ਕਾਂਗਰਸੀਆਂ ਨੂੰ ਅਕਾਲੀ ਉਮੀਦਵਾਰ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ : ਨਿਰਮਲ ਭੱਟੀਆਂ
ਪਟਿਆਲਾ (ਮਧੂਸਾਰ ਬਿਊਰੋ)
ਜਿਥੇ ਇਕ ਪਾਸੇ ਅਕਾਲੀ ਦਲ ਦੇ ਬਾਗੀ ਆਗੂ ਹਰਮੀਤ ਸਿੰਘ ਪਠਾਨਮਾਜਰਾ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ ਅਤੇ ਉੁਨ੍ਹਾਂ ਨੂੰ ਹਲਕਾ ਸਨੌਰ ਤੋਂ ਉਮੀਦਵਾਰ ਬਣਾਏ ਜਾਣ ਦੀ ਚਰਚਾ ਚੱਲ ਪਈ ਹੈ, ਜਿਸ ਕਾਰਨ ਸਨੌਰ ਵਿਚ ਕਾਂਗਰਸ ਦਾ ਸਿਆਸੀ ਪਾਰਾ ਵੱਧ ਗਿਆ ਹੈ।
ਪਠਾਨਮਾਜਰਾ ਦੇ ਖਿਲਾਫ ਐਤਵਾਰ ਨੂੰ ਸਨੌਰ ਦੀ ਦਾਣਾ ਮੰਡੀ ਵਿਖੇ ਹਲਕੇ ਦੇ ਕਾਂਗਰਸੀਆਂ ਨੇ ਮੀਟਿੰਗ ਬੁਲਾ ਲਈ ਹੈ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਸਨੌਰ ਵਿਚ 30 ਸਾਲ ਤੋੰਂ ਪਾਰਟੀ ਲਈ ਕੰਮ ਕਰ ਰਹੇ ਬੈਂਕਫਿੰਕੋ ਤੇ ਇੰਪਰੂਵਮੈਂਟ ਟਰੱਸਟ ਪਟਿਅਲਾ ਦੇ ਸਾਬਕਾ ਚੇਅਰਮੈਨ ਚੌਧਰੀ ਨਿਰਮਲ ਸਿੰਘ ਭੱਟੀਆਂ ਨੇ ਕਿਹਾ ਕਿ ਹਲਕੇ ਦੇ ਕਾਂਗਰਸੀਆਂ ਨੂੰ ਅਕਾਲੀ ਉਮੀਦਵਾਰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਹੈ। ਚੌਧਰੀ ਭੱਟੀਆਂ ਨੇ ਕਿਹਾ ਕਿ ਜਿਹੜੇ ਆਗੂ ਕਾਂਗਰਸੀ ਵਰਕਰਾਂ ‘ਤੇ ਤਸ਼ੱਦਦ ਢਾਹੁੰਦੇ ਰਹੇ, 2014 ਦੀਆਂ ਐਮ. ਪੀ. ਚੋਣਾਂ ਵਿਚ ਪ੍ਰਨੀਤ ਕੌਰ ਦੇ ਖਿਲਾਫ ਗੁੰਡਾਗਰਦੀ ਕੀਤੀ, ਉੁਨ੍ਹਾਂ ਦੀ ਉਮੀਦਵਾਰੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਹੋਵੇਗੀ। ਨਿਰਮਲ ਭੱਟੀਆਂ ਨੇ ਕਿਹਾ ਕਿ ਸ. ਲਾਲ ਸਿੰਘ ਨੇ 40 ਸਾਲ ਹਲਕਾ ਸਨੌਰ ਦੀ ਨੁਮਾਇੰਦਗੀ ਕੀਤੀ ਹੈ। ਪਹਿਲਾ ਹੱਕ ਟਿਕਟ ‘ਤੇ ਉੁਨ੍ਹਾਂ ਦਾ ਬਣਦਾ ਹੈ, ਉਸ ਤੋੰਂ ਬਾਅਦ ਉਹ ਖੁਦ ਪਾਰਟੀ ਦੇ ਉੁਮੀਦਵਾਰ ਹਨ। ਭੱਟੀਆਂ ਨੇ ਕਿਹਾ ਕਿ 1992 ਵਿਚ ਉੁਨ੍ਹਾਂ ਨੂੰ ਟਿਕਟ ਮਿਲੀ ਸੀ ਪਰ ਉੁਨ੍ਹਾਂ ਪਾਰਟੀ ਹਿੱਤਾਂ ਨੂੰ ਦੇਖਦੇ ਹੋਏ ਛੱਡ ਦਿੱਤੀ ਸੀ। 