ਅਮਰਿੰਦਰ ਦੇ ਪੂਰਵਜਾਂ ਨੇ ਸਿੱਖ ਫ਼ੌਜਾਂ ਨੂੰ ਹਰਾਉਣ ਲਈ ਅੰਗਰੇਜਾਂ ਨਾਲ ਸੰਧੀ ਕਿਉਂ ਕੀਤੀ? : ਜਨਰਲ ਜੇ.ਜੇ. ਸਿੰਘ
ਕੈਪਟਨ ਅਪਣੇ ਪੂਰਵਜਾਂ ਦੀ ਗ਼ਲਤੀ ਦੀ ਮੁਆਫ਼ੀ ਮੰਗੇ
ਅਮਰਿੰਦਰ, ਕੈਪਟਨ ਵੀ ਫ਼ਰਜੀ ਅਤੇ ਸਿਆਸਤਦਾਨ ਤੇ ਲੇਖਕ ਵੀ ਫ਼ਰਜੀ
ਪਟਿਆਲਾ, 18 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਸ਼ਹਿਰੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਨੇ ਕਿਹਾ ਹੈ ਕਿ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਪਣੇ ਪੁਰਖਿਆਂ ਵਲੋਂ ਅੰਗਰੇਜਾਂ ਦੀ ਮਦਦ ਕਰਕੇ ਸਿੱਖ ਫ਼ੌਜਾਂ ਵਿਰੁਧ ਜੰਗ ਲੜਨ ਲਈ ਮੁਆਫ਼ੀ ਮੰਗੇ।
ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਇਸ ਗੱਲ ਦਾ ਵੀ ਜੁਆਬ ਦੇਵੇ ਕਿ ਉਨ੍ਹਾਂ ਦੇ ਪੂਰਵਜਾਂ ਨੇ ਸਿੱਖ ਫ਼ੌਜਾਂ ਨੂੰ ਹਰਾਉਣ ਲਈ ਅੰਗਰੇਜਾਂ ਨਾਲ ਸੰਧੀ ਕਿਉਂਕਿ ਕੀਤੀ? ਉਨ੍ਹਾਂ ਕਿਹਾ ਕਿ ਕਿਉਂਕਿ ਇਹ ਸਭ ਅੱਜ ਸਿੱਖ ਤਵਾਰੀਖ ਦਾ ਹਿੱਸਾ ਹੈ, ਇਸ ਲਈ ਪੂਰੀ ਸਿੱਖ ਕੌਮ ਇਸ ਗੱਲ ਦਾ ਜੁਆਬ ਜਾਣਨਾ ਚਾਹੁੰਦੀ ਹੈ।
ਜਨਰਲ ਜੇ. ਜੇ. ਸਿੰਘ ਨੇ ਅੱਜ ਇਥੇ ਕਿਹਾ ਕਿ ਜੇਕਰ ਕੈਪਟਨ ਦੇ ਪੂਰਵਜਾਂ ਨੇ ਅਜਿਹਾ ਕਦਮ ਨਾ ਉਠਾਇਆ ਹੁੰਦਾ ਤਾਂ ਅੱਜ ਇਤਿਹਾਸ ਹੋਰ ਹੋਣਾਂ ਸੀ ਤੇ ਅੰਗਰੇਜਾਂ ਦੀ ਪੰਜਾਬ ਵੱਲ ਝਾਕਣ ਦੀ ਕਦੇ ਵੀ ਹਿੰਮਤ ਨਾ ਪੈਂਦੀ। ਉਨ੍ਹਾਂ ਕਿਹਾ ਕਿ ਕੈਪਟਨ ਦੇ ਪੂਰਵਜਾਂ ਨੇ ਅੰਗਰੇਜਾਂ ਤੋਂ ਮੈਡਲ ਲੈਣ ਲਈ ਮਹਾਰਾਜਾ ਰਣਜੀਤ ਸਿੰਘ ਦੀ ਥਾਂ ਅੰਗਰੇਜਾਂ ਦਾ ਸਾਥ ਦਿਤਾ। ਜਨਰਲ ਨੇ ਕਿਹਾ ਕਿ ਕੈਪਟਨ ਇਸ ਗੱਲ ਦੀ ਵੀ ਮੁਆਫ਼ੀ ਮੰਗੇ ਕਿ ਉਨ੍ਹਾਂ ਦੇ ਖਾਨਦਾਨ ‘ਚ ਅਜਿਹੇ ਲੋਕ ਵੀ ਸਨ ਜਿਹੜੇ ਕਿ ਸਾਡੇ ਦੇਸ਼ ਦੇ ਖ਼ਿਲਾਫ਼ ਹੀ ਮੁਗਲਾਂ ਅਤੇ ਅੰਗਰੇਜਾਂ ਦਾ ਸਾਥ ਦਿੰਦੇ ਰਹੇ।
ਜੇ.ਜੇ. ਸਿੰਘ ਨੇ ਕਿਹਾ ਕਿ ਕੈਪਟਨ ਇਹ ਨਾ ਕਹੇ ਕਿ ਉਹ ਰਾਜੇ-ਮਹਾਰਾਜੇ ਹਨ ਪਰ ਇਸ ਗੱਲ ਦਾ ਜੁਆਬ ਦੇਣ ਕਿ ਉਨ੍ਹਾਂ ਨੇ ਦੇਸ਼ ਲਈ ਕੰਮ ਕੀ ਕੀਤਾ? ਕੀ ਦੇਸ਼ ਲਈ ਇਨ੍ਹਾਂ ਦੀ ਕੋਈ ਕੁਰਬਾਨੀ ਵੀ ਹੈ? ਅੰਗਰੇਜਾਂ ਨੂੰ ਇਸ ਦੇਸ਼ ‘ਚੋਂ ਕੱਢਣ ਲਈ ਇਨ੍ਹਾਂ ਨੇ ਕੀ ਕੀਤਾ? ਇਸ ਗੱਲ ਦਾ ਵੀ ਅੱਜ ਕੈਪਟਨ ਨੂੰ ਜੁਆਬ ਦੇਣਾ ਚਾਹੀਦਾ ਹੈ।
ਜਨਰਲ ਨੇ ਅੱਜ ਇਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ‘ਕੈਪਟਨ ਅਮਰਿੰਦਰ ਸਿੰਘ ਇਕ ਸਿਆਸਤਦਾਨ ਵਜੋਂ ਵੀ ਫਰਜ਼ੀ ਬੰਦਾ ਹੈ ਤੇ ਇਕ ਫ਼ੌਜੀ ਅਫ਼ਸਰ ਵੀ ਫਰਜ਼ੀ ਰਿਹਾ ਅਤੇ ਕਿਤਾਬਾਂ ਲਿਖਣ ਵਜੋਂ ਵੀ ਫਰਜ਼ੀ ਇਕ ਲੇਖਕ ਹੈ। ਉਨ੍ਹਾਂ ਦਸਿਆ ਕਿ ਇਸਨੇ ਅਪਣੀ ਕੋਈ ਕਿਤਾਬ ਖ਼ੁਦ ਨਹੀਂ ਲਿਖੀ ਸਗੋਂ ਦੂਸਰਿਆਂ ਦੀ ਲਿਖੀ ਕਿਤਾਬ ‘ਤੇ ਅਪਣਾ ਨਾਮ ਛਪਵਾਇਆ।
ਪੱਤਰਕਾਰਾਂ ਵਲੋਂ ਪੁਛੇ ਇਕ ਸੁਆਲ ਦੇ ਜੁਆਬ ‘ਚ ਜਨਰਲ ਨੇ ਕਿਹਾ ਕਿ ਉਹਨਾਂ ਦੀ ਸਭ ਤੋਂ ਪਹਿਲੀ ਤਰਜੀਹ ਪਟਿਆਲਾ ਦੇ ਵਾਸੀਆਂ ਦਾ ਜੀਵਨ ਪੱਧਰ ਉਚਾ ਚੁਕਣ ਲਈ ਪਟਿਆਲਾ ਨੂੰ ਇਕ ਮਾਡਰਨ ਸਿਟੀ ਵਜੋਂ ਵਿਕਸਤ ਕਰਨੀ ਹੋਵੇਗੀ। ਇਥੇ ਸੀਵਰੇਜ, ਜਲ ਸਪਲਾਈ, ਕੂੜਾ ਕਰਕਟ ਮੈਨੇਜਮੈਂਟ ਤੇ ਆਵਾਜਾਈ ਦੀ ਸਮਸਿਆ ਨੂੰ ਦੂਰ ਕਰਕੇ ਪਟਿਆਲਾ ਨੂੰ ਦੇਸ਼ ਦਾ ਸਭ ਤੋਂ ਬਿਹਤਰ ਸ਼ਹਿਰ ਬਣਾਇਆ ਜਾਵੇਗਾ।

