ਪਟਿਆਲਾ ਸ਼ਹਿਰੀ ਤੋਂ ਚੋਣ ਪ੍ਰਚਾਰ ‘ਚ ਉਤਰੀ ਜਨਰਲ ਜੇ.ਜੇ. ਸਿੰਘ ਦੀ ਸੁਪਤਨੀ ਅਨੁਪਮਾ ਕੌਰ
ਅਨੁਪਮਾ ਨੇ ਮੰਗੀਆਂ ਘਰ ਘਰ ਜਾ ਕੇ ਆਪਣੇ ਪਤੀ ਲਈ ਵੋਟਾਂ
ਪ੍ਰਨੀਤ ਕੌਰ ਦਾ ਮੁਕਾਬਲਾ ਕਰਨ ਲਈ ਅਨੁਪਮਾ ਕੌਰ ਨੂੰ ਉਤਾਰਿਆ ਹੈ ਮੈਦਾਨ ‘ਚ
ਪਟਿਆਲਾ, 20 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਹੁਣ ਆਪਣੇ ਪਤੀ ਜਨਰਲ ਜੇ.ਜੇ. ਸਿੰਘ ਦੇ ਹੱਕ ਵਿੱਚ ਉਨ੍ਹਾਂ ਦੀ ਸੁਪਤਨੀ ਅਨੁਪਮਾ ਕੌਰ ਵੀ ਚੋਣ ਮੈਦਾਨ ਵਿੱਚ ਉਤਰ ਆਈ ਹੈ, ਕੈ. ਅਮਰਿੰਦਰ ਸਿੰਘ ਦੀ ਸੁਪਤਨੀ ਮਹਾਰਾਣੀ ਪ੍ਰਨੀਤ ਕੌਰ ਦਾ ਮੁਕਾਬਲਾ ਕਰਨ ਲਈ ਅਨੁਪਮਾ ਕੌਰ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ ਤੇ ਅੱਜ ਅਨੁਪਮਾ ਕੌਰ ਨੇ ਵਾਰਡ ਨੰ: 32 ਰਾਘੋ ਮਾਜਰਾ ਅਤੇ ਹੋਰ ਇਲਾਕਿਆਂ ਜਨਰਲ ਜੇ.ਜੇ. ਸਿੰਘ ਲਈ ਵੋਟਾਂ ਮੰਗ ਕੇ ਆਪਣੀ ਪਤੀ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਅਨੁਪਮਾ ਕੌਰ ਨੇ ਆਖਿਆ ਕਿ ਸ਼ਹਿਰ ਪਟਿਆਲਾ ਦੇ ਲੋਕਾਂ ਨੂੰ ਮਿਲ ਬੇਨਤੀ ਕਰਨਾ ਬਹੁਤ ਹੀ ਵਧੀਆ ਰਿਹਾ ਹੈ, ਉਨ੍ਹਾਂ ਆਖਿਆ ਕਿ ਸ਼ਹਿਰ ਦੇ ਲੋਕ ਦੇਸ਼ ਲਈ ਸਾਰੀ ਜਿੰਦਗੀ ਲਗਾਉਣ ਵਾਲੇ ਜਨਰਲ ਜੇ.ਜੇ. ਸਿੰਘ ਦੇ ਹੱਕ ਵਿੱਚ ਜ਼ੋਰਾਂ ਸ਼ੋਰਾਂ ਨਾਲ ਵੋਟਾਂ ਭੁਤਵਾਉਣ ਲਈ ਤਿਆਰ ਹਨ।
ਉਨ੍ਹਾਂ ਆਖਿਆ ਕਿ ਅੱਜ ਉਨ੍ਹਾਂ ਨੇ ਰਾਘੋ ਮਾਜਰਾ ਅਤੇ ਹੋਰ ਇਲਾਕਿਆਂ ਵਿੱਚ ਘਰ ਘਰ ਜਾ ਕੇ ਉਨ੍ਹਾਂ ਦੇ ਪਤੀ ਲਈ ਵੋਟਾਂ ਮੰਗੀਆਂ ਤੇ ਲੋਕਾਂ ਨੇ ਜ਼ੋਰਦਾਰ ਉਤਸ਼ਾਹ ਦਿਖਾਇਆ ਹੈ। ਅਨੁਪਮਾ ਕੌਰ ਨੇ ਆਖਿਆ ਕਿ ਅਸੀਂ ਸੱਚ ਦੇ ਆਧਾਰਿਤ ਰਾਜਨੀਤੀ ਕਰਨਾ ਚਾਹੁੰਦੇ ਹਾਂ ਤੇ ਜੇਕਰ ਪਟਿਆਲਾ ਸ਼ਹਿਰ ਦੇ ਲੋਕਾਂ ਨੇ ਜਨਰਲ ਜੇ.ਜੇ ਸਿੰਘ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਤਾਂ ਪਟਿਆਲਾ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਖਤਮ ਕੀਤਾ ਜਾਵੇਗਾ।
ਅਨੁਪਮਾ ਕੌਰ ਨੇ ਆਖਿਆ ਕਿ ਕੈ. ਅਮਰਿੰਦਰ ਸਿੰਘ ਬੇਤੁਕੀ ਅਤੇ ਹੌਲੀ ਬਿਆਨਬਾਜ਼ੀ ਕਰ ਰਹੇ ਹਨ ਤੇ ਉਨ੍ਹਾਂ ਨੂੰ ਬੜੀ ਹੈਰਾਨੀ ਹੋਈ ਜਦੋਂ ਸ਼ਹਿਰ ਦੇ ਲੋਕਾਂ ਨੇ ਦੱਸਿਆ ਕਿ ਕੈ. ਅਮਰਿੰਦਰ ਸਿੰਘ ਤਾਂ ਕਦੀ ਸ਼ਹਿਰ ਵਿੱਚ ਵੜੇ ਹੀ ਨਹੀਂ। ਉਨ੍ਹਾਂ ਆਖਿਆ ਕਿ ਅਸੀਂ ਸ਼ਹਿਰ ਦੇ ਲੋਕਾਂ ਨਾਲ ਵਾਅਦਾ ਕਰਦੇ ਹਾਂ ਕਿ ਜਿਵੇਂ ਅੱਜ ਗਲੀ ਗਲੀ ਮੁਹੱਲੇ ਮੁਹੱਲੇ ਅਸੀਂ ਵੋਟਾਂ ਮੰਗ ਰਹੇ ਹਾਂ ਇਸੇ ਤਰ੍ਹਾਂ ਜਿੱਤਣ ਤੋਂ ਬਾਅਦ ਵੀ ਗਲੀ ਗਲੀ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਬਹੁਤ ਸਾਰੇ ਪਤਵੰਤੇ ਸੱਜਣ ਵੀ ਮੌਜੂਦ ਸਨ।

