ਪਟਿਆਲਾ

ਮੇਰੇ ਪਿਤਾ ਨੂੰ ਮੌਤ ਤੇ ਹਾਰ ਦਾ ਕੋਈ ਡਰ ਨਹੀਂ, ਹਰ ਜੰਗ ਸਫ਼ਲਤਾ ਨਾਲ ਜਿੱਤੀ-ਉਰਵਸ਼ੀ ਕੌਰ

ਪਟਿਆਲਾ, 22 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
”ਮੇਰੇ ਪਾਪਾ ਜਨਰਲ ਜੋਗਿੰਦਰ ਜਸਵੰਤ ਸਿੰਘ ਨੇ ਪਹਿਲਾਂ ‘ਸਿਪਾਹੀਆਂ ਦਾ ਜਰਨੈਲ’ ਬਣਕੇ ਦੇਸ਼ ਦੀ ਸੇਵਾ ਕੀਤੀ, ਫ਼ਿਰ ‘ਲੋਕਾਂ ਦਾ ਗਵਰਨਰ’ ਬਣਕੇ ਅਰੁਣਾਚਲ ਪ੍ਰਦੇਸ਼ ‘ਚ ਲੋਕਾਂ ਦੀ ਸੇਵਾ ਕੀਤੀ ਅਤੇ ਹੁਣ ਉਹ ‘ਪਟਿਆਲਵੀਆਂ ਦਾ ਵਿਧਾਇਕ’ ਬਣਕੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ।”

