ਪੰਜਾਬੀ ਕਦੇ ਵੀ ਇੱਕ ਸ਼ਰਾਬੀ-ਕਬਾਬੀ ਨੂੰ ਮੁੱਖ ਮੰਤਰੀ ਬਣਨ ਦੀ ਆਗਿਆ ਨਹੀਂ ਦੇਣਗੇ: ਸੁਖਬੀਰ ਬਾਦਲ
ਲੋਕਾਂ ਨੂੰ ਪੁੱਛਿਆ ਕਿ ਕੀ ਉਹਨਾਂ ਨੂੰ ਅਮਰਿੰਦਰ ਵੱਲੋਂ ਕਿਸਾਨਾਂ,ਵਪਾਰੀਆਂ ਜਾਂ ਮਜ਼ਦੂਰਾਂ ਲਈ ਕੀਤਾ ਕੋਈ ਇੱਕ ਵੀ ਕੰਮ ਯਾਦ ਹੈ?
ਬੱਸੀ ਪਠਾਣਾਂ/ਫਤਿਹਗੜ੍ਹ ਸਾਹਿਬ/ ਅਮਲੋਹ/ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਵਰਗੇ ਸ਼ਰਾਬੀ-ਕਬਾਬੀ ਨੂੰ ਕਦੇ ਵੀ ਸੂਬੇ ਦਾ ਮੁੱਖ ਮੰਤਰੀ ਬਣਨ ਦੀ ਆਗਿਆ ਨਹੀਂ ਦੇਣਗੇ।
ਵਿਧਾਨ ਸਭਾ ਹਲਕਾ ਬੱਸੀ ਪਠਾਣਾਂ, ਫਤਿਹਗੜ੍ਹ ਸਾਹਿਬ ਅਤੇ ਅਮਲੋਹ ਵਿਖੇ ਕ੍ਰਮਵਾਰ ਦੇ ਪਾਰਟੀ ਦੇ ਉਮੀਦਵਾਰਾਂ ਡੀਐਸ ਗੁਰੂ, ਦੀਦਾਰ ਸਿੰਘ ਭੱਟੀ ਅਤੇ ਗੁਰਪ੍ਰੀਤ ਸਿੰਘ ਰਾਜੂਖੰਨਾ ਦੇ ਹੱਕ ਵਿਚ ਕੀਤੀਆਂ ਜਨਤਕ ਮੀਟਿੰਗਾਂ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਪੁੱਿਛਆ ਕਿ ਕੀ ਅਮਰਿੰਦਰ ਨੇ ਕਦੇ ਵੀ ਸ੍ਰੀ ਦਰਬਾਰ ਸਾਹਿਬ ਦੇ ਗਲਿਆਰਿਆਂ ਦਾ ਸੁੰਦਰੀਕਰਨ ਕਰਨਾ ਸੀ ਜਾਂ ਰਾਮ ਤੀਰਥ ਜਾਂ ਇੱਥੋਂ ਤਕ ਛੋਟਾ ਵੱਡਾ ਘੱਲੂਘਾਰਾ ਜਾਂ ਵਿਰਾਸਤ-ਏ-ਖਾਲਸਾ ਵਰਗੀਆਂ ਯਾਦਗਾਰਾਂ ਬਣਵਾਉਣੀਆਂ ਸਨ? ਤੁਸੀਂ ਉਸ ਤੋਂ ਅਜਿਹੇ ਕੰਮਾਂ ਦੀ ਉਮੀਦ ਨਹੀਂ ਕਰ ਸਕਦੇ। ਉਹ ਭਾਈਚਾਰੇ ਜਾਂ ਤੁਹਾਡੇ ਲਈ ਕੰਮ ਕਰਨ ਦੀ ਥਾਂ ਸੂਰਜ ਡੁੱਬਦੇ ਹੀ ਮੌਜ ਮਸਤੀ ਕਰਨ ਵਿਚ ਵੱਧ ਦਿਲਚਸਪੀ ਰੱਖਦਾ ਹੈ।
ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਇਸ ਤੋਂ ਇਲਾਵਾ ਅਮਰਿੰਦਰ ਵਰਗਾ ਵਿਅਕਤੀ ਜਿਹੜਾ ਇਹ ਕਹਿ ਰਿਹਾ ਹੈ ਕਿ ਇਹ ਉਸ ਦੀ ਆਖਰੀ ਚੋਣ ਹੈ, ਉਸ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਜਿਹੜੇ ਵਿਅਕਤੀ ਅਜਿਹੀਆਂ ਗੱਲਾਂ ਕਰਦੇ ਹਨ, ਉਹ ਸਿਰਫ ਲੋਕਾਂ ਦੀ ਲੁੱਟ ਖਸੁੱਟ ਕਰਕੇ ਪੈਸੇ ਕਮਾਉਣ ਦੇ ਚੱਕਰ ਵਿਚ ਹੁੰਦੇ ਹਨ, ਕਿਉਂਕਿ ਉਹ ਜਾਣਦੇ ਹੁੰਦੇ ਹਨ ਕਿ ਉਹ ਦੁਬਾਰਾ ਲੋਕਾਂ ਅੱਗੇ ਕਦੇ ਵੀ ਨਹੀਂ ਜਾਣਗੇ।
ਲੋਕਾਂ ਨੂੰ ‘ਅਹੰਕਾਰੀ ਰਾਜੇ’ਨੂੰ ਕਦੇ ਨਾ ਭੁੱਲਣ ਵਾਲਾ ਸਬਕ ਸਿਖਾਉਣ ਦੀ ਅਪੀਲ ਕਰਦੇ ਹੋਏ ਸ਼ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਹਾਰ ਨਾਲ ਇਸ ਪਾਰਟੀ ਦਾ ਪੰਜਾਬ ਵਿਚੋਂ ਹਮੇਸ਼ਾਂ ਲਈ ਖਾਤਮਾ ਹੋ ਜਾਵੇਗਾ। ਪੂਰੇ ਦੇਸ਼ ਵਿਚ ਇਹੀ ਰੁਝਾਣ ਹੈ। ਜਿਹੜੇ ਵੀ ਸੂਬੇ ਵਿਚ ਕਾਂਗਰਸ ਤੀਜੀ ਵਾਰੀ ਹਾਰੀ ਹੈ, ਉੱਥੇ ਇਸ ਦਾ ਸਿਆਸੀ ਵਜੂਦ ਖਤਮ ਹੋ ਜਾਂਦਾ ਹੈ।
ਉਹਨਾਂ ਲੋਕਾਂ ਨੂੰ ਪੁੱਛਿਆ ਕਿ ਕੀ 1ਹਨਾਂ ਨੂੰ ਅਮਰਿੰਦਰ ਦੁਆਰਾ ਕਿਸਾਨਾਂ, ਵਪਾਰੀਆਂ ਜਾਂ ਮਜ਼ਦੂਰਾਂ ਲਈ ਕੀਤਾ ਕੋਈ ਇੱਕ ਵੀ ਕੰਮ ਯਾਦ ਹੈ? ਸ਼ ਬਾਦਲ ਨੇ ਪੁੱਛਿਆ ਕਿ ਅਮਰਿੰਦਰ ਕਿਸਾਨਾਂ ਨੂੰ ਬਾਦਲ ਸਾਹਿਬ ਵੱਲੋ ਦਿੱਤੀਆਂ ਮੁਫਤ ਬਿਜਲੀ ਅਤੇ ਲੋਕ ਭਲਾਈ ਦੀਆਂ ਸਹੂਲਤਾਂ ਖੋਹਣ ਲਈ ਜਾਣਿਆ ਜਾਂਦਾ ਹੈ।
