ਹਰਸਿਮਰਤ ਕੌਰ ਬਾਦਲ ਵੱਲੋਂ ਆਪ ਤੇ ਕਾਂਗਰਸ ਨੂੰ ਚੁਣੌਤੀ
ਸੀਟਾਂ ਦੇ ਵਟਾਂਦਰੇ ਬਾਰੇ ਗੁਪਤ ਸਮਝੌਤਾ ਕਰਨ ਦੀ ਥਾਂ ਚੋਣਾਂ ਤੋਂ ਪਹਿਲਾਂ ਦਾ ਗਠਜੋੜ ਕਰ ਕੇ ਲੜੋ ਚੋਣਾਂ
ਚੰਡੀਗੜ੍ਹ, 15 ਜਨਵਰੀ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਚੁਣੌਤੀ ਦਿੱਤੀ ਕਿ ਉਹ ਪੰਜਾਬ ਵਿਚ ਮੌਜੂਦਾ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੇ ਵਟਾਂਦਰੇ ਬਾਰੇ ਗੁਪਤ ਸਮਝੌਤਾ ਕਰਨ ਦੀ ਥਾਂ ਚੋਣਾਂ ਤੋਂ ਪਹਿਲਾਂ ਦਾ ਗਠਜੋੜ ਕਰ ਕੇ ਲੋਚ ਕਚਹਿਰੀ ਵਿਚ ਆਉਣ ਅਤੇ ਕਿਹਾ ਕਿ ਦਿੱਲੀ ਦੇ ਚੋਣਾਂ ਮਗਰੋਂ ਦੇ ਦੋਵਾਂ ਭਾਈਵਾਲਾਂ ਦਰਮਿਆਨ ਅਪਵਿੱਤਰ ਗਠਜੋੜ ਸੂਬੇ ਦੇ ਲੋਕਾਂ ਸਾਹਮਣੇ ਪਹਿਲਾਂ ਹੀ ਜੱਗ ਜਾਹਰ ਹੋ ਚੁੱਕਾ ਹੈ।
ਜਾਰੀ ਕੀਤੇ ਇਕ ਬਿਆਨ ਵਿਚ ਕੇਂਦਰੀ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਪ ਮੁਖੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਦਿੱਲੀ ਹਾਈ ਕਮਾਂਡ ਵਿਚਾਲੇ ਹੋਇਆ ਸੀਟਾਂ ਦੇ ਵਟਾਂਦਰੇ ਦਾ ਸਮਝੌਤਾ ਜਗ ਜਾਹਰ ਹੋ ਗਿਆ ਹੈ। ਉਹਨਾਂ ਕਿ ਸੂਬੇ ਵਿਚ ਕਾਂਗਰਸ ਦੇ ਕੇਡਰ ਵੱਲੋਂ ਕੀਤੀ ਬਗਾਵਤ ਨੇ ਇਹ ਯੋਜਨਾ ਉਜਾਗਰ ਕਰ ਦਿੱਤੀ ਹੈ ਕਿ ਕਾਂਗਰਸ ਪਾਰਟੀ ਨੇ ਆਪ ਵੱਲੋਂ ਦੱਸੀਆਂ ਸੀਟਾਂ ‘ਤੇ ਕਮਜ਼ੋਰ ਉਮੀਦਵਾਰ ਉਤਾਰੇ ਹਨ ਤੇ ਇਸੇ ਤਰ੍ਹਾਂ ਆਪ ਨੇ ਕਾਂਗਰਸ ਦੀ ਇੱਛਾ ਮੁਤਾਬਕ ਕਮਜ਼ੋਰ ਉਮੀਦਵਾਰ ਚੋਣਵੀਂਆਂ ਸੀਟਾਂ ਤੋਂ ਮੈਦਾਨ ਵਿਚ ਉਤਾਰੇ ਹਨ। ਉਹਨਾਂ ਕਿਹਾ ਕਿ ਇਹ ਪ੍ਰਬੰਧ ਇਸ ਵਾਸਤੇ ਕੀਤਾ ਗਿਆ ਤਾਂ ਕਿ ਚੋਣਾਂ ਤੋਂ ਬਾਅਦ ਦੋਵਾਂ ਪਾਰਟੀਆਂ ਦਾ ਗਠਜੋੜ ਕਰ ਕੇ ਰਾਜ ਵਿਚ ਸਰਕਾਰ ਬਣਾਈ ਜਾ ਸਕੇ। ਅਕਾਲੀ ਆਗੂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਦਿੱਲੀ ਵਿਚ ਚੋਣਾਂ ਤੋਂ ਮਗਰੋਂ ਗਠਜੋੜ ਕਰਨ ਵਾਲੇ ਦੋਵੇਂ ਭਾਈਵਾਲ ਦਿੱਲੀ ਵਾਂਗ ਹੀ ਸਰਹੱਦੀ ਰਾਜ ਦੇ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਹਨ।
