ਪੰਜਾਬਪਟਿਆਲਾ

ਨਵਜੋਤ ਸਿੰਘ ਸਿੱਧੂ ਕਾਂਗਰਸ ਬਾਰੇ ਮੁੜ ਵਿਚਾਰਨ – ਡਾ. ਗਾਂਧੀ

ਪਟਿਆਲਾ 23 ਜਨਵਰੀ (ਮਧੂਸਾਰ ਬਿਊਰੋ)
ਹਾਲ ਹੀ ਵਿੱਚ ਕਾਂਗਰਸ ਵਿਚ ਸ਼ਾਮਿਲ ਹੋਏ ਸ੍ਰੀ ਨਵਜੋਤ ਸਿੰਘ ਸਿੱਧੂ ਵੱਲੋਂ ਸਿੱਖਾਂ ਦੀ ਦਿੱਲੀ ਵਿਚ 1984 ਦੀ ਨਸਲਕੁਸ਼ੀ ਬਾਬਤ ਦਿੱਤੇ ਇਸ ਬਿਆਨ ਦੀ ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਘੋਰ ਨਿਖੇਧੀ ਕੀਤੀ, ਕਿ ਇਹ ‘ਆਵਾਜ-ਏ-ਪੰਜਾਬ’ ਨਹੀ ਕਿਸੇ ਹੋਰ ਬਾਂਸ ਦੀ ਬੰਸਰੀ ਹੈ।

ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰ ਦੇ ਸਵਾਲ ਦੇ ਜੁਆਬ ਵਿਚ ਸ੍ਰੀ ਸਿੱਧੂ ਨੇ ਕਿਹਾ ਸੀ, ”ਕਿ ਉਹ ਖੁਦ ਉਸ ਗੱਡੀ ਵਿਚ ਸਨ ਜਿੱਥੇ ਕਤਲੇਆਮ ਹੋਇਆ ਅਤੇ ਉਹ ਉਸ ਦੀ ਸਖ਼ਤ ਨਿੰਦਾ ਕਰਦੇ ਹਨ” ਉੱਪਰ ਟਿੱਪਣੀ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਅੱਜ ਕੇਵਲ ਨਿੰਦਾ ਕਰਕੇ ਛੱਡ ਦੇਣਾ ਕਾਫੀ ਨਹੀਂ ਕਿਉਂਕਿ 32 ਸਾਲ ਦੇ ਅਰਸੇ ਵਿਚ ‘ਜਮਹੂਰੀ ਭਾਰਤ’ ਅੰਦਰ ਇਨਸਾਫ਼ ਨਹੀਂ ਹੋਇਆ, ਅਤੇ ਸ੍ਰੀ ਨਵਜੋਤ ਸਿੰਘ ਸਿੱਧੂ ਦੇ ਦਾਅਵੇ ਕਿ ”ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪਾਰਲੀਮੈਂਟ ਅੰਦਰ ਇਸ ਦੀ ਮੁਆਫ਼ੀ ਮੰਗ ਲਈ ਹੈ” ਨਾਲ ਮਸਲਾ ਮੁੱਕ ਨਹੀਂ ਗਿਆ ਕਿਉਂਕਿ ਦੋਸ਼ੀ ਅਜੇ ਵੀ ਆਜ਼ਾਦ ਘੁੰਮ ਰਹੇ ਹਨ ਅਤੇ ਜਖ਼ਮ ਅਜੇ ਵੀ ਹਰੇ ਹਨ। ਡਾ. ਗਾਂਧੀ ਨੇ ਸਿੱਖਾਂ ਦੀ ਨਸਲਕਸ਼ੀ ਨੂੰ ਭਾਰਤੀ ਜਮਹੂਰੀਅਤ ਦੇ ਮੱਥੇ ਉੱਤੇ ਇਕ ਬਦਨੁਮਾ ਦਾਗ ਦੱਸਦੇ ਹੋਏ ਕਾਂਗਰਸ ਪਾਰਟੀ ਵੱਲੋਂ ਇਸ ਉੱਪਰ ਮਿੱਟੀ ਪਾਉਣ ਅਤੇ ਭੁੱਲ ਜਾਣ ਨੂੰ ਇੱਕ ਬੁਜਦਿਲਾਨਾ ਕੋਸ਼ਿਸ਼ ਦੱਸਿਆ ਅਤੇ ਘੱਟੋ-ਘੱਟ ਭਾਰਤੀ ਪਾਰਲੀਮੈਂਟ ਵਿਚ ਇੱਕ ਨਿਖੇਧੀ ਮਤਾ ਲਿਆਉਣ ਦੀ ਮੰਗ ਕੀਤੀ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਖ਼ਤਮ ਕਰਨ ਦੇ ਮਨਸ਼ੇ ਨਾਲ ਫਿਰਕੂ ਵੰਡੀਆਂ ਪਾ ਕੇ, ਹਿੰਦੂਆਂ ਦੇ ਕਤਲਾਂ, ਸਾਕਾ ਨੀਲਾ ਤਾਰਾ ਅਤੇ ਹਜ਼ਾਰਾ ਸਿੱਖ ਨੌਜ਼ੁਆਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਕੀਤੇ ਕਤਲਾਂ ਨੂੰ ਦਬਾਉਣ ਦੀ ਬਜਾਏ, ਭਾਰਤੀ ਪਾਰਲੀਮੈਂਟ ”ਸੱਚ, ਇਨਸਾਫ ਅਤੇ ਮੁੜ ਭਰੋਸਗੀ ਕਮਿਸ਼ਨ” ਇਕ ਐਕਟ ਰਾਹੀਂ ਪਾਸ ਕਰਕੇ ਸਥਾਪਤ ਕਰੇ ਤਾਂ ਕਿ ਪੰਜਾਬ ਦੇ ਸੰਤਾਪ ਦੀ ਹਰ ਸਚਾਈ ਖੋਲ੍ਹ ਕੇ ਸਾਹਮਣੇ ਲਿਆਂਦੀ ਜਾ ਸਕੇ, ਡਰ-ਭਓ ਦਾ ਮਾਹੌਲ ਖ਼ਤਮ ਕੀਤਾ ਜਾ ਸਕੇ, ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾ ਸਕਣ ਅਤੇ ਫਿਰਕਿਆਂ, ਜਾਤਾਂ ਅਤੇ ਲੋਕਾਂ ਦਰਮਿਆਨ ਆਪਸੀ ਵਿਸ਼ਵਾਸ ਮੁੜ ਜਗਾਇਆ ਜਾ ਸਕੇ।
ਮੈਂਬਰ ਪਾਰਲੀਮੈਂਟ ਨੇ ਇਹ ਵੀ ਕਿਹਾ ਕਿ ਬੀ.ਜੇ.ਪੀ. ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਅਤੇ ਖਾਸ ਕਰਕੇ ਸਿੱਖ ਘੱਟ ਗਿਣਤੀ ਦੇ ਇਸ ਸੰਤਾਪ ਉਪਰ ਮਿੱਟੀ ਪਾਉਣ ਦੀ ਕਾਂਗਰਸ ਦੀ ਸਾਜ਼ਿਸ਼ ਵਿਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਬੀ.ਜੇ.ਪੀ. ਅਤੇ ਬਾਦਲ ਸਿੱਖ ਨਸਲਕੁਸ਼ੀ ਦਾ ਜ਼ਿਕਰ ਕਰਕੇ ਸਿਆਸੀ ਫਾਇਦਾ ਲੈਂਦੇ ਰਹਿੰਦੇ ਹਨ ਪਰ ਸਿੱਖਾਂ ਨੂੰ ਸੱਚ ਉੱਪਰ ਅਧਾਰਿਤ ਇਨਸਾਫ ਅਤੇ ਹੱਕ ਦੁਆਉਣ ਤੋਂ ਕੰਨੀ ਕਤਰਾ ਜਾਂਦੇ ਹਨ ਅਤੇ ਇਸ ਤਰ੍ਹਾਂ ‘ਮਿੱਟੀ ਪਾਉਣ’ ਦੀ ਸਾਜਿਸ਼ ਵਿਚ ਭਾਈਵਾਲ ਹਨ।
ਡਾ. ਧਰਮਵੀਰ ਨੇ ਅੱਗੇ ਕਿਹਾ ਕਿ ਨਵੀਂ ਆਈ ਆਮ ਆਦਮੀ ਪਾਰਟੀ ਨੇ ਬੇਸ਼ੱਕ ਦਿੱਲੀ ਦੰਗਿਆਂ ‘ਤੇ ਐਸ.ਆਈ.ਟੀ. ਬਣਾ ਕੇ ਸਿੱਖ ਵੋਟਰਾਂ ਨੂੰ ਭਰਮਾਉਣ ਅਤੇ ਵਰਗਲਾਉਣ ਦਾ ਕੰਮ ਹੀ ਕੀਤਾ ਹੈ ਪਰ ਸੱਚ, ਇਨਸਾਫ ਲਈ ਨੀਅਤ ਇਸਦੇ ਬਦਨੀਅਤ ਹੀ ਹੈ। ਉਲਟਾ ਪਾਰਟੀ ਦਾ ਕੇਂਦਰਵਾਦੀ ਕਿਰਦਾਰ ਉਜਾਗਰ ਹੋ ਚੁੱਕਾ ਹੈ ਅਤੇ ਇਸ ਦਾ ਪਾਰਟੀ ਅੰਦਰ, ਤਾਨਾਸ਼ਾਹੀ ਰਵੱਈਆ ਭਾਰਤ ਨੂੰ ਇੱਕ ਫੈਡਰਲ ਦੇਸ਼ ਬਣਾਉਣ ਅਤੇ ਅਨੇਕਤਾ ਦੇ ਲੋੜਾਂ ਦੀ ਸਿਧਾਂਤ ਦੇ ਜਾਹਰਾ ਵਿਰੋਧ ਵਾਲਾ ਚਿਹਰਾ ਜੱਗ ਉਜਾਗਰ ਹੋ ਚੁੱਕਿਆ ਹੈ।
ਅੰਤ ਵਿਚ ਡਾ. ਧਰਮਵੀਰ ਗਾਂਧੀ ਨੇ ਸ੍ਰੀ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੇ ਪੰਜਾਬ ਦੋਖੀ ਕਿਰਦਾਰ ਦੀ ਸਹੀ ਸਹੀ ਸ਼ਨਾਖਤ ਕਰਨ ਅਤੇ ਪੰਜਾਬ ਦੇ ਹੱਕਾਂ ਅਤੇ ਸਿੱਖ ਘੱਟ ਗਿਣਤੀ ਵਾਸਤੇ ਇਨਸਾਫ ਲਈ ਭਾਰਤ ਦੀ ਪਾਰਲੀਮੈਂਟ ਵਿਚ 1984 ਦੀ ਕਸਲਕੁਸ਼ੀ ਵਿਰੁੱਧ ਨਿਖੇਧੀ ਅਤੇ ”ਸੱਚ, ਇਨਸਾਫ ਅਤੇ ਮੁੜ ਭਰੋਸਗੀ” ਕਮਿਸ਼ਨ ਦੀ ਮੰਗ ਲਈ ਅੱਗੇ ਆਉਣ।

Leave a Reply

Your email address will not be published. Required fields are marked *