ਪੰਜਾਬਪਟਿਆਲਾ

ਵੋਟਰਾਂ ਨੂੰ ਜਾਗਰੂਕ ਕਰਨ ਲਈ ਸਕੂਲੀ ਬੱਚਿਆਂ ਨੇ ਕੱਢੀ ਸਾਈਕਲ ਰੈਲੀ

ਸਾਡਾ ਟੀਚਾ ਜ਼ਿਲ੍ਹੇ ‘ਚ 100 ਫੀਸਦੀ ਵੋਟਾਂ ਪੁਆਉਣ ਦਾ ਹੈ: ਰਾਮਵੀਰ ਸਿੰਘ
ਪਟਿਆਲਾ, 20 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਚਾਰ ਫਰਵਰੀ ਨੂੰ ਪੰਜਾਬ ਵਿਧਾਨ ਸਭਾ ਲਈ ਚੁਣੇ ਜਾਣ ਵਾਲੇ ਨੁਮਾਇੰਦਿਆਂ ਲਈ ਪੈਣ ਵਾਲੀਆਂ ਵੋਟਾਂ ‘ਚ ਸ਼ਹਿਰ ਦੇ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਅੱਜ ਸਕੂਲੀ ਬੱਚਿਆਂ ਨੇ ਸ਼ਹਿਰ ਵਿੱਚ ਸਾਈਕਲ ਰੈਲੀ ਕੱਢੀ ਹੈ।

ਮਿੰਨੀ ਸਕੱਤਰੇਤ ਤੋਂ ਰਵਾਨਾ ਹੋਈ ਇਹ ਰੈਲੀ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਤੋਂ ਹੁੰਦੀ ਹੋਈ ਬੱਸ ਸਟੈਂਡ, ਸਰਹੰਦੀ ਗੇਟ, ਆਰੀਆ ਸਮਾਜ ਚੌਂਕ, ਕਿਲਾ ਚੌਂਕ ਅਤੇ ਆਨਰਦਾਨਾ ਚੌਂਕ ਹੁੰਦੀ ਹੋਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਹੁੰਦੀ ਹੋਈ ਪੋਲੋ ਗਰਾਂਊਂਡ ਪੁਜੀ, ਇਥੋਂ ਇਹ ਰੈਲੀ ਫੁਆਰਾ ਚੌਂਕ, 22 ਨੰਬਰ ਫਾਟਕ ਪੁੱਲ ਤੋਂ ਹੋ ਕੇ ਥਾਪਰ ਕਾਲਜ ਹੁੰਦੀ ਹੋਈ ਵਾਪਸ ਮਿੰਨੀ ਸਕੱਤਰੇਤ ਆਈ।
ਰੈਲੀ ਰਵਾਨਾ ਕਰਦੇ ਹੋਏ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀ ਰਾਮਵੀਰ ਸਿੰਘ ਨੇ ਕਿਹਾ ਕਿ ਸਾਡਾ ਟੀਚਾ ਜ਼ਿਲ੍ਹੇ ‘ਚ 100 ਫੀਸਦੀ ਵੋਟਾਂ ਪੁਆਉਣ ਦਾ ਹੈ। ਉਹਨਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੀ ਬਹੁਗਿਣਤੀ ਆਬਾਦੀ ਪੜ੍ਹੀ ਲਿਖੀ ਹੈ ਅਤੇ ਉਹ ਆਪਣੇ ਲੋਕਤੰਤਰਿਕ ਅਧਿਕਾਰਾਂ ਅਤੇ ਜ਼ਿਮੇਵਾਰੀਆਂ ਪ੍ਰਤੀ ਪੂਰੀ ਤਰ੍ਹਾਂ ਨਾਲ ਜਾਣੂ ਹੈ। ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਕਿ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ‘ਚ ਹਰ ਵੋਟਰ ਚੋਣਾਂ ‘ਚ ਆਪਣਾ ਫਰਜ ਨਿਭਾਉਦਾ ਹੋਇਆ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰੇਗਾ। ਸ਼੍ਰੀ ਰਾਮਵੀਰ ਸਿੰਘ ਨੇ ਕਿਹਾ ਕਿ ਸਕੂਲੀ ਬੱਚਿਆਂ ਦੀ ਸਾਈਕਲ ਰੈਲੀ ਦਾ ਮੰਤਵ ਇਹ ਵੀ ਹੈ ਕਿ ਹਰ ਵਿਅਕਤੀ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਬਿਨਾਂ ਕਿਸੇ ਡਰ, ਲਾਲਚ ਅਤੇ ਜਾਤਪਾਤ, ਧਰਮ ਤੋਂ ਨਿਰਪੱਖ ਰਹਿ ਕੇ ਆਪਣੇ ਵੋਟ ਦਾ ਇਸਤਮਾਲ ਕਰੇ।
ਰੈਲੀ ਵਿੱਚ ਡੀ.ਏ.ਵੀ. ਪਬਲਿਕ ਸਕੂਲ ਭੁਪਿੰਦਰਾ ਰੋਡ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਦੇ ਬੱਚਿਆਂ ਨੇ ਭਾਗ ਲਿਆ। ਇਸ ਮੇਕੇ ਸਹਾਇਕ ਕਮਿਸ਼ਨਰ ਟਰੇਨੀ ਸ਼੍ਰੀ ਸੰਦੀਪ ਕੁਮਾਰ ਆਈ.ਏ.ਐਸ, ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਸ਼੍ਰੀਮਤੀ ਅਨੀਤਾਪ੍ਰੀਤ ਕੌਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਸ਼੍ਰੀਮਤੀ ਸ਼ਇਨਾ ਕਪੂਰ ਵੀ ਮੌਜੂਦ ਸਨ।

Leave a Reply

Your email address will not be published. Required fields are marked *