ਇਹ ਪ੍ਰਗਟਾਵਾ ਪਟਿਆਲਾ ਸ਼ਹਿਰੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਦੀ ਦਿੱਲੀ ਰਹਿੰਦੀ ਫੈਸ਼ਨ ਡਿਜਾਇਨਰ ਸਪੁੱਤਰੀ ਉਰਵਸ਼ੀ ਕੌਰ ਨੇ ਅੱਜ ਇਥੇ ਲੋਕਾਂ ਦੀਆਂ ਨੁਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਰਵਸ਼ੀ ਜੋ ਕਿ ਅਪਣੀ ਮਾਸੀ ਦੀ ਕੁੜੀ ਗੁਰਪ੍ਰੀਤ ਕੌਰ ਨਾਲ ਅਪਣੇ ਪਿਤਾ ਲਈ ਚੋਣ ਪ੍ਰਚਾਰ ਕਰਨ ਪਟਿਆਲਾ ਪੁਜੀ ਹੋਈ ਹੈ, ਨੇ ਕਿਹਾ ਕਿ ‘ਉਨ੍ਹਾਂ ਦੇ ਪਿਤਾ ਲਈ ਬਤੌਰ ਫ਼ੌਜ ਦੇ ਅਧਿਕਾਰੀ ਦੇਸ਼ ਤੇ ਉਨ੍ਹਾਂ ਦੇ ਜਵਾਨ ਪਹਿਲਾਂ ਸਨ ਜਦੋਂਕਿ ਪਰਵਾਰ ਤੇ ਬੱਚੇ ਬਾਅਦ ‘ਚ।’ ‘ਉਹ ਇਕ ਜ਼ਨੂੰਨੀ ਫ਼ੌਜੀ ਅਤੇ ਅਨੋਖੀ ਸ਼ਖ਼ਸੀਅਤ ਦੇ ਮਾਲਕ ਹਨ ਕਿਉਂਕਿ ਉਨ੍ਹਾਂ ਨੂੰ ਮੌਤ ਤੋਂ ਕਦੇ ਡਰ ਨਹੀਂ ਲੱਗਿਆ ਤੇ ਨਾ ਹੀ ਉਹ ਕਦੇ ਹਾਰ ਤੋਂ ਡਰੇ, ਜਿਸ ਲਈ ਉਨ੍ਹਾਂ ਨੂੰ ਹਰ ਮੈਦਾਨ ਫ਼ਤਹਿ ਨਸੀਬ ਹੋਈ।’ ਇਸ ਲਈ ਉਨ੍ਹਾਂ ਨੂੰ ਹੁਣ ਪਟਿਆਲਵੀਆਂ ‘ਤੇ ਵੀ ਪੂਰਨ ਭਰੋਸਾ ਹੈ ਕਿ ਉਹ ਉਨ੍ਹਾਂ ਨੂੰ ਜਿਤਾ ਕੇ ਵਿਧਾਨ ਸਭਾ ‘ਚ ਭੇਜਣਗੇ।
ਉਰਵਸ਼ੀ ਨੇ ਹੋਰ ਕਿਹਾ ਕਿ ਉਹ ਨੌਜਵਾਨਾਂ ਦੇ ਰੋਲ ਮਾਡਲ ਹਨ ਕਿਉਂਕਿ ਉਹ ਨੌਜਵਾਨਾਂ ਨੂੰ ਦੇਸ਼ ਪਿਆਰ ਲਈ ਉਕਸਾਂਉਂਦੇ ਅਤੇ ਦੇਸ਼ ਦੀ ਸੇਵਾ ਦਾ ਜਜਬਾ ਪੈਦਾ ਕਰਦੇ ਹਨ, ਜਿਸ ਲਈ ਉਨ੍ਹਾਂ ਨੇ ਐਡਵੇਂਚਰ ਰੇਸਿੰਗ ਫੈਡਰੇਸ਼ਨ ਆਫ਼ ਇੰਡੀਆ ਦੀ ਸਥਾਪਨਾ ਕੀਤੀ ਤੇ ਨੌਜਵਾਨ ਵਿਦਿਆਰਥੀਆਂ ਨੂੰ ਦੇਸ਼ ਅੰਦਰ ਮੌਜੂਦ ਐਡਵੈਂਚਰ ਵਾਲੀਆਂ ਥਾਵਾਂ ‘ਤੇ ਲਿਜਾ ਕੇ ਉਨ੍ਹਾਂ ਨੂੰ ਮੋਬਾਇਲ ਤੇ ਕੰੰਪਿਊਟਰ ਦੇ ਚੁੰਗਲ ‘ਚੋਂ ਕੱਢਕੇ ਕੁਦਰਤ ਦੇ ਨੇੜੇ ਕਰਨ ਦਾ ਸਾਰਥਿਕ ਯਤਨ ਕੀਤਾ ਤੇ ਕਾਮਯਾਬ ਵੀ ਰਹੇ।
ਜਨਰਲ ਦੀ ਸਪੁੱਤਰੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੇ ਮਨ ‘ਚ ਜੋ ਕੁਝ ਵੀ ਹੁੰਦਾ ਹੈ ਉਹ ਉਸਨੂੰ ਪੂਰਾ ਕਰਨ ਲਈ 100 ਫ਼ੀਸਦੀ ਨਹੀਂ ਬਲਕਿ 300 ਫ਼ੀਸਦੀ ਯਤਨ ਕਰਦੇ ਹਨ ਤੇ 100 ਫ਼ੀਸਦੀ ਅਪਣਾ ਯੋਗਦਾਨ ਅਤੇ 200 ਫੀਸਦੀ ਹੋਰਨਾਂ ਦਾ ਯੋਗਦਾਨ ਲੈਕੇ ਨਿਰਧਾਰਤ ਟੀਚੇ ‘ਤੇ ਪੁਜਦੇ ਹਨ। ਉਨ੍ਹਾਂ ਦਸਿਆ ਕਿ ਜਨਰਲ ਨੇ ਫ਼ੌਜ ਦੇ ਹਰ ਛੋਟੇ-ਵੱਡੇ ਅਹੁਦੇ ‘ਤੇ ਰਹਿ ਕੇ ਮੂਹਰੇ ਹੋ ਕੇ ਜੰਗਾਂ ਲੜੀਆਂ ਤੇ ਦੁਸ਼ਮਣ ਦੀ ਗੋਲੀ ਵੀ ਖਾਧੀ ਪਰੰਤੂ ਪਿਛੇ ਨਹੀਂ ਹਟੇ।
ਉਨ੍ਹਾਂ ਦਸਿਆ ਕਿ ਇਸੇ ਲਈ ਉਨ੍ਹਾਂ ਤੋਂ ਪਹਿਲਾਂ ਅਰੁਣਚਾਲ ਪ੍ਰਦੇਸ਼ ‘ਚ ਕਰੀਬ 3 ਸਾਲਾਂ ਦੇ ਅੰਦਰ-ਅੰਦਰ 7 ਗਵਰਨਰ ਬਦਲ ਗਏ ਪਰ ਕਿਸੇ ਨੇ ਉਥੇ ਰਹਿ ਕੇ ਦੇਸ਼ ਦੇ ਪਛੜੇ ਲੋਕਾਂ ਦੀ ਸੇਵਾ ਨਾ ਕੀਤੀ ਪਰੰਤੂ ਉਨ੍ਹਾਂ ਦੇ ਪਿਤਾ ਨੇ ਇਸ ਚੁਣੌਤੀ ਨੂੰ ਸਵਿਕਾਰ ਕਰਦਿਆਂ ਸਾਢੇ ਪੰਜ ਸਾਲ ਅਰੁਣਾਚਲ ਪ੍ਰਦੇਸ਼ ਨੂੰ ਅਪਣਾ ਘਰ ਬਣਾ ਕੇ ਉਥੇ ਹਰ ਕੋਨੇ ‘ਚ ਜਾ ਕੇ ਲੋਕਾਂ ਨਾਲ ਜੁੜਕੇ ਸੇਵਾ ਕੀਤੀ। ਉਨ੍ਹਾਂ ਦਸਿਆ ਕਿ ‘ਉਹ ਸੇਵਾ ਕਰਨ ਸਮੇਂ ਨਾ ਖਾਣ-ਪੀਣ ਤੇ ਨਾ ਹੀ ਸੌਣ ਵਲ ਧਿਆਨ ਰਖਦੇ ਹਨ ਬਲਕਿ ਇਕੋ ਧੁੰਨ ਸਵਾਰ ਹੁੰਦੀ ਹੈ ਬਸ ਸੇਵਾ, ਸੇਵਾ ਤੇ ਸਿਰਫ਼ ਸੇਵਾ।’ ਇਸ ਮੌਕੇ ਮਾਲਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਜੁਨੇਜਾ, ਭਗਵਾਨ ਦਾਸ ਜੁਨੇਜਾ, ਚੇਅਰਮੈਨ ਨਰਦੇਵ ਸਿੰਘ ਆਕੜੀ, ਮੇਅਰ ਅਮਰਿੰਦਰ ਸਿੰਘ ਬਜਾਜ, ਇੰਦਰ ਮੋਹਨ ਸਿੰਘ ਬਜਾਜ, ਸੁਖਬੀਰ ਸਿੰਘ ਸਨੌਰ ਕੌਮੀ ਸੀ. ਪ੍ਰਧਾਨ, ਜੋਨੀ ਕੋਹਲੀ, ਜੋਗਿੰਦਰ ਸਿੰਘ ਛਾਂਗਾ ਸਾਬਕਾ ਕੌਂਸਲਰ, ਚਰਨਜੀਤ ਸਿੰਘ ਭਾਟੀਆ ਆਦਿ ਵੱਡੀ ਗਿਣਤੀ ਵਿਚ ਨੇਤਾ ਹਾਜਰ ਸਨ।

Leave a Reply

Your email address will not be published. Required fields are marked *