ਪੰਜਾਬਪਟਿਆਲਾ

ਸਮਾਣਾ ਦੇ ਵੋਟਰਾਂ ਸਦਕਾ ਹੀ ਮੈਂ ਅਕਾਲੀ ਸਰਕਾਰ ਵਿਚ ਮੁੱਖ ਸੇਵਾਦਾਰ ਬਣਿਆਂ : ਸੁਰਜੀਤ ਰੱਖੜਾ

-ਹਲਕਾ ਸਮਾਣਾ ਦੀ ਸੇਵਾ ਰੱਖੜਾ ਭਰਾਵਾਂ ਦਾ ਮੁੱਢਲਾ ਫਰਜ਼ : ਚਰਨਜੀਤ ਰੱਖੜਾ
ਪਟਿਆਲਾ, 23 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਵਿਧਾਨ ਸਭਾ ਹਲਕਾ ਸਮਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ. ਸੁਰਜੀਤ ਸਿੰਘ ਰੱਖੜਾ ਨੇ ਹਲਕਾ ਸਮਾਣਾ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਦੇ ਵਸਨੀਕਾਂ ਵਲੋਂ ਰੱਖੇ ਗਏ ਉਹਨਾਂ ਦੇ ਸਨਮਾਨ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਵਿਧਾਨ ਸਭਾ ਹਲਕਾ ਸਮਾਣਾ ਦੇ ਵਸਨੀਕਾਂ ਨੇ ਉਹਨਾਂ ਨੂੰ ਜਿਤਾ ਕੇ ਕੈਬਨਿਟ ਮੰਤਰੀ-ਕਮ-ਮੁੱਖ ਸੇਵਾਦਾਰ ਬਣਾਇਆ ਸੀ ਤੇ ਕੈਬਨਿਟ ਵਿਚ ਭੇਜਿਆ ਸੀ ਤੇ ਹੁਣ ਵੀ ਹਲਕਾ ਸਮਾਣਾ ਦੇ ਲੋਕ ਵੱਡੀ ਲੀਡ ਨਾਲ ਉਹਨਾਂ ਨੂੰ ਜਿੱਤ ਦੁਆ ਕੇ ਸੇਵਾ ਦਾ ਮੌਕਾ ਜਾਰੀ ਰੱਖਣਗੇ।

