ਚੋਣ ਆਬਜ਼ਰਵਰਾਂ ਵੱਲੋਂ ਉਮੀਦਵਾਰਾਂ ਨੂੰ ਚੋਣ ਜਾਬਤੇ ਵਿੱਚ ਰਹਿ ਕੇ ਚੋਣ ਪ੍ਰਚਾਰ ਕਰਨ ਦੀ ਅਪੀਲ
ਧਾਰਮਿਕ ਸਥਾਨ ਅਤੇ ਵਿਦਿਅਕ ਸੰਸਥਾਵਾਂ ਵਿੱਚ ਰਾਜਸੀ ਸਰਗਰਮੀਆਂ ਦੀ ਮਨਾਹੀ- ਜ਼ਿਲ੍ਹਾ ਚੋਣ ਅਫ਼ਸਰ
ਪਟਿਆਲਾ, 22 ਜਨਵਰੀ (ਮਧੂਸਾਰ ਬਿਊਰੋ)
ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ 2017 ਸਬੰਧੀ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ‘ਤੇ ਨਿਗਰਾਨੀ ਰੱਖਣ ਲਈ ਤਾਇਨਾਤ ਕੀਤੇ 8 ਆਬਜਰਵਰਾਂ ਨੇ ਅੱਜ ਮਿੰਨੀ ਸਕੱਤਰੇਤ ਵਿਖੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ, ਆਜ਼ਾਦ ਉਮੀਦਵਾਰਾਂ ਅਤੇ ਉਹਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਆਦਰਸ਼ ਚੋਣ ਜਾਬਤੇ ਵਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਅ ਸੁਣੇ।
ਮੀਟਿੰਗ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਕੀਤਾ ਗਿਆ ਹੈ। ਜਿਸ ਅਨੁਸਾਰ ਹੀ ਸਾਰੇ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਕਰਨਾ ਹੈ। ਸਾਰੇ ਉਮੀਦਵਾਰਾਂ ਨੂੰ ਇਕੋ ਜਿਹੀ ਸਹੂਲਤ ਅਤੇ ਮੌਕਾ ਮਿਲੇ ਇਸ ਲਈ ਚੋਣ ਕਮਿਸ਼ਨ ਨੇ ਜ਼ਿਲ੍ਹੇ ਵਿੱਚ 4 ਜਨਰਲ ਆਬਜਰਵਰ, 3 ਖਰਚਾ ਆਬਜਰਵਰ ਤੇ ਇੱਕ ਪਿਲਸ ਆਬਜਰਵਰ ਤਾਇਨਾਤ ਕੀਤੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਕੋਈ ਵੀ ਉਮੀਦਵਾਰ ਚੋਣ ਪ੍ਰਚਾਰ ਦੌਰਾਨ ਧਾਰਮਿਕ ਸਥਾਨ ਅਤੇ ਵਿਦਿਅਕ ਸੰਸਥਾਵਾਂ ਭਾਵੇਂ ਉਹ ਨਿੱਜੀ ਵੀ ਕਿਉਂ ਨਾ ਹੋਣ, ਇਹਨਾਂ ਥਾਵਾਂ ‘ਤੇ ਕਿਸੇ ਵੀ ਤਰ੍ਹਾਂ ਦੀ ਸਿਆਸੀ ਰੈਲ/ਸਰਗਰਮੀ ਨਾ ਕਰੇ। ਉਹਨਾਂ ਕਿਹਾ ਕਿ ਅਜਿਹੀ ਸੂਰਤ ਵਿੱਚ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਦੇ ਆਬਜਰਵਰਾਂ ਕੋਲ ਨੋਟਬੰਦੀ ਤੋਂ ਬਾਅਦ ਬੈਂਕਾਂ ਵਿਚੋਂ ਨਗਦੀ ਕਢਵਾਉਣ ‘ਚ ਆ ਰਹੀ ਦਿੱਕਤ ਬਾਰੇ ਦਸਦਿਆਂ ਕਿਹਾ ਕਿ ਇੱਕ ਉਮੀਦਵਾਰ ਦੇ ਬੈਂਕ ਖਾਤੇ ਵਿਚੋਂ ਇੱਕ ਹਫਤੇ ‘ਚ ਸਿਰਫ 24 ਹਜਾਰ ਰੁਪਏ ਕਢਾਉਣ ਦੀ ਇਜਾਜਤ ਹੈ। ਜਦ ਕਿ ਉਮੀਦਵਾਰਾਂ ਨੂੰ ਹਰ ਰੋਜ਼ ਦੇ ਚੋਣ ਪ੍ਰਚਾਰ ਲਈ ਛੋਟੀ-ਛੋਟੀ ਰਾਸ਼ੀ ਵਿੱਚ ਨਗਦੀ ਦੀ ਲੋੜ ਪੈ ਰਹੀ ਹੈ। ਇਸ ‘ਤੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਬੈਂਕਾਂ ਦੇ ਪ੍ਰਤੀਨਿਧੀਆਂ ਨਾਲ ਇਸ ਸਬੰਧ ਵਿੱਚ ਮੀਟਿੰਗ ਹੋ ਗਈ ਹੈ ਅਤੇ ਉਹਨਾਂ ਨੂੰ ਜਰੂਰੀ ਨਿਰਦੇਸ਼ ਦਿੱਤੇ ਗਏ ਹਨ। ਉਹਨਾ ਕਿਹਾ ਕਿ ਜੇਕਰ ਫੇਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਉਮੀਦਵਾਰ ਸਬੰਧਤ ਰਿਟਿਰਨਿੰਗ ਅਧਿਕਾਰੀ ਨਾਲ ਗੱਲ ਕਰ ਸਕਦੇ ਹਨ। ਉਹਨਾਂ ਦੀ ਸਮੱਸਿਆ ਦੂਰ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਉਮੀਦਵਾਰ ਦੇ ਚੋਣ ਸਬੰਧੀ ਖਾਤੇ ‘ਤੇ ਨੋਟਬੰਦੀ ਦੀ ਸ਼ਰਤ ਲਾਗੂ ਨਹੀਂ ਹੋਵੇਗੀ ਨਾਲ ਹੀ ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਕੋਈ ਵੀ ਉਮੀਦਵਾਰ ਰਿਜਰਵ ਬੈਂਕ ਦੇ ਨਿਰਦੇਸ਼ਾਂ ਅਨੁਸਾਰ 20 ਹਜਾਰ ਰੁਪਏ ਤੋਂ ਵੱਧ ਦਾ ਭੁਗਤਾਨ ਚੈਕ ਰਾਹੀਂ ਹੀ ਕਰੇ।
ਚੋਣ ਕਮਿਸ਼ਨ ਦੇ ਆਬਜਰਵਰਾਂ ਨੇ ਮੌਕੇ ‘ਤੇ ਹੀ ਇਹ ਮੁੱਦਾ ਚੋਣ ਕਮਿਸ਼ਨ ਕੋਲ ਭੇਜ ਦਿੱਤਾ ਹੈ ਅਤੇ ਕਿਹਾ ਕਿ ਚੈਕ ਬੁੱਕ ਅਤੇ ਹੋਰ ਸਬੰਧਤ ਤਕਨੀਕੀ ਸਮੱਸਿਆਵਾਂ ਦਾ ਨਿਪਟਾਰਾ ਛੇਤੀ ਹੀ ਕਰ ਦਿੱਤਾ ਜਾਵੇਗਾ ਅਤੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੋਂ ਉਮੀਦਵਾਰਾਂ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ।