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਰਾਜ ਦੇ ਲੋਕਾਂ ਦਾ ਅਧਿਕਾਰ ਹੈ ਕਿ ਉਹ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ ਸਵੀਕਾਰ ਕਰਨ ਜਾਂ ਨਕਾਰ ਦੇਣ। ਉਹਨਾਂ ਕਿਹਾ ਕਿ ਗੁਪਤ ਸਮਝੌਤਾ ਕਰਨ ਵਾਲੇ ਦੋਵੇਂ ਭਾਈਵਾਲਾਂ ਨੂੰ ਜੇਕਰ ਲੱਗਦਾ ਹੈ ਕਿ ਉਹ ਚੰਗੀ ਸਰਕਾਰ ਦੇ ਸਕਦੇ ਹਨ ਤਾਂ ਫਿਰ ਦੋਵਾਂ ਨੂੰ ਉਹਨਾਂ ਦੀ ਚੋਣ ਕਰਨ ਦਾ ਅਧਿਕਾਰ ਵੋਟਰਾਂ ਕੋਲ ਰਹਿਣ ਦੇਣਾ ਚਾਹੀਦਾ ਹੈ ਤੇ ਇਸ ਵਾਸਤੇ ਪਵਿੱਤਰ ਸਿਧਾਂਤਾਂ ‘ਤੇ ਆਧਾਰਿਤ ਚੋਣਾਂ ਤੋਂ ਪਹਿਲਾਂ ਦਾ ਗਠਜੋੜ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਇਹ ਸੰਭਵ ਨਹੀਂ ਹੈ ਕਿਉਂਕਿ ਦੋਵੇਂ ਪਾਰਟੀਆਂ ਝੂਠ ਬੋਲਣ ‘ਤੇ ਨਿਰਭਰ ਹਨ ਤੇ ਉਹਨਾਂ ਦੀ ਹੋਂਦ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਗੁੰਮਰਾਹਕੁੰਨ ਪ੍ਰਚਾਰ ਤੇ ਆਧਾਰਹੀਣ ਦੋਸ਼ ਲਾਉਣ ‘ਤੇ ਨਿਰਭਰ ਰਹਿੰਦੀ ਹੈ, ਇਸ ਲਈ ਉਹਨਾਂ ਨੂੰ ਡਰ ਲੱਗਦਾ ਹੈ ਕਿ ਲੋਕ ਇਹਨਾਂ ਬਜਰ ਗਲਤੀਆਂ ਦੀ ਕਿਤੇ ਸਜ਼ਾ ਹੀ ਉਹਨਾਂ ਨੂੰ ਨਾ ਦੇ ਦੇਣ।
ਸ੍ਰੀਮਤੀ ਬਾਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਵੀ ਚੇਤੇ ਕਰਵਾਇਆ ਕਿ 2007 ਤੋਂ 2014 ਤੱਕ ਪੰਜਾਬ ਵਿਚ ਇਕ ਵੀ ਮੰਦਭਾਗੀ ਘਟਨਾ ਨਹੀਂ ਵਾਪਰੀ ਪਰ ਯੂ ਪੀ ਏ ਦੇ ਖਾਤਮੇ ਮਗਰੋਂ 2014 ਵਿਚ ਆਪ, ਜੋ ਕਿ ਹੁਣ ਕਾਂਗਰਸ ਦੀ ਲੁਕਵੀਂ ਭਾਈਵਾਲ ਹੈ, ਦੇ ਉਭਾਰ ਮਗਰੋਂ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸਮੇਤ ਅਨੇਕਾਂ ਮੰਦਭਾਗੀ ਘਟਨਾਵਾਂ ਵਾਪਰ ਗਈਆਂ। ਉਹਨਾਂ ਕਿਹਾ ਕਿ ਜੋ ਗਲਤੀ ਕਾਂਗਰਸ ਨੇ 1984 ਵਿਚ ਦਿੱਲੀ ਤੇ ਦੇਸ਼ ਦੇ ਹੋਰ ਭਾਗਾਂ ਵਿਚ ਕੀਤੀ ਸੀ, ਇਹ ਨਵੀਂ ਪਾਰਟੀ ਪੰਜਾਬ ਵਿਚ ਉਹੀ ਦੁਹਰਾਉਣਾ ਚਾਹੁੰਦੀ ਹੈ।
ਉਹਨਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਲੋਕਾਂ ਨਾਲ ਗੁਪਤਾ ਸਮਝੌਤੇ ਤੋਂ ਗੁਰੇਜ਼ ਕਰਨ ਜਿਹਨਾਂ ਨੂੰ ਪੰਜਾਬ ਦੀ ਭਲਾਈ ਨਾਲ ਕੋਈ ਸਰੋਕਾਰ ਨਹੀਂ ਹੈ ਅਤੇ ਜੋ ਸੂਬੇ ਦੇ ਸਮਾਜਿਕ ਢਾਂਚੇ ਨੂੰ ਨੁਕਸਾਨ ਪਹੁੰਚਾ ਕੇ ਇਸ ਵਿਚੋਂ ਰਾਜਨੀਤਕ ਲਾਹਾ ਲੈਣ ਦੀ ਫਿਰਾਕ ਵਿਚ ਹਨ।