1997 ਵਿਚ ਫਿਰ ਤੋਂ ਪਾਰਟੀ ਦੇ ਕਹਿਣ ‘ਤੇ ਉੁਨ੍ਹਾਂ ਪਾਰਟੀ ਖਿਲਾਫ ਕੋਈ ਬਗਾਵਤ ਨਹੀਂ ਕੀਤੀ। ਉੁਨ੍ਹਾਂ ਕਿਹਾ ਕਿ ਹਰਮੀਤ ਪਠਾਨਮਾਜਰਾ ਅਤੇ ਗੁਰਬੰਸ ਸਿੰਘ ਪੂਨੀਆ ਦੀ ਬਜਾਏ ਪਾਰਟੀ ਹਲਕੇ ਦੇ ਕਿਸੇ ਵੀ ਕਾਂਗਰਸੀ ਨੂੰ ਟਿਕਟ ਦਵੇ ਵਰਕਰ ਉਸ ਨੂੰ ਮਨਜ਼ੂਰ ਕਰਨਗੇ। ਜੇਕਰ ਇਕ ਪਰਿਵਾਰ ਇਕ ਟਿਕਟ ਦੇ ਫਾਰਮੂਲੇ ਤਹਿਤ ਲਾਲ ਸਿੰਘ ਨੂੰ ਟਿਕਟ ਨਹੀਂ ਮਿਲਦੀ ਤਾਂ ਨਿਰਮਲ ਸਿੰਘ ਭੱਟੀਆਂ ਨੂੰ ਉਮੀਦਵਾਰ ਬਣਾਇਆ ਜਾਵੇ ਜਾਂ ਫਿਰ 50-50 ਸਾਲ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹਲਕੇ ਦੇ ਕਿਸੇ ਵੀ ਵਰਕਰ ਨੂੰ ਟਿਕਟ ਦਿੱਤੀ ਜਾਵੇ। ਉੁਨ੍ਹਾਂ ਕਿਹਾ ਕਿ ਹਲਕਾ ਸਨੌਰ ਵਿਚ 2 ਬਲਾਕ ਹਨ। ਬਲਾਕ ਸਨੌਰ ਦੇ ਪ੍ਰਧਾਨ ਦੇ ਤੌਰ ‘ਤੇ ਸੁਰਿੰਦਰ ਮਿੱਤਲ ਬਲਬੇੜਾ ਲਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ। ਉੁਨ੍ਹਾਂ ਦੇ ਪਿਤਾ ਨੂੰ ਅੱਤਵਾਦੀਆਂ ਨੇ ਸ਼ਹੀਦ ਕਰ ਦਿੱਤਾ ਸੀ। ਇਸੇ ਤਰ੍ਹਾਂ ਭੁਨਰਹੇੜੀ ਬਲਾਕ ਵਿਚ ਪਿਆਰਾ ਸਿੰਘ ਥਿੰਦ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਨਿਭਾ ਰਹੇ ਹਨ। ਸਨੌਰ ਸ਼ਹਿਰ ਦੇ ਪ੍ਰਧਾਨ ਰਾਜੀਵ ਗੋਇਲ, ਭੁਨਰਹੇੜੀ ਦੇ ਗੁਰਮੀਤ ਸਿੰਘ ਬਿੱਟੂ ਜਾਂ ਕਿਸੇ ਵੀ ਸਾਬਕਾ ਬਲਾਕ ਸੰਮਤੀ ਮੈੰਂਬਰ, ਸਾਬਕਾ ਜ਼ਿਲਾ ਪ੍ਰੀਸ਼ਦ ਮੈੰਂਬਰ ਅਤੇ ਟਕਸਾਲੀ ਕਾਂਗਰਸੀ ਨੂੰ ਟਿਕਟ ਦਿੱਤੀ ਜਾਵੇ। ਉੁਨ੍ਹਾਂ ਕਿਹਾ ਕਿ ਕਾਂਗਰਸੀਆਂ ‘ਤੇ ਜ਼ੁਲਮ ਢਾਹੁਣ ਵਾਲੇ ਕਾਂਗਰਸ ਦੀ ਟਿਕਟ ਦੇ ਹੱਕਦਾਰ ਨਹੀਂ ਹੋ ਸਕਦੇ।

