ਵੋਟਿੰਗ ਮਸ਼ੀਨ ਦੇ ਨਾਲ ਟੀ.ਵੀ..ਪੈਟ ਮਸ਼ੀਨ ਲਗਾਈ ਜਾਵੇਗੀ ਜਿਸ ਵਿੱਚ ਕੋਈ ਵੀ ਵੋਟਰ ਇਹ ਵੇਖ ਸਕੇਗਾ ਕਿ ਉਸ ਨੇ ਵੋਟ ਕਿਸ ਉਮੀਦਵਾਰ ਨੂੰ ਪਾਈ ਹੈ ਉਹਨਾਂ ਦੱਸਿਆ ਕਿ ਵੋਟਰ ਕਿਸੇ ਵੀ ਵੇਲੇ ਰੀਟਰਨਿੰਗ ਅਧਿਕਾਰੀ ਸਨੌਰ ਤੇ ਪਟਿਆਲਾ ਸ਼ਹਿਰੀ ਦੇ ਦਫ਼ਤਰ ਵਿਖੇ ਇਸ ਮਸ਼ੀਨ ਦੀ ਸਿਖਲਾਈ ਵੀ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਨੇ ਇਹ ਵੀ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਪੋਲਿੰਗ ਬੂਥਾਂ ਦੇ ਬਾਹਰ ਉਮੀਦਵਾਰਾਂ ਵੱਲੋਂ ਲਗਾਏ ਜਾਣ ਵਾਲੇ ਬੂਥ ਦਾ ਖਰਚਾ ਉਮੀਦਵਾਰ ਦੇ ਖਾਤੇ ਵਿੱਚ ਪਾਇਆ ਜਾਵੇਗਾ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰਾਂ ਨੇ ਘਰ-ਘਰ ਜਾ ਕੇ ਵੋਟਰ ਸਲਿੱਪ ਮੁਹੱਈਆ ਕਰਵਾਈ ਜਾਵੇਗੀ ਰੰਗਦਾਰ ਹੋਵੇਗੀ ਅਤੇ ਉਸ ਉੱਪਰ ਪੋਲਿੰਗ ਬੂਥ ਦਾ ਨਕਸ਼ਾ ਵੀ ਬਣਿਆ ਹੋਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਵਾਰ ਨਵੀਆਂ ਵੋਟਾਂ ਬਣਾਉਣ ਲਈ ਲੋੜਵੰਦ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਇਆ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ 4608 ਅੰਗਹੀਣ ਵੋਟਰ ਹਨ ਜਿਹਨਾਂ ਨੇ 843 ਬੂਥਾਂ ਤੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਹੈ ਉਹਨਾਂ ਦੱਸਿਆ ਕਿ ਅਜਿਹੇ ਵੋਟਰਾਂ ਦੀ ਸਹੂਲਤ ਲਈ ਇਹਨਾਂ ਬੂਥਾਂ ‘ਤੇ ਵਿਸੇਸ ਪ੍ਰਬੰਧ ਕੀਤੇ ਗਏ ਹਨ। ਸ਼੍ਰੀ ਰਾਮਵੀਰ ਸਿੰਘ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟ ਪ੍ਰਕ੍ਰਿਆ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਇਹਨਾਂ ਚੋਣਾਂ ਨੂੰ ਅਮਨ ਤੇ ਸ਼ਾਂਤੀਪਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੋਣ ਅਮਲੇ ਨੂੰ ਪੂਰਾ ਸਹਿਯੋਗ ਦੇਣ। ਉਹਨਾਂ ਦੱਸਿਆ ਕਿ ਅੱਜ ਪਟਿਆਲਾ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਲਈ ਤਾਇਨਾਤ ਕੀਤੇ ਅਮਲੇ ਦੀ ਪਹਿਲੀ ਰੀਹਰਸਲ ਕਰਵਾਈ ਗਈ ਹੈ।