ਇਸ ਮੌਕੇ ਉਹਨਾਂ ਉਮੀਦਵਾਰਾਂ ਨੂੰ ਚੋਣ ਜਾਬਤੇ ਵਿੱਚ ਰਹਿ ਕੇ ਚੋਣ ਪ੍ਰਚਾਰ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਹਰ ਉਮੀਦਵਾਰ ਲਈ ਇਕੋਂ ਜਿਹਾ ਮੌਕਾ ਹੈ ਅਤੇ ਇਕੋ ਜਿਹਾ ਕਾਨੂੰਨ ਹੀ ਸਾਰਿਆਂ ‘ਤੇ ਲਾਗੂ ਹੋਵੇਗਾ।
ਦੂਜੇ ਪਾਸੇ ਉਹਨਾਂ ਕਿਹਾ ਕਿ ਜ਼ਿਲ੍ਹੇ ‘ਚ ਕੋਈ ਵੀ ਵਿਅਕਤੀ ਵਿਧਾਨ ਸਭਾ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਉਹਨਾਂ ਨਾਲ ਤਾਲਮੇਲ ਕਰ ਸਕਦਾ ਹੈ। ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ 2000 ਬੈਚ ਦੇ ਆਈ.ਏ.ਐਸ. ਅਧਿਕਾਰੀ ਸ਼੍ਰੀ ਸੋਰਵ ਬਾਬੂ ਨੂੰ 109 ਨਾਭਾ ਅਤੇ 110 ਪਟਿਆਲਾ ਦਿਹਾਤੀ ਦਾ ਚੋਣ ਆਬਜਰਵਰ ਲਗਾਇਆ ਗਿਆ ਹੈ, ਜਿਹਨਾਂ ਨਾਲ ਮੋਬਾਇਲ ਨੰਬਰ 94641-25497 ‘ਤੇ ਇਹਨਾਂ ਹਲਕਿਆਂ ਦੀ ਚੋਣਾਂ ਸਬੰਧੀ ਕਿਸੇ ਵੀ ਸ਼ਿਕਾਇਤ ਲਈ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾ ਦੱਸਿਆ ਕਿ 111 ਰਾਜਪੁਰਾ ਅਤੇ 113 ਘਨੌਰ ਹਲਕੇ ਲਈ 2002 ਬੈਚ ਦੇ ਆਈ.ਏ. ਐਸ. ਅਧਿਕਾਰੀ ਸ਼੍ਰੀ ਸ਼ਮੀਰ ਵਰਮਾ ਆਬਜਰਵਰ ਹੋਣਗੇ ਅਤੇ ਉਹਨਾਂ ਨਾਲ ਮੋਬਾਇਲ ਨੰਬਰ 94641-25649 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਦਕਿ 114 ਸਨੌਰ ਅਤੇ 115 ਪਟਿਆਲਾ (ਸ਼ਹਿਰੀ) ਦਾ ਆਬਜਰਵਰ 1998 ਬੈਚ ਦੇ ਆਈ.ਏ.ਐਸ. ਅਧਿਕਾਰੀ ਸ਼੍ਰੀ ਐਸ.ਕੇ. ਵਸ਼ਿਸ਼ਟ ਨੂੰ ਲਗਾਇਆ ਗਿਆ ਹੈ। ਜਿਹਨਾਂ ਦਾ ਸੰਪਰਕ ਨੰਬਰ 94641-25763 ਹੈ।
ਵਿਧਾਨ ਸਭਾ ਹਲਕਾ 116 ਸਮਾਣਾ ਤੇ 117 ਸ਼ਤਰਾਣਾ ਲਈ 2002 ਬੈਚ ਦੇ ਆਈ.ਏ.ਐਸ. ਅਧਿਕਾਰੀ ਸ਼੍ਰੀ ਜੈ ਪ੍ਰਕਾਸ਼ ਸਾਗਰ ਆਬਜਰਵਰ ਲਗਾਏ ਗਏ ਹਨ, ਇਹਨਾਂ ਦਾ ਸੰਪਰਕ ਨੰਬਰ 94641-25956 ਹੈ। 