ਕਰੋਨਾ ਦੌਰ ’ਚ ਆੜ੍ਹਤ ਟੈਕਸ ਮਾਫ਼ ਕਰਨ ਦੀ ਬਜਾਏ ਨਵਾਂ ਜਜ਼ੀਆ ਟੈਕਸ ਲਾਇਆ : ਢਿਲੋਂ
ਆਪ ਨੇ ਸਬਜ਼ੀ ਮੰਡੀ ਦੇ ਨਵੇ ਠੇਕੇਦਾਰੀ ਸਿਸਟਮ ਵਿਰੁੱਧ ਦਿਤਾ ਧਰਨਾ
ਪਟਿਆਲਾ 29 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਨੌਰ ਰੋਡ ਵੱਡੀ ਸਬਜ਼ੀ ਮੰਡੀ ਚ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਹਲਕਾ ਸਨੌਰ ਦੇ ਸੀਨੀਅਰ ਆਗੂ ਬਲਜਿੰਦਰ ਸਿੰਘ ਢਿਲੋਂ ਦੀ ਅਗਵਾਈ ਹੇਠ ਧਰਨਾ ਦਿੱਤਾ। ਇਹ ਧਰਨਾ ਕਰੋਨਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਟ ਤੋਂ ਘਟ ਵਲੰਟੀਅਰ ਲੈ ਕੇ ਦਿੱਤਾ ਗਿਆ। ਇਸ ਦੌਰਾਨ ਢਿਲੋਂ ਨੇ ਕਿਹਾ ਕਿ ਅਸੀਂ ਹੁਣ ਕਰੋਨਾ ਵਰਗੇ ਭਿਆਨਕ ਹਾਲਤਾਂ ਚੋ ਗੁਜਰ ਰਹੇ ਹਾਂ।
ਉਨ੍ਹਾਂ ਕਿਹਾ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਕਰੋਨਾ ਦੀ ਮਾਰ ਝੇਲ ਰਹੇ ਲੋਕਾਂ ਨੂੰ ਸਬਜ਼ੀ ਮੰਡੀ ਚ ਲਗਨ ਵਾਲੇ ਆੜ੍ਹਤ ਟੈਕਸ ਤੋਂ ਛੂਟ ਦਿਤੀ ਜਾਵੇ ਤਾਂ ਕਿ ਸਬਜ਼ੀਆਂ ਅਤੇ ਫਲ ਸਸਤੇ ਮਿਲ ਸਕਣ। ਉਲਟਾ ਸਰਕਾਰ ਨੇ ਮੰਡੀ ਨੂੰ ਨਿੱਜੀ ਹਥ ਚ ਦੇ ਦਿਤਾ ਹੈ। ਇਥੇ ਹੁਣ ਦਾਖਲ ਹੋਣ ਲਈ ਹਰ ਵਾਹਨ, ਟਰੈਕਟਰ ਟਰਾਲੀ, ਗੱਡਾ, ਰੇਹੜਾ, ਟੈਮਪੂ, ਸਮੇਤ ਹਰ ਵੱਡੇ ਵਾਹਨ ਤੇ ਵੀ ਜਜ਼ੀਆ ਟੈਕਸ ਲਗਾ ਦਿੱਤਾ ਹੈ। ਅਜਿਹਾ ਕਰਕੇ ਸਰਕਾਰ ਨੇ ਆਪਣਾ ਅਸਲੀ ਲੋਕ ਵਿਰੋਧੀ ਚੇਹਰਾ ਲੋਕਾਂ ਸਾਹਮਣੇ ਲਿਆਂਦਾ ਹੈ। ਢਿਲੋਂ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਪੱਖੀ ਕਹਾਉਣ ਵਾਲੀ ਪੰਜਾਬ ਸਰਕਾਰ ਨੇ ਕਿਸਾਨ ਨੂੰ ਵੀ ਨਹੀਂ ਬਖਸਿਆ, ਟਰੈਕਟਰ ਟਰਾਲੀ ਤੇ ਵੀ ਟੈਕਸ ਲਗਾ ਦਿੱਤਾ ਹੈ। ਇਹ ਪੰਜਾਬ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਹੈ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਅਜਿਹੇ ਜਜ਼ੀਆ ਟੈਕਸ ਤੋਂ ਨਿਜਾਤ ਦਿਵਾਈ ਜਾਏਗੀ। ਇਸ ਦੌਰਾਨ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਜਲਦੀ ਹੀ ਲੋਕਾਂ ਦੀ ਮਦਦ ਨਾਲ ਵੱਡਾ ਸੰਘਰਸ਼ ਸੁਰੂ ਕਰਾਂਗੇ। ਇਸ ਮੌਕੇ ਲਖਵਿੰਦਰ ਸਿੰਘ ਢਿਲੋਂ, ਸ਼ਰਨਜੀਤ ਸਿੰਘ ਢਿਲੋਂ ਬਲਾਕ ਇੰਚਾਰਜ, ਰਾਕੇਸ਼ ਸਿੰਗਲਾ ਸਰਕਲ ਇੰਚਾਰਜ ਅਤੇ ਪ੍ਰੀਤੀ ਮਹਿਲਾ ਵਿੰਗ ਤੋਂ ਇਲਾਵਾ ਵੱਡੀ ਗਿਣਤੀ ਚ ਆਮ ਲੋਕ ਵੀ ਮੌਜੂਦ ਸਨ।