ਉਹਨਾਂ ਕਿਹਾ ਕਿ ਪਿਛਲੀ ਵਾਰ ਦੀ ਜਿੱਤ ਤੋਂ ਬਾਅਦ ਹਲਕਾ ਸਮਾਣਾ ਜਿਥੇ ਮੇਰਾ ਆਪਣਾ ਹਲਕਾ ਬਣਿਆਂ, ਉਥੇ ਸਵੇਰ ਤੋਂ ਲੈ ਕੇ ਰਾਤ ਤੱਕ ਹਰ ਵੇਲੇ ਸਮਾਣਾ ਹਲਕੇ ਦੀ ਸੇਵਾ ਵਿਚ ਹਾਜ਼ਰ ਰਿਹਾ ਗਿਆ ਤਾਂ ਕਿ ਮੇਰੇ ਹਲਕੇ ਦੇ ਵਸਨੀਕਾ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਤੇ ਜਿਸ ਦਾ ਹੀ ਨਤੀਜਾ ਹੈ ਕਿ ਅੱਜ ਹਲਕਾ ਸਮਾਣਾ ਦੀ ਨੁਹਾਰ ਬਦਲੀ ਪਈ ਹੈ ਤੇ ਹਲਕਾ ਸਮਾਣਾ ਮੋਹਰੀ ਹਲਕਿਆਂ ਵਿਚੋਂ ਇਕ ਹਲਕੇ ਵਜੋਂ ਜਾਣਿਆਂ ਜਾਂਦਾ ਹੈ। ਸ. ਰੱਖੜਾ ਨੇ ਕਿਹਾ ਕਿ ਉਹਨਾਂ ਵਲੋਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਕੇ ਹਲਕਾ ਸਮਾਣਾ ਲਈ ਵਿਸ਼ੇਸ਼ ਤੌਰ ‘ਤੇ ਵਪਾਰਕ ਇਕਾਈਆਂ ਦੇ ਨਾਲ-ਨਾਲ ਵੱਡੇ ਪ੍ਰਾਜੈਕਟ ਲਿਆਂਦੇ ਜਾਣਗੇ ਤੇ ਖਾਸ ਕਰਕੇ ਭੂਮੀਗਤ ਪਾਣੀ ਦੇ ਪੱਧਰ ਨੂੰ ਉਪਰ ਚੁੱਕਣ ਲਈ ਵਿਸ਼ੇਸ਼ ਸਕੀਮ ਭੂਮੀ ਰੱਖਿਆ ਜਲ ਸੰਭਾਲ ਵਿਭਾਗ ਦੇ ਨਾਲ ਮਿਲ ਕੇ ਚਲਾਈ ਜਾਵੇਗੀ ਕਿ ਕਿਉਂਕਿ ਪਾਣੀ ਇਕ ਬਹੁਤ ਹੀ ਬੇਸ਼ਕੀਮਤੀ ਸਰੋਤ ਹੈ ਤੇ ਇਸਨੂੰ ਕਿਸੇ ਵੀ ਹਾਲ ਵਿਚ ਖਤਮ ਨਹੀਂ ਹੋਣਾ ਦਿੱਤਾ ਜਾਵੇਗਾ।
ਅਕਾਲੀ ਉਮੀਦਵਾਰ ਸ. ਸੁਰਜੀਤ ਸਿੰਘ ਰੱਖੜਾ ਦੀ ਚੋਣ ਮੁਹਿੰਮ ਨੂੰ ਸਿਖਰਾਂ ‘ਤੇ ਪਹੁੰਚਾਉਣ ਅਤੇ ਵਿਦੇਸ਼ ਤੋਂ ਕਾਫੀ ਸਮੇਂ ਤੋਂ ਪਟਿਆਲਾ ਆ ਕੇ ਹਲਕਾ ਸਮਾਣਾ ਦੇ ਕੰਮਾਂ ਦੀ ਰੂਪਰੇਖਾ ਤਿਆਰ ਕਰਨ ਵਿਚ ਲੱਗੇ ਸ. ਰੱਖੜਾ ਦੇ ਭਰਾ ਸ. ਚਰਨਜੀਤ ਸਿੰਘ ਰੱਖੜਾ ਨੇ ਆਖਿਆ ਕਿ ਸੁਰਜੀਤ ਸਿੰਘ ਰੱਖੜਾ ਦੇ ਹਰ ਕਦਮ ਨਾਲ ਉਹ ਕਦਮ ਮਿਲਾ ਕੇ ਚੱਲਣ ਲਈ ਤਿਆਰ-ਬਰ-ਤਿਆਰ ਹਨ ਤੇ ਵਿਧਾਨ ਸਭਾ ਚੋਣਾ ਵਿਚ ਵੀ ਉਹ ਹਰ ਹਲਕਾ ਵਸਨੀਕ ਦੀਆਂ ਉਮੀਦਾਂ ‘ਤੇ ਖਰੇ ਉਤਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸ. ਚਰਨਜੀਤ ਰੱਖੜਾ ਨੇ ਕਿਹਾ ਕਿ ਸਮਾਣਾ ਦੇ ਸ਼ਹਿਰੀ ਖੇਤਰ ਵਿਚ ਵੱਡੀ ਗਿਣਤੀ ਵਿਚ ਸ਼ੈਲਰ ਉਦਯੋਗ ਜੋ ਕਾਫੀ ਦਹਾਕਿਆਂ ਤੋਂ ਚੱਲ ਰਿਹਾ ਹੈ ਦੇ ਲਈ ਵੀ ਵਿਸ਼ੇਸ਼ ਨੀਤੀ ਸ਼ੈਲਰ ਉਦਯੋਗਪਤੀਆਂ ਦੀ ਸਲਾਹ ਨਾਲ ਲਿਆ ਕੇ ਇਸ ਕਾਰੋਬਾਰ ਨੂੰ ਹੋਰ ਮੁਨਾਫੇ ਵੱਲ ਲਿਆਂਦਾ ਜਾਵੇਗਾ ਤੇ ਜੋ ਰਿਆਇਤਾਂ ਸ਼ੈਲਰ ਉਦਯੋਗ ਨੂੰ ਚਾਹੀਦੀਆਂ ਹਨ ਨੂੰ ਵੀ ਕੇਂਦਰ ਵਿਚ ਬੈਠੀ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ਸਰਕਾਰ ਤੋਂ ਲਿਆ ਕੇ ਦਿੱਤੀਆਂ ਜਾਣਗੀਆਂ। ਇਸ ਮੌਕੇ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਚੇਅਰਮੈਨ ਭੁਪਿੰਦਰ ਸਿੰਘ ਡਕਾਲਾ, ਚੇਅਰਮੈਨ ਮਲਕੀਤ ਸਿੰਘ ਡਕਾਲਾ, ਚੇਅਰਮੈਨ ਹਰਜਿੰਦਰ ਸਿੰਘ ਬੱਲ, ਜਥੇ. ਪਵਿੱਤਰ ਸਿੰਘ ਡਕਾਲਾ, ਜਥੇ. ਕਰਮ ਸਿੰਘ ਬਠੋਈ, ਗੋਸਾ ਢੀਂਡਸਾ ਸਰਪੰਚ, ਸੁੱਖੀ ਦੁੱਧੜ, ਨੈਬ ਸਿੰਘ ਡਕਾਲਾ, ਹਰਦੀਪ ਸਿੰਘ ਡਕਾਲਾ ਅਤੇ ਹੋਰ ਵੀ ਨੇਤਾ ਹਾਜ਼ਰ ਸਨ।

Leave a Reply

Your email address will not be published. Required fields are marked *