1997 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸ਼੍ਰੀ ਗਰੀਬ ਦਾਸ ਨੂੰ ਚੋਣ ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਸਾਰੇ ਹਲਕਿਆਂ ਲਈ ਪੁਲਿਸ ਆਬਜਰਵਰ ਤਾਇਨਾਤ ਕੀਤਾ ਗਿਆ ਹੈ। ਜਿਹਨਾਂ ਨਾਲ ਅਮਨ ਤੇ ਕਾਨੂੰਨ ਦੀ ਵਿਵਸਥਾ ਸਬੰਧੀ ਕਿਸੇ ਵੀ ਸ਼ਿਕਾਇਤ ਬਾਰੇ ਉਹਨਾਂ ਦੇ ਮੋਬਾਇਲ ਨੰਬਰ 94641-25976 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚੋਣਾਂ ਦੌਰਾਨ ਉਮਦੀਵਾਰ ਦੇ ਖਰਚਿਆਂ ‘ਤੇ ਵਿੱਤੀ ਮਾਮਲਿਆਂ ‘ਤੇ ਨਜ਼ਰ ਰੱਖਣ ਲਈ ਪਟਿਆਲਾ ਜ਼ਿਲ੍ਹੇ ਵਿੱਚ 3 ਖਰਚਾ ਆਬਜਰਵਰ ਵੀ ਤਾਇਨਾਤ ਕੀਤੇ ਹਨ, ਉਹਨਾਂ ਵਿੱਚ 2005 ਬੈਚ ਦੇ ਆਈ.ਆਰ.ਐਸ. ਅਧਿਕਾਰੀ ਸ਼੍ਰੀ ਡੀ.ਐਸ.ਮੀਨਾ 109 ਨਾਭਾ, 110 ਪਟਿਆਲਾ ਦਿਹਾਤੀ ਤੇ 115 ਪਟਿਆਲਾ ਸ਼ਹਿਰੀ ‘ਤੇ ਨਜ਼ਰ ਰੱਖਣਗੇ ਅਤੇ ਉਹਨਾਂ ਨਾਲ ਮੋਬਾਇਲ ਨੰਬਰ 94641-26354 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। 111 ਰਾਜਪੁਰਾ ਤੇ 113 ਘਨੌਰ ਹਲਕੇ ਲਈ 2005 ਬੈਚ ਦੇ ਆਈ.ਆਰ.ਐਸ. ਅਧਿਕਾਰੀ ਸ਼੍ਰੀ ਅਵੀਰਾਮਾ ਕਾਰਤੀਕੇਨ ਨੂੰ ਖਰਚਾ ਆਬਜਰਵਰ ਲਗਾਇਆ ਗਿਆ ਹੈ। ਜਿਹਨਾਂ ਨਾਲ ਮੋਬਾਇਲ ਨੰਬਰ 94641-26374 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ 114 ਸਨੌਰ, 116 ਸਮਾਣਾ ਤੇ 117 ਸ਼ਤਰਾਣਾ ਵਿਧਾਨ ਸਭਾ ਹਲਕੇ ਲਈ 2008 ਬੈਚ ਦੇ ਇੰਡੀਅਨ ਆਡਿਟ ਅਕਾਂਊਟ ਸਰਵਿਸ ਅਧਿਕਾਰੀ ਸ਼੍ਰੀ ਏ.ਕੇ ਜੋਸ਼ੀ ਨੂੰ ਖਰਚਾ ਆਬਜਰਵਰ ਲਗਾਇਆ ਗਿਆ ਹੈ, ਜਿਹਨਾਂ ਨਾਲ ਮੋਬਾਇਲ ਨੰਬਰ 94641-26359 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਆਬਜਰਵਾਰਾਂ ਦੇ ਇਹਨਾਂ ਨੰਬਰਾਂ ‘ਤੇ ਵਟਸਐਪ ਰਾਹੀ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਨਾਲ ਹੀ ਉਹਨਾਂ ਕਿਹਾ ਕਿ ਮਿੰਨੀ ਸਕੱਤਰੇਤ ਵਿਖੇ ਬਣਾਏ ਗਏ ਸ਼ਿਕਾਇਤ ਸੈਲ ਦੇ ਨੰਬਰ 1800-180-2811 ‘ਤੇ ਵੀ ਸ਼ਿਕਾਇਤ ਦਰਜ਼ ਕਰਵਾਈ ਜਾ ਸਕਦੀ ਹੈ ਅਤੇ ਜੇਕਰ ਕੋਈ ਚਾਹਵੇ ਤਾਂ ਵੱਾਟਸਐਪ ਨੰਬਰ 9988696977 ‘ਤੇ ਸ਼ਿਕਾਇਤ ਭੇਜ ਸਕਦਾ ਹੈ। ਇਸ ਮੌਕੇ ਚੋਣ ਆਬਜਰਵਰ ਅਤੇ ਉਮੀਦਵਾਰਾਂ ਦੀ ਮੌਜੂਦਗੀ ਵਿੱਚ ਵੋਟਿੰਗ ਮਸ਼ੀਨਾਂ ਦੀ ਰੈਂਡਮਆਈਜੇਸ਼ਨ ਕੀਤੀ ਗਈ।
ਮੀਟਿੰਗ ਵਿੱਚ ਹਾਜਰ ਆਬਜਰਵਰਾਂ ਵਿੱਚ ਸ਼੍ਰੀ ਐਸ.ਕੇ. ਵਸ਼ਿਸ਼ਟ ਆਈ.ਏ.ਐਸ, ਸ਼੍ਰੀ ਜੈ ਪ੍ਰਕਾਸ਼ ਸਾਗਰ ਆਈ.ਏ.ਐਸ., ਸ਼੍ਰੀ ਸੋਰਬ ਬਾਬੂ ਆਈ.ਏ.ਐਸ., ਆਈ.ਪੀ.ਐਸ. ਅਧਿਕਾਰੀ ਸ਼੍ਰੀ ਗਰੀਬ ਦਾਸ, ਆਈ.ਆਰ.ਐਸ. ਅਧਿਕਾਰੀ ਸ਼੍ਰੀ ਡੀ.ਐਸ.ਮੀਨਾ, ਆਈ.ਆਰ.ਐਸ. ਅਧਿਕਾਰੀ ਸ਼੍ਰੀ ਅਵੀਰਾਮਾ ਕਾਰਤੀਕੇਨ, ਸ਼੍ਰੀ ਏ.ਕੇ ਜੋਸ਼ੀ, ਸ਼੍ਰੀ ਸਮੀਰ ਵਰਮਾ (ਦੋਵੇਂ ਆਈ.ਏ.ਐਸ.) ਤੋਂ ਇਲਾਵਾ ਸ਼੍ਰੀ ਰਾਮਵੀਰ ਸਿੰਘ ਜ਼ਿਲ੍ਹਾ ਚੋਣ ਅਫ਼ਸਰ, ਸ਼੍ਰੀ ਐਸ. ਭੂਪਤੀ ਐਸ.ਐਸ.ਪੀ. ਪਟਿਆਲਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਸੰਦੀਪ ਹੰਸ, ਸਹਾਇਕ ਕਮਿਸ਼ਨਰ ਸਿਖਲਾਈ ਸ਼੍ਰੀ ਸੰਦੀਪ ਕੁਮਾਰ ਆਈ.ਏ.ਐਸ., ਸਹਾਇਕ ਕਮਿਸ਼ਨਰ ਸ਼੍ਰੀ ਸੂਬਾ ਸਿੰਘ ਅਤੇ ਰਿਟਰਨਿੰਗ ਅਧਿਕਾਰੀ ਵਿੱਚ ਸ਼੍ਰੀ ਹਰਪ੍ਰੀਤ ਸੂਦਨ ਆਈ. ਏ.ਐਸ., ਸ਼੍ਰੀ ਵਿਮਲ ਕੁਮਾਰ ਸੇਤੀਆ ਪੀ.ਸੀ.ਐਸ., ਸ਼੍ਰੀ ਅਮਰੇਸਵਰ ਸਿੰਘ ਪੀ.ਸੀ.ਐਸ., ਸ਼੍ਰੀ ਸੰਦੀਪ ਰਿਸ਼ੀ ਪੀ.ਸੀ.ਐਸ., ਸ਼੍ਰੀ ਦੀਪਕ ਭਾਟੀਆ ਪੀ.ਸੀ.ਐਸ., ਸ਼੍ਰੀਮਤੀ ਪੂਜਾ ਸਿਆਲ ਪੀ.ਸੀ.ਐਸ., ਸ਼੍ਰੀਮਤੀ ਜਸ਼ਨਪ੍ਰੀਤ ਕੌਰ ਪੀ.ਸੀ.ਐਸ, ਸ਼੍ਰੀਮਤੀ ਅਨੀਤਾ ਦਰਸ਼ੀ ਪੀ.ਸੀ.ਐਸ ਵੀ ਮੌਜੂਦ ਸਨ। ਮੀਟਿੰਗ ਵਿੱਚ ਵੱਖ-ਵੱਖ ਰਾਜਸੀ ਪਾਰਟੀਆਂ ਦੇ ਉਮੀਦਵਾਰ ਅਤੇ ਉਹਨਾਂ ਦੇ ਨੁਮਾਇੰਦੇ ਵੀ ਹਾਜਰ ਸਨ।