ਲੋਕਾਂ ਨੂੰ ਕੇਂਦਰ ਵੱਲੋਂ ਪੰਜਾਬ ਨਾਲ ਕੀਤੇ ਗਏ ਵਿਤਕਰਿਆਂ ਨੂੰ ਯਾਦ ਰੱਖਣ ਲਈ ਆਖਦੇ ਹੋਏ ਸ਼ ਬਾਦਲ ਨੇ ਕਿਹਾ ਕਿ ਇਸ ਦੇ ਉਲਟ ਐਨਡੀਏ ਸਰਕਾਰ ਨੇ ਸੂਬੇ ਨੂੰ 32000 ਕਰੋੜ ਦੇ ਸੜਕੀ ਪ੍ਰਾਜੈਕਟ ਦੇਣ ਤੋਂ ਇਲਾਵਾ ਏਮਜ਼ ਜਾਂ ਆਈਆਈਐਮ ਵਰਗੀਆਂ ਬਹੁਤ ਸਾਰੀਆਂ ਵੱਕਾਰੀ ਸੰਸਥਾਵਾਂ ਵੀ ਪੰਜਾਬ ਦੀ ਝੋਲੀ ਵਿਚ ਪਾਈਆਂ ਹਨ।
ਸ਼ ਬਾਦਲ ਨੇ ਲੋਕਾਂ ਨੂੰ ਆਪ ਅਤੇ ਅਰਵਿੰਦ ਕੇਜਰੀਵਾਲ ਉੱਤੇ ਭਰੋਸਾ ਕਰਨ ਤੋਂ ਸਾਵਧਾਨ ਕੀਤਾ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਹਰ ਉਸ ਵਿਅਕਤੀ ਨੂੰ ਧੋਖਾ ਦਿੱਤਾ ਹੈ, ਜਿਸ ਨੇ ਵੀ ਉਸ ਦੀ ਮੱੱਦਦ ਕੀਤੀ ਹੈ। ਇਹ ਭਾਵੇਂ ਅੰਨਾ ਹਜ਼ਾਰੇ ਹੋਵੇ ਜਾਂ ਪ੍ਰਸ਼ਾਂਤ ਭੂਸ਼ਣ। ਉਹਨਾਂ ਕਿਹਾ ਕਿ ਕੇਜਰੀਵਾਲ ਇੰਨਾ ਅਸੁਰੱਖਿਅਤ ਮਹਿਸੂਸ ਕਰਦਾ ਸੀ ਕਿ ਉਸ ਨੇ ਪੰਜਾਬ ਵਿਚ ਆਪ ਆਗੂਆਂ ਸੁੱਚਾ ਸਿੰਘ ਛੋਟੇਪੁਰ ਅਤੇ ਭਗਵੰਤ ਮਾਨ ਨੂੰ ਹੀ ਠਿਕਾਣੇ ਲਾ ਦਿੱਤਾ।
ਉਹਨਾਂ ਕਿਹਾ ਕਿ ਹੁਣ ਉਸ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ ਉੱਤੇ ਹੈ। ਜੇਕਰ ਅਜਿਹਾ ਹੋ ਗਿਆ ਤਾਂ ਤੁਹਾਡੀ ਕਣਕ ਅਤੇ ਝੋਨੇ ਦੀ ਫਸਲ ਵਿਕਣੀ ਬੰਦ ਹੋ ਜਾਵੇਗੀ। ਕੇਜਰੀਵਾਲ ਪੰਜਾਬ ਨੂੰ ਨਰਿੰਦਰ ਮੋਦੀ ਵਿਰੁੱਧ ਲੜਾਈ ਵਾਸਤੇ ਜੰਗ ਦੇ ਮੈਦਾਨ ਵਜੋਂ ਇਸਤੇਮਾਲ ਕਰੇਗਾ। ਉਸ ਨੂੰ ਆਪਣੇ ਨਾਪਾਕ ਇਰਾਦਿਆਂ ਵਿਚ ਕਾਮਯਾਬ ਨਾ ਹੋਣ ਦਿਓ।

